ਨੂਹ ’ਚ 28 ਨੂੰ ਮੁੜ ਬ੍ਰਜ ਮੰਡਲ ਯਾਤਰਾ ਕੱਢੀ ਜਾਵੇਗੀ

ਨੂਹ ’ਚ 28 ਨੂੰ ਮੁੜ ਬ੍ਰਜ ਮੰਡਲ ਯਾਤਰਾ ਕੱਢੀ ਜਾਵੇਗੀ

ਕੇਂਦਰੀ ਬਲ ਤਾਇਨਾਤ ਕਰਨ ਤੇ ਦੰਗਿਆਂ ਦੀ ਐੱਨਆਈਏ ਤੋਂ ਜਾਂਚ ਕਰਾਉਣ ਦੀ ਮੰਗ
ਗੁਰੂਗ੍ਰਾਮ/ਪਲਵਲ-ਹਿੰਦੂ ਜਥੇਬੰਦੀਆਂ ਵੱਲੋਂ ਪਲਵਲ ਦੇ ਪੋਂਡਰੀ ਪਿੰਡ ’ਚ ਕੀਤੀ ਗਈ ਮਹਾਪੰਚਾਇਤ ਦੌਰਾਨ ਐਲਾਨ ਕੀਤਾ ਗਿਆ ਕਿ ਵੀਐੱਚਪੀ ਦੀ ਬ੍ਰਜ ਮੰਡਲ ਜਲ ਅਭਿਸ਼ੇਕ ਯਾਤਰਾ 28 ਅਗਸਤ ਨੂੰ ਮੁੜ ਨੂਹ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨੂਹ ਹਿੰਸਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਐੱਨਆਈਏ ਤੋਂ ਜਾਂਚ ਕਰਾਉਣ ਦੀ ਮੰਗ ਕਰਦਿਆਂ ਕਈ ਹੋਰ ਅਹਿਮ ਫ਼ੈਸਲੇ ਲਏ ਗਏ। ਇਹ ਯਾਤਰਾ ਜੁਲਾਈ ’ਚ ਨੂਹ ’ਚ ਫਿਰਕੂ ਹਿੰਸਾ ਮਗਰੋਂ ਰੋਕ ਦਿੱਤੀ ਗਈ ਸੀ। ‘ਸਰਵ ਜਾਤੀ ਮਹਾਪੰਚਾਇਤ’ ’ਚ ਖਾਪ ਪੰਚਾਇਤਾਂ, ਭਾਜਪਾ, ਵੀਐੱਚਪੀ ਤੇ ਬਜਰੰਗ ਦਲ ਦੇ ਆਗੂਆਂ ਸਣੇ ਪਲਵਲ, ਗੁਰੂਗ੍ਰਾਮ ਅਤੇ ਹੋਰ ਨੇੜਲੇ ਇਲਾਕਿਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਮਹਾਪੰਚਾਇਤ ’ਚ ਫ਼ੈਸਲਾ ਲਿਆ ਗਿਆ ਕਿ ਨੂਹ ਦੇ ਨਲਹਾਰ ਤੋਂ ਯਾਤਰਾ ਮੁੜ ਸ਼ੁਰੂ ਹੋਵੇਗੀ ਜੋ ਜ਼ਿਲ੍ਹੇ ਦੇ ਫਿਰੋਜ਼ਪੁਰ ਝਿਰਕਾ ਦੇ ਝੀਰ ਅਤੇ ਸ਼੍ਰਿੰਗਾਰ ਮੰਦਿਰਾਂ ’ਚੋਂ ਗੁਜ਼ਰੇਗੀ। ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਦੇ ਗੁਰੂਗ੍ਰਾਮ ਤੋਂ ਆਗੂ ਦੇਵੇਂਦਰ ਸਿੰਘ ਨੇ ਮਹਾਪੰਚਾਇਤ ’ਚ ਲਏ ਗਏ ਫ਼ੈਸਲਿਆਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਨੂਹ ’ਚ ਪੱਕੇ ਤੌਰ ’ਤੇ ਕੇਂਦਰੀ ਬਲਾਂ ਦੀਆਂ ਚਾਰ ਬਟਾਲੀਅਨਾਂ ਤਾਇਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਮਹਾਪੰਚਾਇਤ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਫਿਰਕੂ ਹਿੰਸਾ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਤੋਂ ਜਾਂਚ ਕਰਵਾਈ ਜਾਵੇ, ਮੁਸਲਿਮ ਬਹੁਗਿਣਤੀ ਵਾਲਾ ਨੂਹ ਜ਼ਿਲ੍ਹਾ ਖ਼ਤਮ ਕਰਕੇ ਉਸ ਦਾ ਹੋਰ ਜ਼ਿਲ੍ਹੇ ਨਾਲ ਰਲੇਵਾਂ ਕੀਤਾ ਜਾਵੇ ਅਤੇ ਨੂਹ ਦੰਗਿਆਂ ’ਚ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਲਈ ਇਕ-ਇਕ ਕਰੋੜ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਜ਼ਖ਼ਮੀਆਂ ਨੂੰ 50-50 ਲੱਖ ਰੁਪਏ ਦਿੱਤਾ ਜਾਵੇ। ਦੰਗੇ ’ਚ ਹੋਏ ਨੁਕਸਾਨ ਦੀ ਭਰਪਾਈ ਦੇ ਨਾਲ ਨਾਲ ਰੋਹਿੰਗੀਆ ਅਤੇ ਹੋਰ ਮੁਲਕਾਂ ਦੇ ਨੂਹ ’ਚ ਰਹਿੰਦੇ ਲੋਕਾਂ ਨੂੰ ਤੁਰੰਤ ਹਟਾਉਣ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਨੂਹ ’ਚ ਰਹਿੰਦੇ ਹਿੰਦੂਆਂ ਦੀ ਰੱਖਿਆ ਲਈ ਹਥਿਆਰਾਂ ਦੇ ਲਾਇਸੈਂਸ ਦੇਣ, ਨੂਹ ’ਚ ਦਰਜ ਕੇਸ ਗੁਰੂਗ੍ਰਾਮ ’ਚ ਤਬਦੀਲ ਕਰਨ, ਨੂਹ ’ਚ ਸੁਰੱਖਿਆ ਬਲਾਂ (ਆਰਏਐੱਫ ਜਾਂ ਪੁਲੀਸ) ਦੀ ਪੱਕੀ ਤਾਇਨਾਤੀ ਅਤੇ ਉਥੋਂ ਦੇ ਸਾਬਕਾ ਐੱਸਪੀ ਵਰੁਣ ਸਿੰਗਲਾ ਖ਼ਿਲਾਫ਼ ਜਾਂਚ ਦੀ ਵੀ ਮੰਗ ਕੀਤੀ ਹੈ ਜੋ ਹਿੰਸਾ ਦੀ ਸੰਭਾਵਨਾ ਸਬੰਧੀ ਖ਼ੁਫ਼ੀਆ ਰਿਪੋਰਟਾਂ ਦੇ ਬਾਵਜੂਦ ਛੁੱਟੀ ’ਤੇ ਸੀ। ਆਗੂਆਂ ਨੇ ਦੰਗਿਆਂ ’ਚ ਸ਼ਾਮਲ ਲੋਕਾਂ ਤੋਂ ਹਿੰਦੂਆਂ ਦੀਆਂ ਦੁਕਾਨਾਂ ਅਤੇ ਘਰਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਵੀ ਕਿਹਾ ਹੈ। ਨੂਹ ਜ਼ਿਲ੍ਹੇ ਨੂੰ ਗਊ ਹੱਤਿਆ ਮੁਕਤ ਜ਼ਿਲ੍ਹਾ ਐਲਾਨਣ ਦੀ ਵੀ ਮੰਗ ਕੀਤੀ ਗਈ ਹੈ। ਵੀਐੱਚਪੀ ਦੇ ਗੁਰੂਗ੍ਰਾਮ ਤੋਂ ਪ੍ਰਧਾਨ ਅਜੀਤ ਸਿੰਘ ਨੇ ਕਿਹਾ ਕਿ ਦੰਗਾਕਾਰੀਆਂ ਵੱਲੋਂ ਜਲ ਅਭਿਸ਼ੇਕ ਯਾਤਰਾ ’ਚ ਅੜਿੱਕਾ ਡਾਹੁਣ ਕਾਰਨ ਹੁਣ ਮੁੜ ਤੋਂ ਯਾਤਰਾ ਸ਼ੁਰੂ ਕੀਤੀ ਜਾਵੇਗੀ। ਪੋਂਡਰੀ ’ਚ ਪੁਲੀਸ ਦੇ ਨਾਲ ਨੀਮ ਫ਼ੌਜੀ ਬਲਾਂ ਦੀਆਂ ਕਈ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ ਜੋ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਉਥੇ ਗਸ਼ਤ ਕਰਦੇ ਰਹੇ। ਬਜਰੰਗ ਦਲ ਦੇ ਆਗੂ ਕੁਲਭੂਸ਼ਣ ਭਾਰਦਵਾਜ ਨੇ ਕਿਹਾ ਕਿ ਨੂਹ ’ਚ ਹੋਈ ਹਿੰਸਾ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵੀਐੱਚਪੀ ਦੇ ਸੀਨੀਅਰ ਆਗੂ ਅਰੁਣ ਜ਼ੈਲਦਾਰ ਨੇ ਕਿਹਾ ਕਿ ਜਲ ਅਭਿਸ਼ੇਕ ਯਾਤਰਾ ਤੈਅ ਪ੍ਰੋਗਰਾਮ ਮੁਤਾਬਕ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮਹਾਪੰਚਾਇਤ ’ਚ ਪੁੱਜੇ ਦੇਵ ਸੈਨਾ ਫਰੀਦਾਬਾਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਸੈਣੀ ਨੇ ਕਿਹਾ ਕਿ 20 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ’ਤੇ ਮਹਾਪੰਚਾਇਤ ਕੀਤੀ ਜਾਵੇਗੀ। ਹਰਿਆਣਾ ਗਊ ਰੱਖਿਆ ਦਲ ਦੇ ਮੀਤ ਪ੍ਰਧਾਨ ਆਚਾਰਿਆ ਆਜ਼ਾਦ ਨੇ ਕਾਂਗਰਸੀ ਵਿਧਾਇਕ ਮਾਮਨ ਖ਼ਾਨ ਦੀ ਵਿਧਾਇਕੀ ਰੱਦ ਕਰਨ ਅਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਮਹਾਪੰਚਾਇਤ ’ਚ ਕਈ ਖਾਪਾਂ ਤੋਂ ਇਲਾਵਾ ਸੋਹਨਾ ਦੇ ਵਿਧਾਇਕ ਸੰਜੈ ਸਿੰਘ, ਨੂਹ ਭਾਜਪਾ ਪ੍ਰਧਾਨ ਨਰੇਂਦਰ ਪਟੇਲ ਸਣੇ ਹੋਰ ਕਈ ਆਗੂ ਹਾਜ਼ਰ ਸਨ।