ਮਨੀਪੁਰ ਹਿੰਸਾ ਿਵਰੁੱਧ ਪੰਜਾਬ ’ਚ ਬੰਦ, ਕਈ ਥਾਈਂ ਮਾਮੂਲੀ ਹਿੰਸਕ ਝੜਪਾਂ

ਮਨੀਪੁਰ ਹਿੰਸਾ ਿਵਰੁੱਧ ਪੰਜਾਬ ’ਚ ਬੰਦ, ਕਈ ਥਾਈਂ ਮਾਮੂਲੀ ਹਿੰਸਕ ਝੜਪਾਂ

ਇਸਾਈ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਮਾਝਾ ਤੇ ਦੋਆਬਾ ’ਚ ਵਧੇਰੇ ਅਸਰ ਦਿਸਿਆ

ਮੋਗਾ ਦੇ ਕੋਟ ਈਸੇ ਖਾਂ ’ਚ ਦੁਕਾਨ ਬੰਦ ਕਰਾਉਣ ’ਤੇ ਚੱਲੀ ਗੋਲੀ; ਇਕ ਫੱਟੜ

ਚੰਡੀਗੜ੍ਹ- ਪੰਜਾਬ ਵਿੱਚ ਇਸਾਈ ਜਥੇਬੰਦੀਆਂ ਵੱਲੋਂ ਮਨੀਪੁਰ ਵਿੱਚ ਪਿਛਲੇ ਸਵਾ ਤਿੰਨ ਮਹੀਨਿਆਂ ਤੋਂ ਚੱਲ ਰਹੀ ਜਾਤੀ ਹਿੰਸਾ ਦੇ ਰੋਸ ਵਜੋਂ ਬੰਦ ਦੇ ਦਿੱਤੇ ਸੱਦੇ ਦੌਰਾਨ ਮੋਗਾ ਸਮੇਤ ਕਈ ਥਾਈਂ ਹਿੰਸਾ ਦੀਆਂ ਮਾਮੂਲੀ ਘਟਨਾਵਾਂ ਵਾਪਰੀਆਂ। ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਵਿੱਚ ਦੁਕਾਨ ਬੰਦ ਕਰਾਉਣ ਨੂੰ ਲੈ ਕੇ ਚੱਲੀ ਗੋਲੀ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਕਰ ਕੇ ਕਸਬੇ ਵਿੱਚ ਸਥਿਤੀ ਤਣਾਅਪੂਰਨ ਬਣ ਗਈ। ਗੁਰਪ੍ਰੀਤ ਸਿੰਘ ਵੱਲੋਂ ਚਲਾਈ ਗੋਲੀ ਨਾਲ ਨਿਹੰਗ ਬਲਵੰਤ ਸਿੰਘ ਜ਼ਖ਼ਮੀ ਹੋ ਗਿਆ ਤੇ ਪੁਲੀਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਕਰਾਉਣ ਨੂੰ ਲੈ ਕੇ ਮਾਮੂਲੀ ਤਕਰਾਰ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ ਪਰ ਪੁਲੀਸ ਦੇ ਦਖ਼ਲ ਕਰਕੇ ਹਿੰਸਕ ਘਟਨਾਵਾਂ ਦਾ ਬਚਾਅ ਹੋ ਗਿਆ। ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸਥਿਤੀ ਇਸ ਵੇਲੇ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ।
ਪੁਲੀਸ ਹੈੱਡਕੁਆਰਟਰ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਸੂਬੇ ਦੇ ਜ਼ਿਆਦਾਤਰ ਹਿੱਸੇ ਵਿੱਚ ਬੰਦ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ। ਦੋਆਬੇ ਤੇ ਮਾਝੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੰਦ ਦਾ ਅਸਰ ਜ਼ਿਆਦਾ ਰਿਹਾ ਜਦੋਂਕਿ ਮਾਲਵੇ ਵਿੱਚ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਪੰਜਾਬ ਵਿੱਚ ਜਿਨ੍ਹਾਂ ਥਾਵਾਂ ’ਤੇ ਇਸਾਈ ਭਾਈਚਾਰੇ ਦੇ ਲੋਕਾਂ ਦੀ ਆਬਾਦੀ ਜ਼ਿਆਦਾ ਹੈ, ਉਨ੍ਹਾਂ ਥਾਵਾਂ ’ਤੇ ਬੰਦ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ। ਬੰਦ ਦੇ ਮੱਦੇਨਜ਼ਰ ਜ਼ਿਆਦਾਤਰ ਸ਼ਹਿਰਾਂ ਵਿੱਚ ਵਿੱਦਿਅਕ ਸੰਸਥਾਵਾਂ ਨੂੰ ਇਹਤਿਆਤ ਵਜੋਂ ਪਹਿਲਾਂ ਹੀ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਇਸਾਈ ਜਥੇਬੰਦੀਆਂ ਨੇ ਸ਼ਹਿਰਾਂ ਅਤੇ ਕਸਬਿਆਂ ’ਚ ਕੇਂਦਰ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਈ ਮਹੀਨੇ ਤੋਂ ਚੱਲ ਰਹੀ ਹਿੰਸਾ ਨੂੰ ਰਾਜ ਤੇ ਮੋਦੀ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਮਨੀਪੁਰ ਵਿੱਚ ਅਮਨ ਬਹਾਲੀ ਦੀ ਮੰਗ ਕਰਦਿਆਂ ਹਿੰਸਾ ਦੇ ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ। ਪ੍ਰਾਪਤ ਰਿਪੋਰਟਾਂ ਮੁਤਾਬਕ ਜਲੰਧਰ ਜ਼ਿਲ੍ਹਾ ਪੂਰਨ ਤੌਰ ’ਤੇ ਬੰਦ ਰਿਹਾ। ਇਸਾਈ ਭਾਈਚਾਰੇ ਨਾਲ ਸਬੰਧਤ ਅਤੇ ਸਹਿਯੋਗੀ ਸੰਗਠਨਾਂ ਵਲੋਂ ਪੀਏਪੀ ਚੌਂਕ, ਅੰਬੇਡਕਰ ਚੌਂਕ, ਭਗਵਾਨ ਵਾਲਮੀਕਿ ਚੌਕ, ਰਵੀਦਾਸ ਚੌਕ, ਕਪੂਰਥਲਾ ਚੌਕ, ਰਾਮਾਮੰਡੀ ਚੌਕ ਸਮੇਤ ਹੋਰ ਚੌਕਾਂ ਵਿਚ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਗਈ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਪ੍ਰਾਈਵੇਟ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਸਕੂਲ, ਕਾਲਜ ਬੰਦ ਰੱਖੇ ਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਹਰ ਚੌਕ ’ਤੇ ਪੁਲੀਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ਵਿਚਕਾਰ ਧਰਨਾ ਦੇਣ ਕਾਰਨ ਜ਼ਿਲ੍ਹੇ ਵਿਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਆਮ ਲੋਕਾਂ ਨੂੰ ਵੀ ਆਪਣੀ ਮੰਜ਼ਿਲ ’ਤੇ ਪਹੁੰਚਣ ’ਚ ਪ੍ਰੇਸ਼ਾਨੀ ਹੋਈ। ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਅਤੇ ਮਾਝੇ ਦੇ ਹੋਰਨਾਂ ਕਈ ਖੇਤਰਾਂ ਵਿੱਚ ਬੰਦ ਨੂੰ ਪੂਰਨ ਸਮਰਥਨ ਮਿਲਿਆ ਹੈ। ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਰਹੇ। ਇਸਾਈ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕਿ ਬਾਜ਼ਾਰਾਂ ਵਿੱਚ ਮਾਰਚ ਕੀਤਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਨੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ। ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਭਾਰਤ ਦੇ ਆਗੂਆਂ ਨੇ ਕਿਹਾ ਕਿ ਮਨੀਪੁਰ ਦੀਆਂ ਘਟਨਾਵਾਂ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਉਹ ਹਰ ਸੰਘਰਸ਼ ਕਰਨਗੇ।