ਮਨੀਪੁਰ: ਆਦਿਵਾਸੀ ਮਹਿਲਾਵਾਂ ਵੱਲੋੋਂ ਜੰਤਰ ਮੰਤਰ ’ਤੇ ਪ੍ਰਦਰਸ਼ਨ

ਮਨੀਪੁਰ: ਆਦਿਵਾਸੀ ਮਹਿਲਾਵਾਂ ਵੱਲੋੋਂ ਜੰਤਰ ਮੰਤਰ ’ਤੇ ਪ੍ਰਦਰਸ਼ਨ

ਕੁੱਕੀ-ਜ਼ੋਅ ਭਾਈਚਾਰੇ ਲਈ ਵੱਖਰੇ ਪ੍ਰਸ਼ਾਸਨ ਦੀ ਕੀਤੀ ਮੰਗ
ਨਵੀਂ ਦਿੱਲੀ- ਆਦਿਵਾਸੀ ਮਹਿਲਾਵਾਂ ਦੀ ਫੋਰਮ ਨੇ ਮਨੀਪੁਰ ਵਿਚ ਨਸਲੀ ਹਿੰਸਾ ਖਿਲਾਫ਼ ਅੱਜ ਇਥੇ ਜੰਤਰ-ਮੰਤਰ ’ਤੇ ਧਰਨਾ ਦਿੱਤਾ ਤੇ ਕੁੱਕੀ-ਜ਼ੋਅ ਭਾਈਚਾਰੇ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਕੀਤੀ। ‘ਉਨਾਊ ਟਰਾਈਬਲ ਵਿਮੈੱਨ’ਜ਼ ਫੋਰਮ ਦਿੱਲੀ ਤੇ ਐੱਨਸੀਆਰ’ ਦੀ ਅਗਵਾਈ ਹੇਠ ਇਕੱਤਰ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਉੱਤਰ-ਪੂਰਬੀ ਰਾਜ ਵਿੱਚ ‘ਹਾਲੀਆ ਘਟਨਾਵਾਂ ਤੇ ਵਧਦੀ ਹਿੰਸਾ’ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਰੋਸ ਮੁਜ਼ਾਹਰੇ ਦਾ ਮੁੱਖ ਨਿਸ਼ਾਨਾ ਕੁੱਕੀ-ਜ਼ੋਅ ਆਦਿਵਾਸੀ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਨੂੰ ਮੁਖਾਤਬਿ ਹੋਣ ਲਈ ‘ਵੱਖਰੇ ਪ੍ਰਸ਼ਾਸਨ ਦੀ ਲੋੜ’ ਉੱਤੇ ਜ਼ੋਰ ਦੇਣਾ ਹੈ। ਫੋਰਮ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਵੱਖਰਾ ਪ੍ਰਸ਼ਾਸਨ ਸੂਬੇ ਵਿੱਚ ਅਮਨ ਤੇ ਸਦਭਾਵਨਾ ਦੀ ਬਹਾਲੀ ਵੱਲ ਅਹਿਮ ਪੇਸ਼ਕਦਮੀ ਹੈ। ਸਾਨੂੰ ਪੂਰਾ ਯਕੀਨ ਹੈ ਕਿ ਅਜਿਹੀ ਪਹੁੰਚ ਨਾਲ ਅਸਰਦਾਰ ਸ਼ਾਸਨ ਲਈ ਰਾਹ ਪੱਧਰਾ ਹੋਵੇਗਾ, ਜੋ ਖਿੱਤੇ ਦੇ ਵੱਖ ਵੱਖ ਸਭਿਆਚਾਰ, ਸਮਾਜਿਕ ਤੇ ਇਤਿਹਾਸਕ ਪਹਿਲੂਆਂ ਨੂੰ ਵੀ ਧਿਆਨ ’ਚ ਰੱਖੇਗਾ।’’ ਸਮਾਜਿਕ ਕਾਰਕੁਨ ਗਲੈਡੀ ਵਾਇਫੀ ਨੇ ਦਾਅਵਾ ਕੀਤਾ ਕਿ ਜੇ ਸਰਕਾਰ ਉਨ੍ਹਾਂ ਨੂੰ ਵੱਖਰੇ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਦੇਵੇ ਤਾਂ ਕੁੱਕੀ-ਜ਼ੋਅ ਭਾਈਚਾਰਾ ‘ਸ਼ਾਂਤੀਪੂਰਨ ਜ਼ਿੰਦਗੀ ਜਿਉਂ ਸਕੇਗਾ।’ ਮਹਿਲਾ ਕਾਰਕੁਨ ਨੇ ਕਿਹਾ, ‘‘ਜੇ ਵੱਖਰੇ ਪ੍ਰਸ਼ਾਸਨ ਦੀ ਮਨਜ਼ੂਰੀ ਮਿਲ ਜਾਵੇ ਤਾਂ ਅਸੀਂ ਆਪਣੀ ਜ਼ਿੰਦਗੀ ਤੇ ਘਰਾਂ ਦਾ ਮੁੜ ਨਿਰਮਾਣ ਕਰ ਲਈਏ। ਸਾਡੇ ਬੱਚੇ ਸਕੂਲ ਜਾਣਾ ਸ਼ੁਰੂ ਕਰ ਦੇਣਗੇ ਤੇ ਆਮ ਜ਼ਿੰਦਗੀ ਜਿਉਣਗੇੇ। ਇੰਫਾਲ ਦੀ ‘ਨੋ ਫਲਾਈ’ ਸੂਚੀ ਵਿਚ ਇਕ ਵੀ ਕੁੱਕੀ ਮੁਸਾਫ਼ਰ ਨਹੀਂ ਹੈ।’’ ਇਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਇਸ ਰੋਸ ਮੁਜ਼ਾਹਰੇ ਨੇ ਮਹਿਲਾਵਾਂ ਨੂੰ ਮਨੀਪੁਰ ਆਦਿਵਾਸੀ ਭਾਈਚਾਰੇ ਦੇ ਫ਼ਿਕਰਾਂ ਨੂੰ ਜ਼ਾਹਿਰ ਕਰਨ ਲਈ ਇਕ ਮੰਚ ਮੁਹੱਈਆ ਕੀਤਾ ਹੈ।