‘ਤੁਸਾਂ ਨੂੰ ਮਾਣ ਵਤਨਾਂ ਦਾ’ ਦਾ ਗੀਤਕਾਰ ਸਨਮੁੱਖ ਸਿੰਘ ਆਜ਼ਾਦ

‘ਤੁਸਾਂ ਨੂੰ ਮਾਣ ਵਤਨਾਂ ਦਾ’ ਦਾ ਗੀਤਕਾਰ ਸਨਮੁੱਖ ਸਿੰਘ ਆਜ਼ਾਦ

ਨਿੰਦਰ ਘੁਗਿਆਣਵੀ

ਬੁਢੜੇ ਨੇ ਟੁੱਟੀ ਜਿਹੀ ਤਾੜੀ ਮਾਰੀ, ਸਿਰ ਛੰਡਿਆ ਤੇ ਲੰਮੀ ਚੀਕ ਮਾਰ ਕੇ ਨੱਚਣ ਲੱਗਿਆ। ਢੋਲ ਵੱਜ ਰਿਹਾ ਸੀ…।

ਉਮਰ ਸੱਤਰ-ਪਝੱਤਰ ਵਰ੍ਹੇ। ਤਿਕੋਣਾ ਜਿਹਾ ਮੂੰਹ, ਤਿੱਖਾ ਨੱਕ, ਕੱਟੀ ਹੋਈ ਦਾੜ੍ਹੀ, ਚੌੜਾ ਮੱਥਾ, ਸਿਰ ਉੱਤੇ ਫੁੱਲਾਂ ਵਾਲੀ ਮੈਲੀ ਜਿਹੀ ਟੋਪੀ, ਤੇੜ ਗੂੜ੍ਹੇ ਕਾਲੇ-ਪੀਲੇ ਰੰਗਾਂ ਦੀਆਂ ਡੱਬੀਆਂ ਵਾਲਾ ਚਾਦਰਾ ਤੇ ਹਰੇ ਰੰਗ ਦਾ ਕੁੜਤਾ ਪਹਿਨਿਆ ਹੋਇਆ, ਪੈਰੋਂ ਉਹ ਨੰਗਾ ਸੀ। ਇਹ ਗੱਲ ਲੁਧਿਆਣੇ ਦੀ ਹੈ, ਉਸ ਦਿਨ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਵਿੱਚ ਮੇਲੇ ਦਾ ਇਕੱਠ ਜੁੜ ਰਿਹਾ ਸੀ।

ਯਮਲਾ ਜੀ ਦਾ ਸ਼ਾਗਿਰਦ ਕੌਰ ਸਿੰਘ ਮੈਨੂੰ ਦੱਸਣ ਲੱਗਿਆ, ‘‘ਇਹ ਪੰਜਾਬ ਦਾ ਉੱਘਾ ਗੀਤਕਾਰ ਐ ਸਨਮੁੱਖ ਸਿੰਘ ਆਜ਼ਾਦ… ਬੜਾ ਪੁਰਾਣੈਂ… ਹਜ਼ਾਰਾਂ ਗੀਤ ਲਿਖੇ ਤੇ ਰਿਕਾਰਡ ਹੋਏ ਐ… ਹੁਣ ਹਿੱਲਿਆ ਫਿਰਦੈ, ਕਦੇ ਕੋਈ ਭੇਸ ਬਣਾ ਲੈਂਦਾ, ਕਦੇ ਕੋਈ… ਹੁਣ ਸਾਧ ਬਣਿਐਂ, ਸ਼ਰਾਬ ਵੀ ਬਹੁਤ ਪੀਂਦੈ… ਘਰ-ਬਾਰ ਇਹਦਾ ਸਭ ਗੁਆਚ ਗਿਆ…।’’

ਮੈਨੂੰ ਹੈਰਾਨੀ ਵੀ ਹੋਣ ਲੱਗੀ ਤੇ ਦੁੱਖ ਵੀ। ਵਰ੍ਹੇ ਕੁ ਪਿੱਛੋਂ ਸਨਮੁੱਖ ਸਿੰਘ ਆਜ਼ਾਦ ਨਰਿੰਦਰ ਬੀਬਾ ਦੀ ਕੋਠੀ ਮੂਹਰੇ ਖਲੋਤਾ ਦਿਸ ਗਿਆ। ਨਰਿੰਦਰ ਨੇ ਕਿਹਾ, ‘‘ਮਰ ਜਾਣੇ ਦੀ ਕਿਸਮਤ ਬੜੀ ਮਾੜੀ ਏ, ਪਰ ਕਲਮ ਦਾ ਧਨੀ ਏ, ਬੜੇ ਈ ਵਧੀਆ ਗੀਤ ਲਿਖੇ ਨੇ… ਮੈਂ ਤੇ ਆਪ ਇਹਦੇ ਕਾਫ਼ੀ ਸਾਰੇ ਗੀਤ ਰਿਕਾਰਡ ਕਰਵਾਏ, ਸਟੇਜਾਂ ਉੱਤੇ ਵੀ ਗਾਏ ਨੇ।’’

ਮੈਂ ਪੁੱਛਿਆ, ‘‘ਭੈਣ ਜੀ, ਕਿਹੜੇ-ਕਿਹੜੇ ਗੀਤ ਸਨ… ਦੱਸੋ ਜ਼ਰਾ?’’

ਬੀਬਾ ਜੀ ਨੇ ਕਿਹਾ, ‘‘ਇੱਕ ਗੀਤ ਬੜਾ ਈ ਪ੍ਰਸਿੱਧ ਹੋਇਆ ਸੀ, ‘ਵੇ ਥਾਣੇਦਾਰਾਂ ਦੋ ਮੰਜੀਆਂ ਦੀ ਥਾਂ’, ਫਿਰ ਮੈਂ ਗਾਇਆ, ‘ਫੌਜੀ ਨੂੰ ਵਿਆਹ ਦੇ ਬਾਬਲਾ, ਭਾਵੇਂ ਬੂਟ ਸਣੇ ਠੁੱਡ ਮਾਰੇ’, ‘ਜਦੋਂ ਰੰਗ ਸੀ ਗੁਲਾਬੀ ਫੁੱਲ ਵਰਗਾ, ਉਦੋਂ ਕਿਉਂ ਨਾ ਆਇਆ ਮਿੱਤਰਾ।’ ਬੜੇ ਚੰਗੇ-ਚੰਗੇ ਗੀਤ ਲਿਖੇ… ਹੁਣ ਰੁਲਿਆ ਫਿਰਦਾ ਏ…।’’

ਪ੍ਰੋ. ਮੋਹਨ ਸਿੰਘ ਮੇਲੇ ’ਤੇ ਕਵੀ ਦਰਬਾਰ ਸੀ। ਸਨਮੁਖ ਸਿੰਘ ਆਜ਼ਾਦ ਸਭ ਤੋਂ ਅਗਲੀ ਕਤਾਰ ਵਿੱਚ ਬੈਠਾ ਸੀ। ਉਹ ਹਰੇਕ ਕਵੀ ਨੂੰ ਬੇਲੋੜੀ ਦਾਦ ਦੇ ਰਿਹਾ ਸੀ, ਉੱਚੀ-ਉੱਚੀ ਬੋਲ ਕੇ ਸਾਰੇ ਪੰਡਾਲ ਅਤੇ ਪ੍ਰਧਾਨਗੀ ਮੰਡਲ ਦਾ ਧਿਆਨ ਆਪਣੀ ਤਰਫ਼ ਖਿੱਚ ਰਿਹਾ ਸੀ। ਪ੍ਰਗਟ ਸਿੰਘ ਗਰੇਵਾਲ ਉੱਠ ਕੇ ਉਹਦੇ ਕੋਲ ਆਇਆ, ‘‘ਮੁੱਖੇ ਸ਼ਾਹ ਜੀ, ਤੁਹਾਨੂੰ ਬਾਹਰ ਕੋਈ ਬੁਲਾ ਰਿਹਾ ਐ, ਜਾਓ, ਗੱਲ ਸੁਣ ਆਓ…।’’

ਸਨਮੁੱਖ ਸਿੰਘ ਆਜ਼ਾਦ ਖਿਝਿਆ, ‘‘ਨਈਂ ਨਈਂ, ਮੈਨੂੰ ਪਤੈ… ਕੋਈ ਨਹੀਂ ਬੁਲਾਂਦਾ… ਮੈਨੂੰ, ਕਿਸ ਮੋਏ ਨੇ ਬੁਲਾਣਾ ਏ ਮੈਨੂੰ… ਜੇ ਮੈਨੂੰ ਬੁਲਾਇਆ ਤਾਂ ਮੌਤ ਈ ਬੁਲਾਏਗੀ।’’

ਕਵੀ ਦਰਬਾਰ ਮੁੱਕਣ ਮਗਰੋਂ ਬਾਹਰ ਉਹ ਨਿਰਮਲ ਜੌੜਾ ਨੂੰ ਘੇਰੀ ਖਲੋਤਾ ਸੀ। ਜੌੜਾ ਉਸ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ, ‘‘ਅੱਜ ਹੈਨੀ ਮੁੱਖਾ ਜੀ ਖੁੱਲ੍ਹੇ ਪੈਸੇ, ਕੱਲ੍ਹ ਦੇ ਦਿਆਂਗਾ…।’’

‘‘ਨਈਂ, ਨਈਂ, ਦੇਹ ਸੌ ਰੁਪਏ ਮੈਨੂੰ… ਜ਼ਰੂਰੀ ਚਾਹੀਦੇ ਨੇ, ਪਰਸੋਂ ਪੰਜ ਹਜ਼ਾਰ ਮਿਲਣੈ, ਮੋੜ ਦਿਆਂਗਾ…।’’ ਜੌੜਾ ਨੇ ਪੰਜਾਹ ਰੁਪਏ ਬਟੂਏ ’ਚੋਂ ਕੱਢਦਿਆਂ ਆਖਿਆ, ‘‘ਚੰਗਾ ਫਿਰ, ਆਹ ਲਓ ਤੇ ਹੁਣ ਸਾਨੂੰ ਆਪਣੇ ਪ੍ਰਸਿੱਧ ਹੋਏ ਗੀਤਾਂ ਬਾਰੇ ਜਾਣਕਾਰੀ ਦਿਓ।’’

ਸਨਮੁੱਖ ਸਿੰਘ ਬੇਰੋਕ ਬੋਲਣ ਲੱਗਾ, ‘‘ਲਓ ਜੀ, ਮੈਂ ਦੱਸਨਾਂ ਵਾਂ… ਸਭ ਤੋਂ ਪਹਿਲਾਂ ਮੇਰਾ ਗੀਤ ਜੋ ਰਿਕਾਰਡ ਹੋਇਆ, ਉਹ ਮਲਕਾ-ਏ-ਤਰੰਨੁਮ ਨੂਰਜਹਾਂ ਨੇ ਗਾਇਆ- ‘ਟਾਹਲੀਆਂ ਦੇ ਟਾਹਣ ਚੀਕਦੇ ਪੀਂਘ ਟੁੱਟਗੀ ਹੁਲਾਰਾ ਖਾ ਕੇ’, ਰੇਸ਼ਮਾ ਦੀ ਆਵਾਜ਼ ਵਿੱਚ- ‘ਹਾਏ ਓ ਰੱਬਾ ਨਈਓਂ ਲੱਗਦਾ ਦਿਲ ਮੇਰਾ’, ਸ਼ੌਕਤ ਅਲੀ ਸਾਹਿਬ ਨੇ ਗਾਇਆ- ‘ਦਿਲ ਟੁੱਟਿਆ ਖ਼ਬਰ ਨਾ ਹੋਈ ਤੇ ਲੱਗੀਆਂ ਦੇ ਢੋਲ ਵੱਜ ਗਏ’, ਗੁਲਾਮ ਅਲੀ ਸਾਹਿਬ ਨੇ- ‘ਮੇਰੇ ਦਿਲ ਦਾ ਮਹਿਰਮ ਚਾਕ ਨੀਂ ਕੋਈ ਮੋੜ ਲਿਆਵੋ’ …ਅੱਤਾ ਉੱਲਾ ਖਾਂ ਦੀ ਆਵਾਜ਼ ਵਿੱਚ- ‘ਤੁਸਾਂ ਨੂੰ ਮਾਣ ਵਤਨਾਂ ਦਾ, ਅਸੀਂ ਹਾਂ ਯਾਰ ਪਰਦੇਸੀ’, ਆਲਮ ਲੁਹਾਰ ਨੇ- ‘ਅੱਖੀਆਂ ਬੋਲ ਪਈਆਂ’, ਨੁਸਰਤ ਫਤਹਿ ਅਲੀ ਖ਼ਾਂ ਨੇ- ‘ਅੱਖੀਆਂ ਅੱਖੀਆਂ ਅੱਖੀਆਂ’, ਲਤਾ ਮੰਗੇਸ਼ਕਰ ਨੇ- ‘ਤੂੰ ਤਾਂ ਸੌ ਗਈ ਗੂੜ੍ਹੀ ਨੀਂਦਰੇ’, ਸੁਲਕਸ਼ਨਾ ਪੰਡਿਤ ਨੇ- ‘ਨੀਂ ਮੈਂ ਨਹੀਂ ਸਹੁਰੇ ਜਾਣਾ ਅੜੀਓ, ਭਾਵੇਂ ਚੱਲ ਕੇ ਆ ਜਾਏ ਥਾਣਾ’, ਸੁਰਿੰਦਰ ਕੌਰ ਨੇ- ‘ਕੰਘੀ ਵਾਹਵਾ ਤੇ ਦੁਖਣ ਮੇਰੇ ਵਾਲ ਨੀਂ ਮਾਏ’, ਨਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ- ‘ਜਦੋਂ ਗਿੱਧੇ ’ਚ ਨਣਾਨ ਭਾਬੀ ਨੱਚੀਆਂ ਤੇ ਗਿੱਠ-ਗਿੱਠ ਬਹਿਗੀ ਧਰਤੀ’, ਨਰਿੰਦਰ ਬੀਬਾ ਦੇ ਗਾਏ ਬੜੇ ਗੀਤ ਨੇ।’’ ਇਉਂ ਲੱਗਦਾ ; ਜਿਉਂ ਪੰਜਾਬ ਦੀ ਰੂਹ ਬੋਲਦੀ ਹੋਵੇ। ਉਸ ਨੇ ਬੋਲਣਾ ਜਾਰੀ ਰੱਖਿਆ।

‘‘ਜਸਪਿੰਦਰ ਨਰੂਲਾ ਤੇ ਮੋਹਣੀ ਨਰੂਲਾ ਨੇ- ‘ਸੁਰਮਾ ਪੰਜ ਰੱਤੀਆਂ ਡਬਲ ਡਾਕ ਵਿੱਚ ਆਇਆ’, ਜਗਤ ਸਿੰਘ ਜੱਗਾ ਨੇ- ‘ਬੱਕੀ ਰੋ-ਰੋ ਪਾਉਂਦੀ ਵੈਣ’, ਡੌਲੀ ਗੁਲੇਰੀਆ ਨੇ- ‘ਕੀ ਸੱਜਣਾ ਸੰਗ ਨੈਣ ਲੜੇ ਵੈਰੀ ਕੋਲਿਆਂ ਵਾਂਗ ਸੜੇ’, ਸੁੱਖੀ ਬਰਾੜ ਨੇ- ‘ਜੇ ਮੈਂ ਹੁੰਦੀ ਫਨੀਅਰ ਸੱਪਣੀ, ਤੇਰਾ ਰਾਹ ਰੋਕਦੀ’, ਕੁਲਦੀਪ ਮਾਣਕ ਨੇ- ਗਾਇਆ ‘ਨਾ ਮਾਰੋ ਨਾ ਮਾਰੋ ਪੂਰਨ ਪੁੱਤ ਵਿਚਾਰੇ ਨੂੰ’, ਮੇਰਾ ਇੱਕ ਗੀਤ- ‘ਗੱਲ ਮੁੱਕੀ ਨਾ ਸੱਜਣ ਨਾਲੋਂ ਮੇਰੀ’ ਸਾਰੀ ਦੁਨੀਆ ਦੇ ਕਲਾਕਾਰਾਂ ਨੇ ਗਾਇਆ।’’

ਮੈਂ ਵਿੱਚੋਂ ਟੋਕ ਕੇ ਆਖਿਆ, ‘‘ਇਹ ਗੀਤ ਤਾਂ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਨੇ ਲਿਖਿਆ ਐ ਮੁੱਖੇ ਸ਼ਾਹ ਜੀ…।’’

‘‘ਕੌਣ ਕਹਿੰਦੈ? ਮੈਂ ਲਿਖਿਐ, ਤੀਹ ਸਾਲ ਹੋ ਗਏ… ਮੇਰਾ ਗੀਤ ਏ ਇਹ…।’’ ਸਨਮੁੱਖ ਸਿੰਘ ਆਜ਼ਾਦ ਟੁੱਟ ਕੇ ਪੈ ਨਿਕਲਿਆ, ਮੈਂ ਚੁੱਪ ਚੰਗੀ ਸਮਝੀ। ਲੱਗਦਾ ਸੀ ਕਿ ਉਹ ਝੂਠ ਬੋਲ ਰਿਹਾ ਸੀ ਇਸ ਗੀਤ ਬਾਰੇ। ਜੌੜਾ ਬੋਲ ਪਿਆ, ‘‘ਹਾਂ ਜੀ… ਹਾਂ ਜੀ… ਅੱਗੇ ਦੱਸੋ, ਹੋਰ ਦੱਸੋ…।’’

‘‘ਦੱਸਨਾਂ ਪਿਆ… ਸੁਰਿੰਦਰ ਛਿੰਦਾ ਨੇ ਗਾਇਆ- ‘ਹਾਏ ਦਬੂਕਾ ਪੈ ਗਿਆ’, ‘ਆਸ਼ਕ ਦਾ ਜਨਾਜਾ ਚੱਲਿਆ ਏ’, ਮਨਮੋਹਨ ਵਾਰਿਸ ਨੇ- ‘ਮੇਰੀ ਅੱਖਾਂ ’ਚੋਂ ਹੰਝੂ ਕਿਰਦੇ ਨੇ’, ਹੰਸ ਰਾਜ ਹੰਸ ਨੇ- ‘ਜੇ ਨੱਚੀਏ ਤਾਂ ਲੱਕ ਲਚਕਾ ਕੇ ਨਹੀਂ ਤਾਂ ਕੋਈ ਲੋੜ ਨਹੀਂ’, ਹਰਭਜਨ ਮਾਨ ਨੇ- ‘ਇੱਕ ਤੇਰਾ ਏ ਸੁਆਲ’, ਸਤਵਿੰਦਰ ਬਿੱਟੀ ਤੇ ਪਰਮਿੰਦਰ ਸੰਧੂ ਨੇ- ‘ਡੇਮੂੰ ਲੜਿਆ’, ਸਰਦੂਲ ਸਿਕੰਦਰ ਦਾ ਗਾਇਆ- ‘ਸੁਣ ਸਿਆਲਾਂ ਦੀਏ ਛੋਕਰੀਏ’, ਮੀਨੂੰ ਪਰਸ਼ੋਤਮ ਦਾ- ‘ਲੌਂਗ ਮੰਗਵਾਇਆ ਨੀਂ ਮੈਂ ਸਈਓ ਕਸ਼ਮੀਰ ਤੋਂ’, ਮੁਹੰਮਦ ਰਫ਼ੀ ਨੇ ਗਾਇਆ- ‘ਜੀ ਕਰਦੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ’, ਨੁਸਰਤ ਫਤਿਹ ਅਲੀ ਨੇ- ‘ਚੰਨ ਮਾਹੀਆ ਵੇ ਢੋਲ ਮਾਹੀਆ, ਇੱਕ ਵਾਰੀ ਹੱਸ ਕੇ ਤਾਂ ਬੋਲ ਮਾਹੀਆ’, ਮੁਕੇਸ਼ ਨੇ ਗਾਇਆ- ‘ਇਹ ਅੱਖੀਆਂ ਅੱਖੀਆਂ’। ਇਹ ਗੀਤ ਨਰਿੰਦਰ ਚੰਚਲ ਨੇ ਵੀ ਗਾਇਆ- ‘ਗੁੱਡੀ ਵਾਂਗੂੰ ਅੱਜ ਮੈਨੂੰ ਸੱਜਣਾ ਉੜਾਈ ਜਾ ਉੜਾਈ ਜਾ ਉੜਾਈ ਜਾ’, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੇ- ‘ਤਲਵਾਰ ਮੈਂ ਕਲਗੀਧਰ ਦੀ ਹਾਂ’, ਕਿਸ਼ੋਰ ਕੁਮਾਰ ਨੇ- ‘ਮੁਨੀਮ ਜੀ’ ਫਿਲਮ ਵਿੱਚ ‘ਏਕ ਚਿੰਗਾਰੀ ਆਖੋਂ ਕੀ’ ਹੋਰ ਵੀ ਬੜੇ ਨੇ, ਮੁੱਕਣ ’ਚ ਨਹੀਂ ਆਉਣਗੇ, ਫੇਰ ਦੱਸਾਂਗਾ ਕਦੀ… ਹੁਣ ਮੈਂ ਜਾਣੈ… ਮੈਨੂੰ ਕੰਮ ਏਂ।’’

ਉਹ ਲੋਕਾਂ ਦੀ ਭੀੜ ਚੀਰਦਾ ਹੋਇਆ ਪਰੇ ਨੂੰ ਤੁਰ ਪਿਆ। ਸੁਣਨ ਵਾਲੇ ਸਭ ਹੈਰਾਨ ਹੋਏ ਖਲੋਤੇ ਸਨ। ਕਈਆਂ ਨੂੰ ਸੱਚ ਨਹੀਂ ਸੀ ਆ ਰਿਹਾ ਕਿ ਇਹੋ ਸਨਮੁੱਖ ਸਿੰਘ ਆਜ਼ਾਦ ਹੈ, ਜੋ ਇੰਨੇ ਮਸ਼ਹੂਰ ਅਤੇ ਲੋਕ-ਗੀਤਾਂ ਦਾ ਰੂਪ ਧਾਰਨ ਕਰ ਗਏ ਗੀਤਾਂ ਦਾ ਰਚੇਤਾ ਹੈ?

ਸਵੇਰ ਨੇ ਹਾਲੇ ਅੰਗੜਾਈ ਭੰਨੀ ਹੀ ਸੀ, ਚਾਹ ਪੀਂਦਿਆਂ ਜਗਦੇਵ ਸਿੰਘ ਜੱਸੋਵਾਲ ਆਖਣ ਲੱਗਿਆ, ‘‘ਬਹੁਤ ਦਿਨ ਹੋ ਗਏ, ਸਨਮੁੱਖ ਸਿੰਘ ਆਜ਼ਾਦ ਮਿਲਿਆ ਨਹੀਂ… ਚੱਲ ਉਹਦੇ ਘਰ ਚੱਲੀਏ…।’’ ਫਿਰ ਅਸੀਂ ਰਿਕਸ਼ੇ ’ਤੇ ਪਹੁੰਚ ਗਏ। ਛੋਟੇ ਜਿਹੇ ਲੋਹੇ ਦੇ ਬੂਹੇ ਵਾਲੀ ਕੰਧ ਉੱਤੇ ਲਿਖਿਆ ਹੋਇਆ ਸੀ, ‘‘ਮਣਕਿਆ ਵਾਲੀ ਸਰਕਾਰ ਸਾਈਂ ਮੁੱਖੇ ਸ਼ਾਹ।’’ ਮੈਂ ਹੈਰਾਨ ਹੋਇਆ ਕਿ ਆਹ ਕੀ ਲਿਖ ਰੱਖਿਐ।

ਜੱਸੋਵਾਲ ਨੇ ਦੱਸਿਆ, ‘‘ਇਹ ਹੁਣ ਸਾਈਂ ਬਣਿਆ ਹੋਇਆ, ਪੁੱਛਾਂ ਵੀ ਦਿੰਦੈ ਲੋਕਾਂ ਨੂੰ।’’

ਸਨਮੁੱਖ ਸਿੰਘ ਆਜ਼ਾਦ ਬਾਹਰ ਨਿਕਲਿਆ। ਅਸੀਂ ‘ਰਾਮ ਸੱਤ’ ਆਖੀ। ਉਸ ਕੋਈ ਜਵਾਬ ਨਾ ਦਿੱਤਾ ਤੇ ਬੋਲਿਆ, ‘‘ਮੈਨੂੰ ਸਹੁੰ ਮੇਰੇ ਅੱਲ੍ਹਾ ਦੀ, ਮੈਂ ਤੇ ਤੁਹਾਡੇ ਵੱਲ ਨੂੰ ਈ ਆ ਰਿਹਾ ਸਾਂ…।’’ ਸਨਮੁਖ ਸਿੰਘ ਆਜ਼ਾਦ ਸਾਡੇ ਰਿਕਸ਼ੇ ਦੇ ਪਿੱਛੇ-ਪਿੱਛੇ ਤੁਰਨ ਲੱਗਿਆ। ਅਸੀਂ ਜੱਸੋਵਾਲ ਦੇ ਘਰ ਆ ਬੈਠੇ। ਮੈਂ ਸਨਮੁੱਖ ਸਿੰਘ ਨੂੰ ਉਸ ਦੇ ਜਨਮ ਅਤੇ ਪਿਛੋਕੜ ਬਾਰੇ ਪੁੱਛਿਆ। ਉਹ ਬੋਲਿਆ:

‘‘ਮੇਰਾ ਜਨਮ ਪਿੰਡ ਰਾਜੜ, ਤਹਿਸੀਲ ਫਤਹਿਗੰਜ, ਜ਼ਿਲ੍ਹਾ ਕੈਂਬਲਪੁਰ (ਲਹਿੰਦੇ ਪੰਜਾਬ) ਵਿੱਚ 15 ਫਰਵਰੀ ਨੂੰ ਹੋਇਆ… ਮੇਰੀ ਮਾਂ ਦਾ ਨਾਂ ਮਾਇਆ ਵੰਤੀ ਸੀ ਤੇ ਪਿਤਾ ਸਨ ਗਿਆਨੀ ਪ੍ਰੇਮ ਸਿੰਘ ਗੌਹਰ, ਉੱਚ ਕੋਟੀ ਦੇ ਵਿਦਵਾਨ ਸਨ ਮੇਰੇ ਪਿਤਾ ਜੀ…। ਮੈਂ ਆਪਣੇ ਚਾਚੇ ਨਾਲ ਇੱਧਰ ਆ ਗਿਆ ਸੀ 1942-43 ਦੇ ਕਰੀਬ। ਮੈਂ ਫਗਵਾੜੇ ਪਹੁੰਚ ਗਿਆ ਸੀ ਆਜ਼ਾਦੀ ਤੋਂ ਚਾਰ ਵਰ੍ਹੇ ਪਹਿਲਾਂ… ਮੇਰਾ ਚਾਚਾ ਮਿਲਟਰੀ ਵਿੱਚ ਸੀ… ਮੈਂ ਆਪਣੀ ਮਾਂ ਕੋਲ ਤਾਂ ਰਿਹਾ ਈ ਨਹੀਂ… ਨਾਨੀ ਕੋਲ ਰਹਿੰਦਾ ਸੀ, ਉੱਥੋਂ ਚਾਚਾ ਲੈ ਆਇਆ। ਮੈਂ ਦੂਜੀ ਜਮਾਤ ਵਿੱਚੋਂ ਤਿੰਨ ਵਾਰ ਫੇਲ੍ਹ ਹੋਇਆ। ਅਸੀਂ ਦਸ ਭੈਣ ਭਰਾ ਸਾਂ… ਭਰਾ ਛੇ, ਭੈਣਾਂ ਚਾਰ।’’

‘‘ਮੇਰੇ ਤਿੰਨ ਬੱਚੇ ਨੇ… ਬੱਚਿਆਂ ਦੇ ਚੰਗੀ ਤਰ੍ਹਾਂ ਨਾਂ ਵੀ ਯਾਦ ਨਹੀਂ ਮੈਨੂੰ… ਜਿਹੜੇ ਨਾਂ ਮੈਂ ਪਾਏ, ਉਹ ਯਾਦ ਨੇ… ਬੇਬੀ ਰੁਪਿੰਦਰ ਕੌਰ, ਵੱਡਾ ਮੁੰਡਾ ਇੰਦਰਜੀਤ ਸਿੰਘ ਟਿੰਕੂ, ਛੋਟੇ ਦਾ ਨਾਂ ਯਾਦ ਨਹੀਂ ਏਂ।’’

‘‘ਬੱਚਿਆਂ ਨੂੰ ਵਿੱਛੜਿਆਂ ਨੂੰ ਕਿੰਨੇ ਸਾਲ ਹੋ ਗਏ?’’ ਮੈਂ ਪੁੱਛਿਆ।

‘‘ਕੋਈ ਦਸ ਬਾਰਾਂ ਸਾਲ ਹੋ ਗਏ। ਉਨ੍ਹਾਂ ਦੇ ਸਰਟੀਫਿਕੇਟ ਤਾਂ ਮੇਰੇ ਕੋਲ ਪਏ ਨੇ।’’

‘‘ਟੱਬਰ ਨੂੰ ਮਿਲਿਆ ਕਿੰਨੇ ਸਾਲ ਹੋ ਗਏ?’’

‘‘ਕਾਫ਼ੀ ਚਿਰ ਹੋ ਗਿਐ… ।’’

‘‘ਪੜ੍ਹੇ ਤੁਸੀਂ ਹੋ ਨਹੀਂ, ਫਿਰ ਇੰਨੀਆਂ ਜ਼ੁਬਾਨਾਂ ਕਿਵੇਂ ਸਿੱਖ ਲਈਆਂ?’’

‘‘ਘੁੰਮ ਘੁੰਮ ਕੇ ਸਿੱਖੀਆਂ… ਸਾਡਾ ਗਰੁੱਪ ਰਜਿਸਟਰਡ ਸੀ ਆਜ਼ਾਦ ਕਲਾ ਮੰਦਰ… ਮੈਂ ਜ਼ਿਆਦਾ ਪ੍ਰੋਗਰਾਮ ਮਿਲਟਰੀ ਦੇ ਕੀਤੇ ਨੇ।’’

‘‘ਜਦੋਂ ਮੈਂ ਪਹਿਲਾ ਗੀਤ ਲਿਖਿਆ ਮੇਰੀ ਉਮਰ ਸੋਲਾਂ ਸਾਲ ਦੀ ਸੀ… ਨੂਰਜਹਾਂ ਨੇ ਗਾਇਆ ‘ਟਾਹਲੀਆਂ ਦੇ ਟਾਹਣ ਚੀਕਦੇ, ਪੀਂਘ ਟੁੱਟ ਗਈ ਹੁਲਾਰਾ ਖਾ ਕੇ…। ਨੂਰਜਹਾਂ ਨਾਲ ਮੇਲ ਮੇਰੇ ਚਾਚਾ ਜੀ ਨੇ ਕਰਵਾਇਆ। ਮੈਂ ਲਾਹੌਰ ਸਾਂ… ਮਹਬਿੂਬ ਖਾਂ ਨੇ ਫਿਲਮ ਬਣਾਈ ‘ਧੀ ਰਾਣੀ’ ਉਹਦੇ ਵਿੱਚ ਗਾਇਆ ਇਹਨੇ ਤੇ ਦੂਸਰਾ ਗੀਤ ਸੀ ਇਸੇ ਫਿਲਮ ਵਿੱਚ ‘ਧੀਆਂ ਤੇ ਧੰਨ ਪਰਾਇਆ ਵੇ ਬਾਬਲਾ, ਤੂੰ ਪਿਆਰ ਕਿਉਂ ਏਨਾ ਪਾਇਆ ਵੇ ਬਾਬਲਾ’। ਉਸ ਵੇਲੇ ਮੈਨੂੰ ਪੰਜ ਸੌ ਰੁਪਏ ਮਿਲੇ… ਰੇਸ਼ਮਾ ਦੇ ਗਏ ਗੀਤ ‘ਹਾਏ ਓ ਰੱਬਾ ਨਹੀਓਂ ਲੱਗਦਾ ਦਿਲ ਮੇਰਾ’ ਲਈ ਮੈਨੂੰ ਪੰਜ ਹਜ਼ਾਰ ਰੁਪਏ ਮਿਲੇ। ‘ਅਣਖ ਜੱਟਾਂ ਦੀ’ ਫਿਲਮ ਵਿੱਚ ‘ਨੀਂ ਤੂੰ ਯਾਰ ਦੀ ਬੁੱਕਲ ਵਿੱਚ ਸੌਂ ਗਈ… ਨੀਂ ਸੌਂ ਗਏ ਤੇਰੇ ਭਾਗ ਸੱਸੀਏ’, ਫਿਲਮ ‘ਗੱਭਰੂ ਪੰਜਾਬ ਦਾ’ ਵਿੱਚ ਸਰਬਜੀਤ ਦਾ ਗਾਇਆ ਗੀਤ… ਜੋ ਰਮਾ ਵਿਜ ’ਤੇ ਫਿਲਮਾਇਆ ਗਿਆ, ‘ਲੋਕੀਂ ਮੈਨੂੰ ਕਹਿੰਦੇ ਨੇ ਲੜਾਕੀ, ਲੜਾਕੀ ਮੇਰੀ ਅੱਖ ਸੱਜਣਾ’, ‘ਯੇ ਚਿੰਗਾਰੀ ਆਂਖੋਂ ਕੀ’ ਤੇ ਹੋਰ ਵੀ ਕਈ ਫਿਲਮਾਂ ਨੇ ਜੋ ਮੈਨੂੰ ਯਾਦ ਨਹੀਂ… ਅਫਸ਼ਾਂ ਨੇ ਗਾਇਆ ‘ਗੁੱਡੀ ਵਾਂਗੂੰ ਅੱਜ ਮੈਨੂੰ ਸੱਜਣਾ…’ ਤਾਂ ਪਾਕਿਸਤਾਨ ਵਿੱਚ ਤਹਿਲਕਾ ਮੱਚ ਗਿਆ। ਫਿਰ ਇਹੋ ਜਗਮੋਹਣ ਕੌਰ ਨੇ ਗਾਇਆ। ਇਸ ਤੋਂ ਪਹਿਲਾਂ ਜਗਮੋਹਣ ਕੌਰ ਨੇ ਮੇਰਾ ਗੀਤ ਗਾਇਆ ‘ਹਾਏ ਨੀਂ ਤੂੰਬਾ ਵੱਜਦਾ ਨਾ ਬਿਨ ਤਾਰ ਕੁੜੇ’। ਇਹ ਗੀਤ ਮੇਰੀ ਨਾਨੀ ਗਾਇਆ ਕਰਦੀ ਸੀ… ਉਹ ਚਰਖਾ ਕੱਤਦੀ ਗਾਉਂਦੀ ਹੁੰਦੀ ਸੀ… ਮੈਂ ਕਾਫ਼ੀ ਛੋਟਾ ਹੁੰਦਾ ਸਾਂ। ਮੈਂ ਉਹਦੇ ਗੀਤ ਸੁਣਦਾ ਸਾਂ… ਮੇਰੇ ਹਾਲੇ ਵੀ ਯਾਦ ਨੇ ਉਹ ਗੀਤ… ਉੱਥੋਂ ਹੀ ਲਿਖਣ ਦੀ ਚੇਟਕ ਲੱਗੀ। ਮੇਰੀ ਮਾਂ ਵੀ ਗਾਉਂਦੀ ਹੁੰਦੀ ਸੀ।’’ ਆਪਣੀ ਮਾਂ ਤੇ ਨਾਨੀ ਦੇ ਗਾਏ ਗੀਤਾਂ ਨੂੰ ਗੁਣਗੁਣਾਉਂਦਿਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਟਪਕ ਪਏ ਸਨ।

‘‘ਸੁਰਿੰਦਰ ਕੌਰ ਨੇ ਮੇਰਾ ਪਹਿਲਾ ਗੀਤ ਰਿਕਾਰਡ ਕਰਵਾਇਆ ‘ਕੰਘੀ ਵਾਹਵਾਂ ਤੇ ਦੁਖਣ ਮੇਰੇ ਵਾਲ ਨੀਂ ਮਾਏ’, ‘ਠੰਢੀਏ ਠੰਢੀਏ ਮਿੱਠੀਏ ਸੁਗੰਧਾਂ ਭਿੱਜੀਏ ਨੀਂ ਹਵਾਏ, ਆਖੀਂ ਖਾਂ ਮੇਰੇ ਸੱਜਣ ਨੂੰ ਆ ਕੇ ਕਦੇ ਮਿਲ ਜਾਏ’, ‘ਚੁੰਮ ਚੁੰਮ ਕੇ ਰੁਮਾਲ ਤੇਰਾ ਰੋਈ ਜਦੋਂ ਵੇ ਤੇਰੀ ਯਾਦ ਆ ਗਈ, ਮੈਨੂੰ ਚੁੱਪ ਨਾ ਕਰਾਉਣ ਵਾਲਾ ਕੋਈ, ਜਦੋਂ ਵੇ ਤੇਰੀ ਯਾਦ ਆ ਗਈ’। ਮੈਂ ਪੱਛਮੀ ਪੰਜਾਬੀ ਦੀ ਬੋਲੀ ਲਿਖਦਾਂ… ਮੈਨੂੰ ਏਧਰਲੇ ਪੰਜਾਬ ਦੀ ਬੋਲੀ ਲਿਖਣੀ ਨਹੀਂ ਆਉਂਦੀ… ਮੈਂ ਮਾਤਾ ਦੀਆਂ ਭੇਟਾਂ ਵੀ ਲਿਖਦਾ ਰਿਹਾ ਵਾਂ… ਆਸਾ ਸਿੰਘ ਮਸਤਾਨਾ ਨੇ ਮੇਰੇ ਬਾਰਾਂ ਗੀਤ ਗਾਏ… ਇੱਕ ਉਹਨੇ ਮੇਰੇ ਤੋਂ ਪੈਰੋਡੀ ਗੀਤ ਲਿਖਵਾਇਆ ਸੀ… ‘ਹਾਏ ਰੱਬ ਜੀ ਮੈਂ ਨਹੀਂ ਬੋਲਣਾ’। ਫੌਜੀਆਂ ਵਿੱਚ ਗੀਤ ਬੜਾ ਹਰਮਨਪਿਆਰਾ ਸੀ… ‘ਵੇ ਸੂਬੇਦਾਰਾ ਦੋ ਮੰਜੀਆਂ ਦੀ ਥਾਂ, ਇੱਕ ਤੂੰ ਡਾਹ ਲਈ, ਇੱਕ ਮੈਂ ਡਾਹ ਲਈ, ਭੁੰਜੇ ਸੌਵੇਂ ਤੇਰੀ ਮਾਂ’। ਹੁਣ ਕਿਸੇ ਨੇ ਇਹ ਭੰਨ ਕੇ ਸੂਬੇਦਾਰਾ ਦੀ ਥਾਂ ’ਤੇ ਥਾਣੇਦਾਰਾ ਕਰ ਦਿੱਤੈ… ਮੇਰੇ ਗੀਤ ਸਾਰੇ ਈ ਲੋਕਾਂ ਚੋਰੀ ਕੀਤੇ ਨੇ। ਸਾਈਂ ਦੀਵਾਨਾ ਨੇ ਮੈਨੂੰ ਗਾਇਆ। ਉਹ ਪਹਿਲਾ ਕਲਾਕਾਰ ਸੀ ਐੱਚਐੱਮਵੀ ਦਾ। ਮੈਂ ਨਰਿਗਸ ਦੱਤ ਕੋਲ ਨੌਕਰੀ ਕਰਦਾ ਰਿਹਾ… ਜੰਤਾ ਆਰਟਸ ਵਿੱਚ ਮੈਂ ਡਾਂਸ ਕਰਦਾ ਸਾਂ… ਤਨਖਾਹ ਮਿਲਦੀ ਸੀ ਪੰਜ ਹਜ਼ਾਰ ਰੁਪਏ। ਨਰਗਿਸ ਦਾ ਉਦੋਂ ਸੁਨੀਲ ਦੱਤ ਨਾਲ ਨਵਾਂ ਵਿਆਹ ਹੋਇਆ ਸੀ… ਸੰਜੇ ਨੂੰ ਮੈਂ ਕੁੱਛੜ ਚੁੱਕ ਕੇ ਖਿਡਾਉਂਦਾ… ਕੈਫ਼ੀ ਆਜ਼ਮੀ ਤੇ ਮੈਂ ਭਰਾ ਬਣੇ ਹੋਏ ਸਾਂ… ਇਹਦੀ ਮਾਂ ਸੀ ਸ਼ੌਕਤ ਆਜ਼ਮੀ। ਬੰਬੇ ਮੈਂ 20 ਸਾਲ ਲਾਏ। ਫੁੱਟਪਾਥ ਉੱਤੇ ਸੌਂਦਾ ਰਿਹਾ। ਉੱਥੇ ਮਕਾਨ ਨਹੀਂ ਸੀ ਮਿਲਦੇ।’’

‘‘ਤੁਹਾਡੇ ਦੋਸਤ ਕੌਣ ਸਨ?’’

‘‘ਸਾਹਿਰ ਲੁਧਿਆਣਵੀ, ਗੁਲਸ਼ਨ ਬਾਵਰਾ, ਰਜਿੰਦਰ ਸਿੰਘ ਬੇਦੀ, ਬਲਰਾਜ ਸਾਹਨੀ, ਬਲਵੰਤ ਗਾਰਗੀ ਨੂੰ ਮਿਲਿਆ, ਚੰਗਾ ਪ੍ਰੇਮ ਪਿਆ… ਮੇਰੇ ਮਨਮੋਹਨ ਕ੍ਰਿਸ਼ਨ ਤੇ ਓਮ ਪ੍ਰਕਾਸ਼ ਚੰਗੇ ਮਿੱਤਰ ਸਨ। ਬੜੀ ਪੁਰਾਣੀ ਗੱਲ ਏ ਮੈਂ ਉਦੋਂ ਸਾਧ ਸਾਂ… ਮੈਂ ਤਪੋਬਨ ਸਾਂ… ਮੇਰੇ ਜਟਾਂ ਸਨ ਜੁੜੀਆਂ ਹੋਈਆਂ… ਮੈਂ ਕੁੰਭ ਦੇ ਮੇਲੇ ’ਤੇ ਗਿਆ ਤੇ ਉੱਥੋਂ ਪਰਤ ਕੇ ਧਾਰੀਵਾਲ ਆਪਣੀ ਮਾਸੀ ਕੋਲ ਚਲੇ ਗਿਆ… ਮੇਰੀ ਮਾਸੀ ਨੇ ਕੀ ਕੀਤਾ ਕਿ ਉਸ ਨੇ ਜ਼ਿਦ ਨਾਲ ਮੈਨੂੰ ਫੜ ਕੇ, ਨਾਈ ਸੱਦ ਕੇ, ਮੇਰੀਆਂ ਜਟਾਂ ਕਟਵਾ ਸੁੱਟੀਆਂ… ਮੈਂ ਘੋਨ ਮੋਨ ਹੋ ਗਿਆ… ਅਸਲੋਂ ਈ ਗੰਜਾ… ਮੈਂ ਮਾਸੀ ਕੋਲੋਂ ਮੁੜ ਰਿਹਾ ਸਾਂ… ਬਟਾਲੇ ਵਾਲੀ ਬੱਸ ਵਿੱਚ ਬੈਠਾ। ਬੱਸ ਵਿੱਚ ਇੱਕ ਗੱਭਰੂ ਬੈਠਾ ਸੀ, ਉਹਦੇ ਹੱਥ ਵਿੱਚ ‘ਕਵਿਤਾ’ ਨਾਂ ਦਾ ਰਸਾਲਾ ਸੀ। ਵਿਧਾਤਾ ਸਿੰਘ ਤੀਰ ਉਸ ਨੂੰ ਛਾਪਦਾ ਸੀ…।’’

‘‘ੲਿਹ 1956-57 ਦੀ ਗੱਲ ਏ… ਉਸ ਦੀ ਪਿਛਲੀ ਜਿਲਦ ਉੱਪਰ ਦੋ ਕਵਿਤਾਵਾਂ ਛਪੀਆਂ ਹੋਈਆਂ ਸਨ, ਇੱਕ ਮੇਰੀ ਛਪੀ ਹੋਈ ਸੀ, ਮੈਂ ਉਹਦੇ ਹੱਥ ’ਚ ਰਸਾਲਾ ਦੇਖ ਕੇ ਮੰਗਿਆ ਤੇ ਕਿਹਾ, ‘‘ਅਹਿ ਰਚਨਾ ਮੇਰੀ ਛਪੀ ਹੋਈ ਏ।’’ ਉਸ ਨੇ ਦੇਖ ਕੇ ਕਿਹਾ ‘‘ਤੁਸੀਂ ਤਾਂ ਬਾਊ ਹੋ, ਗੰਜੇ ਹੋ, ਤੇ ਨਾਂ ਸਨਮੁੱਖ ਸਿੰਘ ਆਜ਼ਾਦ ਲਿਖਿਆ ਹੈ… ਮੈਂ ਆਪਣਾ ਸਿਰ ਮੁੰਨਾਉਣ ਦੀ ਸਾਰੀ ਕਥਾ ਉਸ ਨੂੰ ਸੁਣਾਈ… ਉਸ ਗੱਭਰੂ ਨੇ ਕਿਹਾ… ਅਹਿ ਰਚਨਾ ਮੇਰੀ ਛਪੀ ਏ, ਮੇਰਾ ਨਾਂ ਸ਼ਿਵ ਕੁਮਾਰ ਏ ਤੇ ਉਸ ਪਿੱਛੋਂ ਸਾਡੀ ਯਾਰੀ ਪੈ ਗਈ… ਅਸੀਂ ਅੱਡੇ ਉੱਤੇ ਉਤਰੇ ਤੇ ‘ਸੰਤਰਾ ਮਾਰਕਾ’ ਦਾਰੂ ਪੀਤੀ… ਕਾਦੀਆਂ ਉਹਦੇ ਦੋਸਤ ਦੇ ਘਰ ਰਾਤ ਕੱਟੀ… ਸ਼ਿਵ ਦੀ ਰਚਨਾ ਉਦੋਂ ਛਪੀ… ਮੈਨੂੰ ਚੇਤੇ ਏ, ‘ਧੀਆਂ ਧਰੇਕਾਂ ਜੰਮੀਆਂ ਇੱਕ ਦਿਨ ਹੋਣ ਪਰਾਈਆਂ’ ਤੇ ਮੇਰੀ ਰਚਨਾ ਵਿੱਚ ਹੂ ਦੀ ਹੂਕ ਸੀ। ਹੂ ਦੀ ਹੂਕ ਨੂੰ ਸਮਝਣਾ ਬੜਾ ਔਖਾ ਏ, ‘ਮੈਂ ਗ਼ਮਾਂ ਦੀ ਧੀ ਵੇ ਸਖੀਆ, ਜਿੰਨ ਸੰਗ ਕਿੱਕਲੀ ਪਾਈ ਹੂ…।’’ ਕੇ. ਪੰਨਾ ਲਾਲਾ ਮਿਊਜ਼ਿਕ ਦੇ ਰਿਹਾ ਸੀ, ਮੇਰੇ ਗੀਤ ਰਿਕਾਰਡ ਹੋ ਰਹੇ ਸਨ ਐੱਚਐੱਮਵੀ ਵਿੱਚ। ਨੰਦ ਲਾਲ ਨੂਰਪੁਰੀ ਦੂਰੋਂ ਰਿਸ਼ਤੇਦਾਰੀ ’ਚੋਂ ਮੇਰਾ ਤਾਇਆ ਲੱਗਦਾ ਸੀ… ਮੇਰਾ ਗੀਤ ਰਿਕਾਰਡ ਹੋ ਰਿਹਾ ਸੀ ਤਾਂ ਨਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਵਿੱਚ ‘ਅਸੀਂ ਗਿੱਧੇ ’ਚ ਨਣਾਣ ਭਾਬੀ ਨੱਚੀਆਂ ਤੇ ਗਿੱਠ ਗਿੱਠ ਬਹਿਗੀ ਧਰਤੀ…।’ ਪੰਨਾ ਲਾਲ ਮਿਊਜ਼ਿਕ ਸਟੂਡੀਓ ਵਿੱਚ ਬੈਠਾ… ਤੇ ਸੁਰਿੰਦਰ ਕੌਰ ਉੱਥੇ ਡੇਟ ਲੈਣ ਆਈ ਹੋਈ ਸੀ। ਉਹ ਸੰਗੀਤਕਾਰ ਕੇ. ਪੰਨਾ ਲਾਲ ਦੀ ਸ਼ਾਗਿਰਦ ਸੀ… ਮੈਂ ਉਦੋਂ ਸਰਦਾਰ ਬਣ ਗਿਆ ਸਾਂ… ਚੂੜੀਦਾਰ ਕੁੜਤਾ ਪਜਾਮਾ ਪਾਇਆ ਹੋਇਆ ਤੇ ਤੁਰਲੇ ਵਾਲੀ ਪਗੜੀ ਸੀ। ਮੇਰੇ ਨਾਲ ਸ਼ਿਵ ਕੁਮਾਰ ਵੀ ਆਇਆ ਹੋਇਆ ਸੀ, ਉਹ ਪਹਿਲੀ ਵਾਰ ਮੇਰੇ ਨਾਲ ਹੀ ਦਿੱਲੀ ਆਇਆ ਸੀ। ਸੁਰਿੰਦਰ ਕੌਰ ਮੈਨੂੰ ਦੇਖ ਕੇ ਆਖਣ ਲੱਗੀ… ‘ਵੇ ਮੁੰਡਿਆ ਬਹੁਤਾ ਸੋਹਣਾ ਲਗਨਾ ਪਿਆ ਏਂ… ਮੇਰੇ ਘਰ ਜ਼ਰੂਰ ਆਉਣਾ… ਪੰਨਾ ਲਾਲ ਜੀ ਇਹਨੂੰ ਮੇਰੇ ਘਰ ਆਪਣੇ ਨਾਲ ਲੈ ਕੇ ਆਉਣਾ ਜ਼ਰੂਰ’। ਜਦੋਂ ਸੁਰਿੰਦਰ ਕੌਰ ਨੂੰ ਪਤਾ ਲੱਗਾ ਕਿ ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਮੇਰਾ ਹੀ ਲਿਖਿਆ ਗੀਤ ਰਿਕਾਰਡ ਕਰਵਾ ਰਹੀਆਂ ਨੇ ਤਾਂ ਉਹ ਹੋਰ ਬਾਗੋ-ਬਾਗ ਹੋ ਗਈ… ਆਖਣ ਲੱਗੀ, ‘ਮੈਨੂੰ ਵੀ ਦੇਈਂ ਗੀਤ ਆਪਣੇ…।’ ਮੈਂ ਆਖਿਆ ਬੀਬੀ ਜੀ, ਮੈਂ ਗੀਤਾਂ ਦੇ ਪੈਸੇ ਲੈਂਦਾ ਹੁੰਨਾਂ… ਉਹ ਮੈਨੂੰ ਹਮੇਸ਼ਾਂ ‘ਗਰਕ ਜਾਣਿਆ’ ਆਖ ਕੇ ਬੁਲਾਉਂਦੀ ਸੀ… ਕਹਿੰਦੀ ‘ਮੇਰਾ ਨਾਂ ਸੁਰਿੰਦਰ ਕੌਰ ਐ… ਸੁਰਿੰਦਰ ਕੌਰ… ਤੈਨੂੰ ਕੰਪਨੀ ਰਾਇਲਟੀ ਦੇਵੇਗੀ।’ ਮੈਂ ਕਿਹਾ ਕੰਪਨੀ ਰਾਇਲਟੀ ਦੇਵੇਗੀ ਆਪਣੀ ਲੋੜ ਨੂੰ, ਤੁਸੀਂ ਦੱਸੋ ਕੀ ਦਿਉਗੇ? ਉਹਨੂੰ ਪਤਾ ਲੱਗ ਗਿਆ ਕਿ ਇਹ ਕੋਈ ‘ਚੀਜ਼’ ਏ। ਮੈਂ ਸ਼ਿਵ ਨੂੰ ਵੀ ਪੈਸੇ ਦੁਆਏ… ਸੁਰਿੰਦਰ ਕੌਰ ਨੇ ਉਹਦਾ ਗੀਤ ਗਾਇਆ ‘‘ਮੈਨੂੰ ਹੀਰੇ ਹੀਰੇ ਆਖੇ ਹਾਏ ਨੀਂ ਮੁੰਡਾ ਲੰਬੜਾਂ ਦਾ’, ਇੱਕ ਗਾਇਆ, ‘ਇੱਕ ਮੇਰੀ ਅੱਖ ਕਾਸ਼ਨੀ’, ਫਿਰ ਚੱਲ ਸੋ ਚੱਲ… ਮੈਂ ਸ਼ਿਵ ਨੂੰ ਸਮਝਾਇਆ, ਗ਼ਮ-ਏ-ਆਸ਼ਕੀ ਇੱਕ ਐਸਾ ਜਾਮ ਹੈ, ਯੇ ਤਿਸ਼ਨਗੀ ਬੜ੍ਹਾ ਦੇਤਾ ਹੈ… ਸ਼ਿਵ ਕਹਿੰਦਾ ਮੈਨੂੰ ਸਮਝ ਨਹੀਂ ਆਈ… ਮੈਂ ਕਿਹਾ ਤਿਸ਼ਨਗੀ, ਇਹ ਪਿਆਸ… ਅੱਗ ਦੀ ਪਿਆਸ… ਅੱਗ ਪੀਣੋ ਹਟ ਜਾ ਤੂੰ…।’’