ਮਨੀਪੁਰ ਿਵੱਚ ਹਿੰਸਾ ਤੁਰੰਤ ਰੋਕਣ ਦੀ ਲੋੜ: ਰਾਹੁਲ

ਮਨੀਪੁਰ ਿਵੱਚ ਹਿੰਸਾ ਤੁਰੰਤ ਰੋਕਣ ਦੀ ਲੋੜ: ਰਾਹੁਲ

ਕੋਜ਼ੀਕੋੜ/ਵਾਇਨਾਡ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮਨੀਪੁਰ ’ਚ ਹੋ ਰਹੀ ਹਿੰਸਾ ਪ੍ਰੇਸ਼ਾਨ ਕਰਨ ਵਾਲੀ ਹੈ ਅਤੇ ਇਸ ਨੂੰ ਤੁਰੰਤ ਰੋਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ’ਚ ਹਿੰਸਾ ਵੰਡ, ਨਫਰਤ ਤੇ ਗੁੱਸੇ ਦੀ ਇੱਕ ਖਾਸ ਤਰ੍ਹਾਂ ਦੀ ਸਿਆਸਤ ਦਾ ਸਿੱਧਾ ਨਤੀਜਾ ਹੈ। ਕਾਂਗਰਸ ਆਗੂ ਨੇ ਕਿਹਾ, ‘ਇਸ ਲਈ ਇੱਕ ਪਰਿਵਾਰ ਦੇ ਰੂਪ ਵਿੱਚ ਸਾਰਿਆਂ ਨੂੰ ਇਕੱਠੇ ਰੱਖਣਾ ਮਹੱਤਵਪੂਰਨ ਹੈ।’ ਉਨ੍ਹਾਂ ਕਿਹਾ ਕਿ ਹਿੰਸਾ ਕਾਰਨ ਮਿਲੇ ਜ਼ਖ਼ਮ ਠੀਕ ਹੋਣ ਵਿੱਚ ਕਈ ਸਾਲ ਲੱਗਣਗੇ ਅਤੇ ਇਹ ਦੁੱਖ ਤੇ ਗੁੱਸਾ ਇੰਨੀ ਅਸਾਨੀ ਨਾਲ ਦੂਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮਨੀਪੁਰ ਹਿੰਸਾ ਇੱਕ ਸਬਕ ਹੈ ਕਿ ਜਦੋਂ ਤੁਸੀਂ ਕਿਸੇ ਸੂਬੇ ’ਚ ਵੰਡ, ਨਫਰਤ ਤੇ ਗੁੱਸੇ ਦੀ ਰਾਜਨੀਤੀ ਕਰਦੇ ਹੋ ਤਾਂ ਕੀ ਹੁੰਦਾ ਹੈ।

ਰਾਹੁਲ ਨੇ ਅੱਜ ਵਾਇਨਾਡ ਜ਼ਿਲ੍ਹੇ ’ਚ ਮਾਨੰਤਵਾੜੀ ਇਲਾਕੇ ਦੇ ਨੱਲੂਰਨਾਡ ਸਥਿਤ ‘ਡਾ. ਅੰਬੇਡਕਰ ਜ਼ਿਲ੍ਹਾ ਮੈਮੋਰੀਅਲ ਕੈਂਸਰ ਸੈਂਟਰ’ ਵਿੱਚ ‘ਐੱਚਟੀ (ਹਾਈ ਟੈਂਸ਼ਨ) ਕੁਨੈਕਸ਼ਨ’ ਦਾ ਉਦਘਾਟਨ ਕਰਨ ਮਗਰੋਂ ਹਾਕਮ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਦੋਸ਼ ਲਾਇਆ ਕਿ ਉਹ ਕਬਾਇਲੀ ਭਾਈਚਾਰਿਆਂ ਨੂੰ ਜੰਗਲਾਂ ਤੱਕ ਸੀਮਤ ਕਰਨ ਅਤੇ ‘ਆਦਿਵਾਸੀ’ ਦੀ ਥਾਂ ‘ਵਣਵਾਸੀ’ ਕਹਿ ਕੇ ਉਨ੍ਹਾਂ ਨੂੰ ਜ਼ਮੀਨਾਂ ਦੀ ਮੂਲ ਮਾਲਕੀ ਦੇ ਦਰਜੇ ਤੋਂ ਵਾਂਝੇ ਕਰਨਾ ਚਾਹੁੰਦੀ ਹੈ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਰਾਜਸਥਾਨ ’ਚ ਪਾਰਟੀ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਵੀ ਇਹ ਮਾਮਲਾ ਚੁੱਕਿਆ ਸੀ। ਉਨ੍ਹਾਂ ਕਿਹਾ ਸੀ ਕਿ ਭਾਜਪਾ ਕਬਾਇਲੀ ਭਾਈਚਾਰਿਆਂ ਨੂੰ ਆਦਿਵਾਸੀ ਦੀ ਥਾਂ ‘ਵਣਵਾਸੀ’ ਕਹਿ ਕੇ ਉਨ੍ਹਾਂ ਦੀ ਬੇਇੱਜ਼ਤੀ ਕਰਦੀ ਹੈ ਅਤੇ ਉਨ੍ਹਾਂ ਦੇ ਜੰਗਲਾਂ ਦੀ ਜ਼ਮੀਨ ਖੋਹ ਕੇ ਸਨਅਤਕਾਰਾਂ ਨੂੰ ਦਿੰਦੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਆਦਿਵਾਸੀਆਂ ਨੂੰ ਵਣਵਾਸੀ ਕਹਿਣ ਪਿੱਛੇ ਇੱਕ ਵਿਗੜਿਆ ਹੋਇਆ ਤਰਕ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ, ‘ਇਹ ਤੁਹਾਨੂੰ (ਆਦਿਵਾਸੀਆਂ ਨੂੰ) ਜ਼ਮੀਨ ਦੀ ਮੂਲ ਮਾਲਕੀ ਦੇ ਅਧਿਕਾਰ ਤੋਂ ਵਾਂਝਾ ਕਰਦਾ ਹੈ ਅਤੇ ਇਸ ਦਾ ਮਕਸਦ ਤੁਹਾਨੂੰ ਜੰਗਲ ਤੱਕ ਹੀ ਸੀਮਤ ਕਰਨਾ ਹੈ।’ ਗਾਂਧੀ ਨੇ ਕਿਹਾ, ‘ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜੰਗਲ ਨਾਲ ਸਬੰਧ ਰਖਦੇ ਹੋ ਅਤੇ ਤੁਹਾਨੂੰ ਜੰਗਲ ਨਹੀਂ ਛੱਡਣਾ ਚਾਹੀਦਾ।’ ਕਾਂਗਰਸ ਆਗੂ ਨੇ ਕਿਹਾ ਕਿ ਇਸ ਵਿਚਾਰਧਾਰਾ ਨੂੰ ਉਨ੍ਹਾਂ ਦੀ ਪਾਰਟੀ ਨਹੀਂ ਮੰਨਦੀ ਕਿਉਂਕਿ ਵਣਵਾਸੀ ਸ਼ਬਦ ਕਬਾਇਲੀ ਭਾਈਚਾਰਿਆਂ ਦੇ ਇਤਿਹਾਸ ਤੇ ਰਵਾਇਤਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ ਅਤੇ ਇਹ ਦੇਸ਼ ਨਾਲ ਉਨ੍ਹਾਂ ਦੇ ਰਿਸ਼ਤਿਆਂ ’ਤੇ ਇੱਕ ਹਮਲਾ ਹੈ। ਉਨ੍ਹਾਂ ਕਿਹਾ, ‘ਸਾਡੇ ਲਈ ਤੁਸੀਂ ਆਦਿਵਾਸੀ ਹੋ ਤੇ ਜ਼ਮੀਨ ਦੇ ਮੂਲ ਮਾਲਕ ਹੋ।’ ਗਾਂਧੀ ਨੇ ਕਿਹਾ ਕਿ ਆਦਿਵਾਸੀ ਜ਼ਮੀਨ ਦੇ ਮੂਲ ਮਾਲਕ ਹਨ। ਉਨ੍ਹਾਂ ਨੂੰ ਜ਼ਮੀਨ ਤੇ ਜੰਗਲਾਂ ਸਬੰਧੀ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ ਅਤੇ ਉਹ ਜੋ ਚਾਹੁਣ, ਉਨ੍ਹਾਂ ਨੂੰ ਉਹ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭਾਈਚਾਰਿਆਂ ਨੂੰ ਸਿੱਖਿਆ, ਨੌਕਰੀਆਂ, ਪੇਸ਼ਿਆਂ ਆਦਿ ’ਚ ਉਹ ਸਾਰੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਜੋ ਦੇਸ਼ ਵਿੱਚ ਹਰੇਕ ਨੂੰ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਦਿਵਾਸੀ ਸ਼ਬਦ ਦਾ ਅਰਥ ਇੱਕ ਵਿਸ਼ੇਸ਼ ਗਿਆਨ ‘ਜਿਸ ਧਰਤੀ ’ਤੇ ਅਸੀਂ ਰਹਿੰਦੇ ਹਾਂ, ਉਸ ਦੇ ਵਾਤਾਵਰਣ ਦੀ ਸਮਝ ਤੇ ਗ੍ਰਹਿ ਨਾਲ ਸਬੰਧ ਤੋਂ’ ਹੈ।