ਮਾਉਈ ਦੇ ਜੰਗਲਾਂ ’ਚ ਲੱਗੀ ਅੱਗ ਨਾਲ ਮ੍ਰਿਤਕਾਂ ਦੀ ਗਿਣਤੀ 100 ਤੋਂ ਪਾਰ

ਮਾਉਈ ਦੇ ਜੰਗਲਾਂ ’ਚ ਲੱਗੀ ਅੱਗ ਨਾਲ ਮ੍ਰਿਤਕਾਂ ਦੀ ਗਿਣਤੀ 100 ਤੋਂ ਪਾਰ

ਹਵਾਈ : ਅਮਰੀਕਾ ਦੇ ਹਵਾਈ ਸੂਬੇ ਦੇ ਮਾਉਈ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ। ਬਚਾਅ ਟੀਮਾਂ ਨੇ ਆਸਪਾਸ ਦੇ ਇਲਾਕਿਆਂ ’ਚ ਹੋਰ ਲਾਸ਼ਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 99 ਤੋਂ ਵੱਧ ਕੇ 106 ਹੋ ਗਈ ਹੈ। ਯੂ.ਐੱਸ ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਜ਼ ਨੇ ਮ੍ਰਿਤਕਾਂ ਦੀ ਪਛਾਣ ਕਰਨ ਲਈ ਪੈਥੋਲੋਜਿਸਟ ਅਤੇ ਟੈਕਨੀਸ਼ੀਅਨ ਨੂੰ ਉਪਕਰਣਾਂ ਨਾਲ ਤਾਇਨਾਤ ਕੀਤਾ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਤੇ ਫਸਟ ਲੇਡੀ ਜਿਲ ਬਾਈਡੇਨ ‘ਜਿੰਨੀ ਜਲਦੀ ਹੋ ਸਕੇ’ ਹਵਾਈ ਦਾ ਦੌਰਾ ਕਰਨਗੇ, ਪਰ ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਯਾਤਰਾ ਨਾਲ ਬਚਾਅ ਕਾਰਜਾਂ ਵਿੱਚ ਰੁਕਾਵਟ ਪਵੇ।
ਸਕ ਡਾਊਨਟਾਊਨ ਲਹੈਨਾ ਵਿੱਚ ਅੱਗ ਲੱਗਣ ਤੋਂ ਇੱਕ ਹਫ਼ਤੇ ਬਾਅਦ, ਬਹੁਤ ਸਾਰੇ ਪੀੜਤਾਂ ਨੇ ਵਿਸਥਾਪਿਤ ਸਥਾਨਕ ਲੋਕਾਂ ਲਈ ਖਾਲੀ ਕੀਤੇ ਹੋਟਲ ਦੇ ਕਮਰਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ। ਮਾਉਈ ਕਾਉਂਟੀ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਸੁੰਘਣ ਵਾਲੇ ਕੁੱਤਿਆਂ ਨਾਲ ਲਗਭਗ 32 ਪ੍ਰਤੀਸ਼ਤ ਖੇਤਰ ਦੀ ਖੋਜ ਕੀਤੀ ਹੈ। ਮਾਉਈ ਦੇ ਪੁਲਸ ਮੁਖੀ ਜੌਹਨ ਪੇਲਟੀਅਰ ਅਨੁਸਾਰ ਸਿਰਫ ਤਿੰਨ ਲਾਸ਼ਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਲਾਪਤਾ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਡੀਐਨਏ ਸੈਂਪਲ ਦੇਣ ਦੀ ਅਪੀਲ ਕੀਤੀ। ਰਾਜਪਾਲ ਨੇ ਚੇਤਾਵਨੀ ਦਿੱਤੀ ਕਿ ਸੈਂਕੜੇ ਹੋਰ ਲਾਸ਼ਾਂ ਬਰਾਮਦ ਕੀਤੀਆਂ ਜਾ ਸਕਦੀਆਂ ਹਨ। ਇਹ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਅਮਰੀਕਾ ਵਿੱਚ ਜੰਗਲ ਦੀ ਸਭ ਤੋਂ ਘਾਤਕ ਅੱਗ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਹਵਾਈ ਐਮਰਜੰਸੀ ਮੈਨਜਮੈਂਟ ਏਜੰਸੀ ਦੇ ਬੁਲਾਰੇ ਐਡਮ ਵੀਨਟਰਬ ਨੇ ਕਿਹਾ ਹੈ ਕਿ ਲਾਪਤਾ ਲੋਕਾਂ ਦੀ ਭਾਲ ਤੇ ਬਚਾਅ ਕਾਰਜ ਅਜੇ ਵੀ ਮੁੱਢਲੀ ਚਿੰਤਾ ਹੈ। ਟਾਪੂ ਦੇ ਕਈ ਹਿੱਸਿਆਂ ਵਿਚ ਅੱਗ ਅਜੇ ਵੀ ਸੁਲਗ ਰਹੀ ਹੈ ਜਿਸ ਉਪਰ ਕਾਬੂ ਪਾਉਣ ਦੇ ਯਤਨ ਜਾਰੀ ਹਨ। ਮਾਊਈ ਕਾਊਂਟੀ ਦੇ ਮੇਅਰ ਰਿਚਰਡ ਬਿਸੇਨ ਜੂਨੀਅਰ ਨੇ ਕਿਹਾ ਹੈ ਕਿ ਲਾਸ਼ਾਂ ਦੀ ਭਾਲ ਲਈ ਸਹਾਇਤਾ ਵਜੋਂ ਸੂਹੀਆ ਕੁੱਤਿਆਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਮੌਤਾਂ ਦੀ ਗਿਣਤੀ 1960 ਵਿਚ ਹਵਾਈ ’ਤੇ ਆਈ ਸਭ ਤੋਂ ਵੱਡੀ ਕੁੱਦਰਤੀ ਆਫਤ ਸੁਨਾਮੀ ਵਿਚ ਹੋਈਆਂ ਮੌਤਾਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਉਸ ਸਮੇ 61 ਮੌਤਾਂ ਹੋਈਆਂ ਸਨ। ਉਂਝ ਹਵਾਈ ਨੂੰ ਰਾਜ ਦਾ ਦਰਜਾ ਮਿਲਣ ਤੋਂ ਪਹਿਲਾਂ 1946 ਵਿਚ ਆਈ ਸੁਨਾਮੀ ਵਿੱਚ ਇਸ ਵੱਡੇ ਟਾਪੂ ’ਤੇ 150 ਮੌਤਾਂ ਹੋਈਆਂ ਸਨ। ਇਸੇ ਦੌਰਾਨ ਹਵਾਈ ਦੇ ਐਮਰਜੰਸੀ ਵਾਰਨਿੰਗ ਸਿਸਟਮ ਉਪਰ ਵੀ ਸਵਾਲ ਉਠਾਏ ਜਾ ਰਹੇ ਹਨ ਜੋ ਲੋਕਾਂ ਨੂੰ ਅਗਾਊਂ ਸੁਚੇਤ ਕਰਨ ਵਿੱਚ ਨਾਕਾਮ ਰਿਹਾ। ਅੱਗ ਵਿਚੋਂ ਬਚ ਕੇ ਆਏ ਲੋਕਾਂ ਨੇ ਕਿਹਾ ਹੈ ਕਿ ਉਨਾਂ ਨੂੰ ਕੋਈ ਸਾਇਰਨ ਸੁਣਾਈ ਨਹੀਂ ਦਿੱਤਾ ਤੇ ਨਾ ਹੀ ਕੋਈ ਅਗਾਊਂ ਚਿਤਾਵਨੀ ਦਿੱਤੀ ਗਈ। ਉਨਾਂ ਨੂੰ ਕੇਵਲ ਓਦੋਂ ਹੀ ਖਤਰੇ ਬਾਰੇ ਪਤਾ ਲੱਗਾ ਜਦੋਂ ਅੱਗ ਦੀਆਂ ਲਪਟਾਂ ਵਿਖਾਈ ਦਿੱਤੀਆਂ ਤੇ ਧਮਾਕੇ ਸੁਣਾਈ ਦਿੱਤੇ। ਅੱਗ ਵਿਚ ਆਪਣਾ ਘਰ ਗਵਾ ਚੁੱਕੀ ਲਿਨ ਰੋਬਿਨਸਨ ਨੇ ਕਿਹਾ ਕਿ ਸਾਨੂੰ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਸਾਡੀ ਮੱਦਦ ਲਈ ਆਇਆ। ਇਤਿਹਾਸਕ ਕਸਬਾ ਲਾਹੈਨਾ ਸਵਾਹ ਵਿਚ ਤਬਦੀਲ ਹੋ ਚੁੱਕਾ ਹੈ। ਹਜਾਰਾਂ ਲੋਕ ਉਜੜ ਗਏ ਹਨ ਤੇ ਇਮਾਰਤਾਂ ਤਬਾਹ ਹੋ ਗਈਆਂ ਹਨ। ਗਵਰਨਰ ਜੋਸ਼ ਗਰੀਨ ਨੇ ਕਸਬੇ ਦੇ ਮੇਅਰ ਨਾਲ ਖੰਡਰ ਬਣ ਚੁੱਕੇ ਲਾਹੈਨਾ ਕਸਬੇ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਬਿਨਾਂ ਸ਼ੱਕ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਲਾਹੈਨਾ ਉਪਰ ਕੋਈ ਬੰਬ ਵਰਗੀ ਚੀਜ ਡਿੱਗੀ ਹੋਵੇ। ਉਨਾਂ ਕਿਹਾ ਕਿ ਸ਼ੁਰੂ ਵਿਚ ਲੋਕਾਂ ਲਈ 2000 ਕਮਰੇ ਲਏ ਗਏ ਹਨ ਤੇ ਸਥਾਨਕ ਹੋਟਲਾਂ ਤੇ ਹੋਰਨਾਂ ਨੂੰ ਕਿਹਾ ਗਿਆ ਹੈ ਕਿ ਉਹ ਲੋੜਵੰਦਾਂ ਨੂੰ ਆਰਜੀ ਰਿਹਾਇਸ਼ ਦੇਣ ਵਿੱਚ ਮੱਦਦ ਕਰਨ।