ਇੰਟਰਨੈੱਟ ਦੀ ਦੁਰਵਰਤੋਂ

ਇੰਟਰਨੈੱਟ ਦੀ ਦੁਰਵਰਤੋਂ

ਡਾ. ਰਣਜੀਤ ਸਿੰਘ

ਮੋਬਾਈਲ ਫੋਨ ਸਾਡੇ ਜੀਵਨ ਦਾ ਅਨਿਖੱੜਵਾਂ ਅੰਗ ਬਣ ਗਿਆ ਹੈ। ਪੰਜਾਬ ਵਿੱਚ ਕੋਈ ਵੀ ਪਰਿਵਾਰ ਅਜਿਹਾ ਨਹੀਂ ਹੈ ਜਿਸ ਕੋਲ ਫੋਨ ਨਾ ਹੋਵੇ। ਬਹੁਤੇ ਪਰਿਵਾਰਾਂ ਵਿੱਚ ਤਾਂ ਟੱਬਰ ਦੇ ਸਾਰੇ ਮੈਂਬਰਾਂ ਕੋਲ ਆਪੋ ਆਪਣੇ ਸਮਾਰਟ ਫੋਨ ਹਨ। ਕਰੋਨਾ ਮਹਾਮਾਰੀ ਕਾਰਨ ਵਿਦਿਆਰਥੀਆਂ ਦੀਆਂ ਕਲਾਸਾਂ ਆਨਲਈਨ ਲੱਗਣ ਕਰਕੇ ਸਾਰੇ ਹੀ ਬੱਚਿਆਂ ਕੋਲ ਸਮਾਰਟ ਫੋਨ ਹਨ। ਬੱਚੇ ਸਕੂਲ ਤਾਂ ਜਾਂਦੇ ਨਹੀਂ ਸਨ, ਉਹ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਵੀ ਫੋਨ ਦੀ ਹੀ ਵਰਤੋਂ ਕਰਦੇ ਹਨ। ਦੋਸਤਾਂ ਨਾਲ ਖੇਡਣਾ, ਪਰਿਵਾਰ ਦੇ ਮੈਂਬਰਾਂ ਨਾਲ ਗੱਲਾਂ ਕਰਨੀਆਂ, ਉਹ ਭੁੱਲ ਗਏ ਹਨ।

ਬੱਚੇ ਹੀ ਨਹੀਂ ਵੱਡੇ ਵੀ ਇਸ ਆਦਤ ਦਾ ਸ਼ਿਕਾਰ ਹੋ ਰਹੇ ਹਨ। ਵਿਗਿਆਨੀਆਂ ਨੇ ਤਾਂ ਇਸ ਆਦਤ ਨੂੰ ਬਿਮਾਰੀ ਦਾ ਨਾਮ ਦਿੱਤਾ ਹੈ। ਜਿਵੇਂ ਕਿਸੇ ਨੂੰ ਨਸ਼ੇ ਦੀ ਆਦਤ ਹੋਵੇ ਉਹ ਨਸ਼ਈ ਬਣ ਜਾਂਦਾ ਹੈ ਇਵੇਂ ਹੀ ਮੋਬਾਈਲ ਦੀ ਵੀ ਲਤ ਪੱਕੀ ਹੋ ਰਹੀ ਹੈ। ਮੋਬਾਈਲ ਘਰ ਰਹਿ ਜਾਵੇ ਜਾਂ ਖਰਾਬ ਹੋ ਜਾਵੇ, ਮਨ ਬੁਰੀ ਤਰ੍ਹਾਂ ਬੇਚੈਨ ਹੋਣ ਲੱਗਦਾ ਹੈ ਜਿਵੇਂ ਕੋਈ ਨਸ਼ਈ ਨਸ਼ਾ ਟੁੱਟਣ ’ਤੇ ਬੇਚੈਨ ਹੋ ਜਾਂਦਾ ਹੈੇ। ਉਹੋ ਹਾਲ ਹੁਣ ਸਮਾਰਟ ਫੋਨ ਦੀ ਵਰਤੋਂ ਕਰਨ ਵਾਲਿਆਂ ਦਾ ਹੋ ਰਿਹਾ ਹੈ। ਕਿਸੇ ਦੇ ਘਰ ਚਲੇ ਜਾਵੋ, ਘਰ ਦੇ ਮੈਂਬਰ ਆਪਸ ਵਿੱਚ ਗੱਲਾਂ ਕਰਨ ਦੀ ਥਾਂ ਆਪੋ ਆਪਣੇ ਮੋਬਾਈਲ ਨੂੰ ਚਿੰਬੜੇ ਹੋਏ ਨਜ਼ਰ ਆਉਣਗੇ। ਇੱਥੋਂ ਤੱਕ ਵੀ ਦੇਖਣ ਵਿੱਚ ਆਇਆ ਹੈ ਕਿ ਜੇਕਰ ਸੜਕ ਉਤੇ ਫਾਟਕ ਬੰਦ ਹੈ ਤਾਂ ਸਾਰੇ ਹੀ ਝਟ ਆਪਣੇ ਮੋਬਾਈਲ ਕੱਢ ਲੈਂਦੇ ਹਨ। ਕਾਰ ਵਿੱਚ ਸਫ਼ਰ ਕਰਦੇ ਸਮੇਂ ਵੀ ਆਪਸ ਵਿੱਚ ਗੱਲਾਂ ਕਰਨ ਦੀ ਥਾਂ ਸਾਰੀਆਂ ਸਵਾਰੀਆਂ ਆਪੋ ਆਪਣੇ ਮੋਬਾਈਲ ਉਤੇ ਉਂਗਲਾਂ ਮਾਰ ਰਹੀਆਂ ਹੁੰਦੀਆਂ ਹਨ।

ਕਦੇ ਜ਼ਮਾਨਾ ਸੀ ਕਿ ਰੇਲ ਜਾਂ ਬੱਸ ਵਿੱਚ ਸਫ਼ਰ ਕਰਨ ਸਮੇਂ ਬੁੱਕ ਸਟਾਲ ਤੋਂ ਅਖ਼ਬਾਰ, ਮੈਗਜ਼ੀਨ ਜਾਂ ਕੋਈ ਕਿਤਾਬ ਖਰੀਦੀ ਜਾਂਦੀ ਸੀ ਤਾਂ ਜੋ ਸਫ਼ਰ ਵਧੀਆ ਕੱਟਿਆ ਜਾ ਸਕੇ। ਸਵਾਰੀਆਂ ਆਪਸ ਵਿੱਚ ਗੱਲਾਂ ਕਰਦੀਆਂ ਸਨ। ਲੰਬੇ ਸਫ਼ਰ ਵਿੱਚ ਤਾਂ ਦੋਸਤੀਆਂ ਵੀ ਪੈ ਜਾਂਦੀਆਂ ਸਨ, ਪਰ ਹੁਣ ਅਜਿਹਾ ਨਹੀਂ ਹੈ। ਆਪਸ ਵਿੱਚ ਗੱਲਬਾਤ ਕਰਨ ਦੀ ਕਿਸੇ ਕੋਲ ਵਿਹਲ ਹੀ ਨਹੀਂ ਹੈ। ਜੇਕਰ ਮੇਰੇ ਵਰਗਾ ਪੁਰਾਣਾ ਬੰਦਾ ਗੱਲਬਾਤ ਕਰਨੀ ਵੀ ਚਾਹਵੇ ਤਾਂ ਹਾਂ ਹੂੰ ਵਿੱਚ ਹੀ ਜਵਾਬ ਮਿਲਦਾ ਹੈ। ਅਗਲਾ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਜਿਵੇਂ ਉਸ ਨੂੰ ਬੁਲਾਇਆ ਨਾ ਜਾਵੇ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਰਟ ਫੋਨ ਬੜੇ ਕੰਮ ਦੀ ਚੀਜ਼ ਹੈ। ਇਸ ਤੋਂ ਜਿਹੜੀ ਮਰਜ਼ੀ ਚਾਹੋ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕੰਮ ਦੀਆਂ ਗੱਲਾਂ ਹੋ ਸਕਦੀਆਂ ਹਨ। ਇੱਕ ਦੂਜੇ ਨਾਲ ਸਬੰਧ ਜੋੜੇ ਜਾ ਸਕਦੇ ਹਨ। ਕਦੇ ਸਮਾਂ ਸੀ ਜਦੋਂ ਟੈਲੀਫੋਨ ਹੁੰਦੇ ਸਨ। ਪਰਦੇਸ ਤਾਂ ਦੂਰ ਆਪਣੇ ਸ਼ਹਿਰ ਤੋਂ ਦੂਸਰੇ ਸ਼ਹਿਰ ਗੱਲ ਕਰਨ ਲਈ ਵੀ ਕਈ ਘੰਟੇ ਉਡੀਕ ਕਰਨੀ ਪੈਂਦੀ ਸੀ, ਪਰ ਕਿਸੇ ਦੀ ਲੋੜ ਤੋਂ ਵੱਧ ਵਰਤੋਂ ਭੈੜੀ ਹੁੰਦੀ ਸੀ। ਮੋਬਾਈਲ ਨੇ ਸਾਨੂੰ ਝੂਠ ਬੋਲਣਾ ਸਿਖਾ ਦਿੱਤਾ ਹੈ। ਜੇਕਰ ਕਿਸੇ ਨਾਲ ਗੱਲ ਨਾ ਕਰਨੀ ਹੋਵੇ ਤਾਂ ਘਰੋਂ ਬਾਹਰ ਹੋਣ ਦਾ ਕਾਰਨ ਬਣ ਜਾਂਦਾ ਹੈ। ਕਿਸ਼ੋਰਾਂ ਲਈ ਜਿੱਥੇ ਸਮਾਰਟ ਫੋਨ ਜਾਣਕਾਰੀ ਦਾ ਵਧੀਆ ਵਸੀਲਾ ਹੈ, ਉੱਥੇ ਗਲਤ ਸੋਚ ਉਭਾਰਨ ਲਈ ਵੀ ਜ਼ਿੰਮੇਵਾਰ ਹੈ। ਫੇਸਬੁੱਕ, ਯੂ ਟਿਊਬ, ਵਟਸਐਪ ਜਾਂ ਕੋਈ ਹੋਰ ਐਪ ਖੋਲ੍ਹ ਲਵੋ, ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਕਈ ਵਾਰ ਬਹੁਤ ਜ਼ਰੂਰੀ ਕੰਮ ਰਹਿ ਜਾਂਦੇ ਹਨ। ਇਸ ਨਾਲ ਕੰਮ ਦੀ ਕਾਰਜਕੁਸ਼ਲਤਾ ਉਤੇ ਵੀ ਮਾਰੂ ਪ੍ਰਭਾਵ ਪੈਂਦਾ ਹੈ। ਜਦੋਂ ਕਿਸੇ ਆਏ ਸੁਨੇਹੇ ਦੀ ਘੰਟੀ ਵੱਜਦੀ ਹੈ ਤਾਂ ਆਪਣੇ ਆਪ ਉਸ ਨੂੰ ਪੜ੍ਹਨ ਲਈ ਮਨ ਬੇਚੈਨ ਹੋ ਜਾਂਦਾ ਹੈ। ਵਾਰ ਵਾਰ ਅਜਿਹਾ ਹੁੰਦਾ ਹੈ ਤੇ ਜਿਹੜਾ ਕੰਮ ਕਰ ਰਹੇ ਹੁੰਦੇ ਹੋ ਉਸ ਵਿੱਚ ਵਿਘਨ ਪੈਣਾ ਤਾਂ ਲਾਜ਼ਮੀ ਹੀ ਹੈ। ਮਨੁੱਖੀ ਸਿਹਤ ਉਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੀਆਂ ਕਿਰਨਾਂ ਸਰੀਰ ਦਾ ਨੁਕਸਾਨ ਕਰਦੀਆਂ ਹਨ। ਹਰ ਵੇਲੇ ਟਿਕੀ ਨਜ਼ਰ, ਅੱਖਾਂ ਨੂੰ ਖਰਾਬ ਕਰਦੀ ਹੈ। ਜਦੋਂ ਅਸੀਂ ਸਕੂਲ ਪੜ੍ਹਦੇ ਸਾਂ ਤਾਂ ਸ਼ਾਇਦ ਹੀ ਕਿਸੇ ਬੱਚੇ ਦੇ ਐਨਕ ਲੱਗੀ ਹੋਵੇ। ਹੁਣ ਹਰੇਕ ਸਕੂਲ ਵਿੱਚ ਅੱਧ ਤੋਂ ਵੱਧ ਬੱਚਿਆਂ ਦੇ ਐਨਕਾਂ ਲੱਗੀਆਂ ਨਜ਼ਰ ਆਉਂਦੀਆਂ ਹਨ। ਹੁਣ ਦਾਦੀ ਜਾਂ ਨਾਨੀ ਦੀਆਂ ਕਹਾਣੀਆਂ ਸੁਣਨ ਦਾ ਕਿਸੇ ਕੋਲ ਸਮਾਂ ਹੀ ਨਹੀਂ ਹੈ। ਇੰਝ ਅਸੀਂ ਆਪਣੇ ਵਿਰਸੇ, ਸੱਭਿਆਚਾਰ ਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਦੂਰ ਹੋ ਰਹੇ ਹਾਂ।

ਸਮਾਰਟ ਫੋਨ ਦਾ ਸਭ ਤੋਂ ਬੁਰਾ ਅਸਰ ਭਾਈਚਾਰਕ ਸਾਂਝ ਤੇ ਮਨੁੱਖੀ ਰਿਸ਼ਤਿਆਂ ਉਤੇ ਪੈ ਰਿਹਾ ਹੈ। ਆਪਸ ਵਿੱਚ ਗੱਲਾਂ ਕਰਨੀਆਂ ਅਸੀਂ ਭੁੱਲਦੇ ਜਾ ਰਹੇ ਹਾਂ। ਇੰਝ ਅਸੀਂ ਆਪਣੇ ਦਿਲ ਨੂੰ ਬੱਚਿਆਂ, ਸਾਥੀਆਂ ਜਾਂ ਦੋਸਤਾਂ ਨਾਲ ਖੋਲ੍ਹਦੇ ਨਹੀਂ ਹਾਂ ਤਾਂ ਹੀ ਹੁਣ ਇਸ ਨੂੰ ਔਜ਼ਾਰਾਂ ਨਾਲ ਖੋਲ੍ਹਣਾ ਪੈ ਰਿਹਾ ਹੈ। ਮਨੁੱਖ ਹੀ ਇਸ ਕਾਇਨਾਤ ਵਿੱਚ ਅਜਿਹਾ ਪ੍ਰਾਣੀ ਹੈ ਜਿਸ ਕੋਲ ਬਾਣੀ ਦੀ ਸ਼ਕਤੀ ਹੈ ਤੇ ਉਹ ਖੁੱਲ੍ਹ ਕੇ ਹੱਸ ਸਕਦਾ ਹੈ। ਇਸ ਬਾਣੀ ਦੀ ਸ਼ਕਤੀ ਸਦਕਾ ਹੀ ਆਪਸੀ ਰਿਸ਼ਿਤਿਆਂ ਦੀ ਪਹਿਚਾਣ ਹੁੰਦੀ ਹੈ ਤੇ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਹਨ। ਹੁਣ ਜਦੋਂ ਬਾਣੀ ਦੀ ਸਾਂਝ ਟੁੱਟ ਰਹੀ ਹੈ ਤਾਂ ਪਰਿਵਾਰਕ ਰਿਸ਼ਤਿਆਂ ਵਿੱਚ ਕਮਜ਼ੋਰੀ ਆ ਰਹੀ ਹੈ। ਆਪਸੀ ਪਿਆਰ, ਇੱਕ ਦੂਜੇ ਲਈ ਤੜਫ਼ ਘਟ ਰਹੇ ਹਨ। ਹਰੇਕ ਆਪਣੇ ਆਪ ਵਿੱਚ ਹੀ ਸਿਮਟ ਰਿਹਾ ਹੈ। ਇਸ ਨਾਲ ਆਧੁਨਿਕ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਘਰ ਵਿੱਚ ਹਰੇਕ ਮੈਂਬਰ ਆਪਣਾ ਵੱਖਰਾ ਕਮਰਾ ਭਾਲਦਾ ਹੈ। ਇਕੱਠੇ ਸੌਣਾ ਤਾਂ ਬੱਚੇ ਭੁੱਲ ਹੀ ਰਹੇ ਹਨ। ਖੁੱਲ੍ਹ ਕੇ ਹੱਸਣਾ ਵੀ ਅਸੀਂ ਭੁੱਲ ਰਹੇ ਹਾਂ। ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਕਮਜ਼ੋਰ ਹੋ ਰਹੀਆਂ ਹਨ। ਬਹੁਤੇ ਲੋਕੀਂ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਢਾਹੂ ਸੋਚ ਭਾਰੂ ਹੋ ਰਹੀ ਹੈ। ਖ਼ੁਦਕੁਸ਼ੀਆਂ ਵਿੱਚ ਵਾਧੇ ਦਾ ਵੀ ਇਹ ਇੱਕ ਕਾਰਨ ਹੈ। ਘਰਾਂ ਵਿੱਚ ਕਲੇਸ਼ ਵਧ ਰਹੇ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਰਟ ਫੋਨ ਦੀ ਵਰਤੋਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ, ਪਰ ਸੋਸ਼ਲ ਮੀਡੀਆ ਉਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਝੂਠ ਅਤੇ ਕਾਮੁਕ ਕਹਾਣੀਆਂ ਤੇ ਫਿਲਮਾਂ ਸਮਾਜ ਵਿੱਚ ਤਣਾਅ ਦਾ ਕਾਰਨ ਬਣ ਰਹੀਆਂ ਹਨ। ਨਵੀਂ ਪੀੜ੍ਹੀ ਨੂੰ ਇਨ੍ਹਾਂ ਮਾੜੇ ਪ੍ਰਭਾਵਾਂ ਤੋਂ ਮੁਕਤ ਕਰਨ ਲਈ ਮਾਪੇ ਵਿਸ਼ੇਸ਼ ਭੂਮਿਕਾ ਨਿਭਾ ਸਕਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਮਾਂ ਪਿਓ ਦੋਵੇਂ ਨੌਕਰੀ ਕਰਦੇ ਹਨ, ਉਹ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਸਕਦੇ, ਪਰ ਆਪਣੇ ਸਮੇਂ ਦੀ ਵਿਉਂਤਬੰਦੀ ਇਸ ਢੰਗ ਨਾਲ ਕੀਤੀ ਜਾਵੇ ਕਿ ਬੱਚਿਆਂ ਲਈ ਸਮਾਂ ਜ਼ਰੂਰ ਕੱਢਿਆ ਜਾਵੇ। ਇਹ ਦੇਖਣ ਵਿੱਚ ਆਇਆ ਹੈ ਕਈ ਮਾਪੇ ਦੋ ਸਾਲ ਦੇ ਬੱਚੇ ਦੇ ਹੱਥ ਮੋਬਾਈਲ ਫੜਾ ਦਿੰਦੇ ਹਨ ਤਾਂ ਜੋ ਉਹ ਕਾਰਟੂਨ ਵੇਖਣ ਵਿੱਚ ਰੁੱਝਿਆ ਰਹੇ। ਇੰਝ ਅਸੀਂ ਬਚਪਨ ਵਿੱਚ ਹੀ ਬੱਚੇ ਨੂੰ ਇਸ ਦੇ ਆਦੀ ਬਣਾ ਦਿੰਦੇ ਹਾਂ। ਮਾਪਿਆਂ ਨੂੰ ਚਾਹੀਦਾ ਹੈ ਕਿ ਰਾਤ ਦੀ ਰੋਟੀ ਸਾਰਾ ਪਰਿਵਾਰ ਇਕੱਠੇ ਬੈਠ ਕੇ ਖਾਵੇ। ਘੱਟੋ ਘੱਟ ਇੱਕ ਘੰਟੇ ਲਈ ਘਰ ਦੇ ਸਾਰੇ ਮੋਬਾਈਲ ਤੇ ਟੀਵੀ ਬੰਦ ਕੀਤੇ ਜਾਣ। ਆਪਸ ਵਿੱਚ ਗੱਲਾਂ ਕੀਤੀਆਂ ਜਾਣ। ਬੱਚਿਆਂ ਤੋਂ ਉਨ੍ਹਾਂ ਦੇ ਸਕੂਲ ਬਾਰੇ ਪੁੱਛਿਆ ਜਾਵੇ। ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ, ਮਾਪੇ ਵੀ ਆਪੋ ਆਪਣੇ ਦਿਨ ਦੇ ਅਨੁਭਵ ਸਾਂਝੇ ਕਰਨ। ਇੰਝ ਆਪਸੀ ਪਿਆਰ ਦੀਆਂ ਤੰਦਾਂ ਹੀ ਮਜ਼ਬੂਤ ਨਹੀਂ ਹੋਣਗੀਆਂ ਸਗੋਂ ਮਾਨਸਿਕ ਤਣਾਅ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਦਿਨ ਦੇ ਕੌੜੇ ਅਨੁਭਵ ਜਦੋਂ ਆਪਸ ਵਿੱਚ ਵਿਚਾਰੇ ਜਾਂਦੇ ਹਨ ਤਾਂ ਮਨ ਹਲਕਾ ਹੋ ਜਾਂਦਾ ਹੈ ਤੇ ਦਿਮਾਗੀ ਬੋਝ ਲੱਥ ਜਾਂਦਾ ਹੈ। ਬੱਚਿਆਂ ਨੂੰ ਕੁਝ ਸਮੇਂ ਲਈ ਖੇਡਣ ਵਾਸਤੇ ਉਤਸ਼ਾਹਿਤ ਕੀਤਾ ਜਾਵੇ। ਮਾਪੇ ਆਪ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਗਾਈ ਜਾਵੇ। ਬੱਚਿਆਂ ’ਤੇ ਨਜ਼ਰ ਰੱਖਣੀ ਵੀ ਜ਼ਰੂਰੀ ਹੈ ਕਿ ਉਹ ਮੋਬਾਈਲ ਉਤੇ ਕੀ ਵੇਖ ਰਹੇ ਹਨ। ਅਜਿਹਾ ਨਾ ਕਰਨ ਲਈ ਪਿਆਰ ਨਾਲ ਸਮਝਾਇਆ ਜਾਵੇ ਅਤੇ ਉਨ੍ਹਾਂ ਨੂੰ ਸਹੀ ਰਾਹ ਪਾਇਆ ਜਾਵੇ।

ਸਭ ਤੋਂ ਜ਼ਰੂਰੀ ਸੁਝਾਅ ਜਿਹੜਾ ਮੈਂ ਦੇਣਾ ਚਾਹੁੰਦਾ ਹਾਂ ਕਿ ਹਫ਼ਤੇ ਵਿੱਚ ਘੱਟੋ ਘੱਟ ਇੱਕ ਦਿਨ ਮੋਬਾਈਲ ਵਰਤ ਰੱਖਿਆ ਜਾਵੇ। ਉਸ ਦਿਨ ਪਰਿਵਾਰ ਦਾ ਕੋਈ ਮੈਂਬਰ ਵੀ ਮੋਬਾਈਲ ਦੀ ਵਰਤੋਂ ਨਾ ਕਰੇ। ਕੇਵਲ ਉਦੋਂ ਹੀ ਮੋਬਾਈਲ ’ਤੇ ਗੱਲ ਕੀਤੀ ਜਾਵੇ ਜਦੋਂ ਇਹ ਬਹੁਤ ਜ਼ਰੂਰੀ ਹੋਵੇ। ਐਤਵਾਰ ਦਾ ਦਿਨ ਇਸ ਵਰਤ ਲਈ ਚੋਖਾ ਢੁਕਦਾ ਹੈ। ਉਸ ਦਿਨ ਪਰਿਵਾਰ ਦੇ ਬਹੁਤੇ ਮੈਂਬਰਾਂ ਨੂੰ ਛੁੱਟੀ ਹੁੰਦੀ ਹੈ। ਸਾਰੇ ਮਿਲ ਬੈਠ ਗੱਲਾਂ ਕਰਨ ਤੇ ਇਕੱਠੇ ਹੀ ਰਿਹਾ ਜਾਵੇ।