ਮੋਦੀ ਸਰਕਾਰ ਨੇ ਦੇਸ਼ ਨੂੰ ‘ਹਾਈਵੇਅ ਤੋਂ ਨਰਕ ਦੇ ਰਾਹ’ ਪਾੲਿਆ: ਕਾਂਗਰਸ

ਮੋਦੀ ਸਰਕਾਰ ਨੇ ਦੇਸ਼ ਨੂੰ ‘ਹਾਈਵੇਅ ਤੋਂ ਨਰਕ ਦੇ ਰਾਹ’ ਪਾੲਿਆ: ਕਾਂਗਰਸ

ਖੜਗੇ ਨੇ ‘ਭਾਰਤਮਾਲਾ ਪਰਿਯੋਜਨਾ’ ਬਾਰੇ ਕੈਗ ਰਿਪੋਰਟ ਦੇ ਹਵਾਲੇ ਨਾਲ ਸਰਕਾਰ ਨੂੰ ਘੇਰਿਆ
ਨਵੀਂ ਦਿੱਲੀ- ਕਾਂਗਰਸ ਨੇ ਹਾਈਵੇਅ ਪ੍ਰਾਜੈਕਟਾਂ ਨੂੰ ਲੈ ਕੇ ‘ਭਾਰਤਮਾਲਾ ਪਰਿਯੋਜਨਾ’ ਬਾਰੇ ਭਾਰਤ ਦੇ ਕੰਪਟਰੋਲਰ ਆਡਿਟਰ ਜਨਰਲ (ਕੈਗ) ਦੀ ਰਿਪੋਰਟ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਕਾਂਗਰਸ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ‘ਦੇਸ਼ ਨੂੰ ਹਾਈਵੇਅ ਤੋਂ ਨਰਕ’ ਵੱਲ ਲਿਜਾ ਰਹੀ ਹੈ। ਵਿਰੋਧੀ ਪਾਰਟੀ ਨੇ ਸਵਾਲ ਕੀਤਾ ਕਿ ਕੀ ਸ੍ਰੀ ਮੋਦੀ ‘ਉਨ੍ਹਾਂ ਦੀ ਸਿੱਧੀ ਨਿਗਰਾਨੀ ਹੇਠ ਭਾਰਤਮਾਲਾ ਪ੍ਰਾਜੈਕਟਾਂ ’ਚ ਭ੍ਰਿਸ਼ਟਾਚਾਰ ਤੇ ਅਯੋਗਤਾ’ ਦੀ ਜ਼ਿੰਮੇਵਾਰੀ ਲੈਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੈਗ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਸ੍ਰੀ ਮੋਦੀ ਨੂੰ ਆਪਣੇ ਸਿਆਸੀ ਵਿਰੋਧੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਦੀ ਥਾਂ ਅੰਤਰਝਾਤ ਮਾਰਨੀ ਚਾਹੀਦੀ ਹੈ। ਖੜਗੇ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਕਿਹਾ, ‘‘ਭਾਜਪਾ ਦੀ ਭ੍ਰਿਸ਼ਟਾਚਾਰ ਤੇ ਲੁੱਟ ਨੇ ਦੇਸ਼ ਨੂੰ ਹਾਈਵੇਅ ਤੋਂ ਨਰਕ ਦੇ ਰਾਹ ਪਾ ਦਿੱਤਾ ਹੈ।’’ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਕੈਗ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ‘ਭਾਰਤਮਾਲਾ ਪਰਿਯੋਜਨਾ’ ‘ਬਹੁਤ ਸਾਰੀਆਂ ਘਾਟਾਂ, ਬਹੁਤ ਸਾਰੇ ਮਾਪਦੰਡਾਂ ਨੂੰ ਅਣਗੌਲਿਆਂ ਕਰਕੇ, ਟੈਂਡਰ ਪ੍ਰਕਿਰਿਆ ਦੀ ਸਪਸ਼ਟ ਉਲੰਘਣਾ ਤੇ ਵੱਡੇ ਪੱਧਰ ’ਤੇ ਫੰਡਾਂ ਦੀ ਹੇਰਾਫੇਰੀ’ ਦੇ ਨਾਲ ਬਣਾਈ ਜਾ ਰਹੀ ਹੈ।’’ ਖੜਗੇ ਨੇ ਕਿਹਾ ਕਿ ਕੈਗ ਨੇ ਦਾਅਵਾ ਕੀਤਾ ਹੈ ਕਿ ‘ਇਸ ਪ੍ਰਾਜੈਕਟ ਦੀ ਅਸਲ ਅਨੁਮਾਨਤ ਲਾਗਤ 528.8 ਕਰੋੜ ਰੁਪਏ ਸੀ, ਜਿਸ ਨੂੰ ਮਗਰੋਂ ਵਧਾ ਕੇ 7287.2 ਕਰੋੜ ਕਰ ਦਿੱਤਾ ਗਿਆ…1278 ਫੀਸਦ ਦਾ ਵਾਧਾ।’’ ਉਨ੍ਹਾਂ ਕਿਹਾ ਕਿ ਇਸ ਸਕੀਮ ਵਿੱਚ ‘ਘੁਟਾਲੇ’ ਦੀ ਵੱਡੀ ਮਿਸਾਲ ਦਵਾਰਕਾ ਐਕਸਪ੍ਰੈੱਸਵੇਅ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਜੀ, ਭ੍ਰਿਸ਼ਟਾਚਾਰ ਨੂੰ ਲੈ ਕੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਤੁਹਾਨੂੰ ਅੰਤਰਝਾਤ ਦੀ ਲੋੜ ਹੈ, ਕਿਉਂਕਿ ਤੁਸੀਂ ਖੁ਼ਦ ਇਸ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੇ ਹੋ। ਸਾਲ 2024 ਵਿਚ ਇੰਡੀਆ ਤੁਹਾਡੀ ਸਰਕਾਰ ਨੂੰ ਜਵਾਬਦੇਹ ਬਣਾਏਗਾ।’’ ਉਧਰ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਭਲਕੇ ਪ੍ਰਧਾਨ ਮੰਤਰੀ ਇਕ ਆਖਰੀ ਵਾਰ ਲਾਲ ਕਿਲ੍ਹੇ ਦੀ ਫਸੀਲ ਤੋਂ ਨਵਾਂ ਝੂਠ ਬੋਲਣਗੇ।’’