ਪਾਕਿ ਰੇਂਜਰਜ਼ ਤੇ ਬੀਐੱਸਐੱਫ ਵਿਚਾਲੇ ਮਠਿਆਈ ਦਾ ਆਦਾਨ-ਪ੍ਰਦਾਨ

ਪਾਕਿ ਰੇਂਜਰਜ਼ ਤੇ ਬੀਐੱਸਐੱਫ ਵਿਚਾਲੇ ਮਠਿਆਈ ਦਾ ਆਦਾਨ-ਪ੍ਰਦਾਨ

ਸੁਰੱਖਿਆ ਬਲਾਂ ਨੇ ਇੱਕ-ਦੂਜੇ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ
ਅਟਾਰੀ- ਪਾਕਿਸਤਾਨ ਦੇ ਆਜ਼ਾਦੀ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ’ਤੇ ਪਾਕਿਸਤਾਨ ਰੇਂਜਰਜ਼ ਅਤੇ ਸੀਮਾ ਸੁਰੱਖਿਆ ਬਲਾਂ ਵਿਚਕਾਰ ਮਠਿਆਈਆਂ ਦਾ ਆਦਾਨ-ਪ੍ਰਦਾਨ ਹੋਇਆ। ਪਾਕਿਸਤਾਨ ਰੇਂਜਰਜ਼ ਦੇ ਲੈਫਟੀਨੈਂਟ ਕਰਨਲ ਆਜ਼ਮ ਨੇ ਅਟਾਰੀ-ਵਾਹਗਾ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਕਮਾਂਡੈਂਟ ਏ ਕੇ ਮਿਸ਼ਰਾ ਨੂੰ ਮਠਿਆਈ ਦੇ ਛੇ ਡੱਬੇ ਭੇਟ ਕਰਕੇ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸੀਮਾ ਸੁਰੱਖਿਆ ਬਲ ਕਮਾਂਡੈਂਟ ਏ ਕੇ ਮਿਸ਼ਰਾ ਨੇ ਪਾਕਿਸਤਾਨ ਰੇਂਜਰਜ਼ ਦੇ ਲੈਫਟੀਨੈਂਟ ਕਰਨਲ ਆਜ਼ਮ ਨੂੰ ਮਠਿਆਈ ਦੇ ਸੱਤ ਡੱਬੇ ਦੇ ਕੇ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ। ਸੀਮਾ ਸੁਰੱਖਿਆ ਬਲ ਵੱਲੋਂ 15 ਅਗਸਤ ਆਜ਼ਾਦੀ ਦਿਵਸ ਮੌਕੇ ਪਾਕਿਸਤਾਨ ਰੇਂਜਰਜ਼ ਨੂੰ ਮਠਿਆਈ ਭੇਟ ਕੀਤੀ ਜਾਵੇਗੀ। ਗੌਰਤਲਬ ਹੈ ਕਿ ਕੌਮਾਂਤਰੀ ਸਰਹੱਦ ਅਟਾਰੀ-ਵਾਹਗਾ ਸਥਿਤ ਸਾਂਝੀ ਜਾਂਚ ਚੌਕੀ ’ਤੇ ਤਾਇਨਾਤ ਭਾਰਤ-ਪਾਕਿਸਤਾਨ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਵੱਲੋਂ ਆਜ਼ਾਦੀ ਦਿਵਸ, ਗਣਤੰਤਰ ਦਿਵਸ, ਦੀਵਾਲੀ, ਈਦ ਉਲ ਫਿਤਰ, ਈਦ ਉਲ ਜੁਹਾ ਮੌਕੇ ਇੱਕ ਦੂਜੇ ਨੂੰ ਮਠਿਆਈ ਭੇਟ ਕਰਕੇ ਮੁਬਾਰਕਬਾਦ ਦਿੱਤੀ ਜਾਂਦੀ ਹੈ।