ਰਾਹੁਲ ਖਿਲਾਫ ਕਾਰਵਾਈ, ਭਾਜਪਾ ਦੀਆਂ 22 ਮਹਿਲਾ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਕੀਤੀ ਸ਼ਿਕਾਇਤ

ਰਾਹੁਲ ਖਿਲਾਫ ਕਾਰਵਾਈ, ਭਾਜਪਾ ਦੀਆਂ 22 ਮਹਿਲਾ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਕੀਤੀ ਸ਼ਿਕਾਇਤ

1984 ’ਚ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ : ਸਮ੍ਰਿਤੀ ਇਰਾਨੀ

ਨਵੀਂ ਦਿੱਲੀ- ਸੰਸਦ ਦੀ ਮੈਂਬਰੀ ਬਹਾਲੀ ਤੋਂ ਬਾਅਦ ਰਾਹੁਲ ਗਾਂਧੀ ਨੇ ਪਹਿਲੀ ਵਾਰ ਲੋਕ ਸਭਾ ਵਿੱਚ ਬੋਲੇ। ਹਾਲਾਂਕਿ ਇਸ ਦੌਰਾਨ ਉਹ ਵਿਵਾਦਾਂ ’ਚ ਘਿਰਦੀ ਨਜ਼ਰ ਆ ਰਹੇ ਹਨ। ਅੱਜ ਉਨ੍ਹਾਂ ਨੇ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਸੰਸਦ ’ਚ ਫਲਾਇੰਗ ਕਿੱਸ ਕੀਤੀ। ਰਾਹੁਲ ਗਾਂਧੀ ਦੀ ਇਸ ਪ੍ਰਤੀਕਿਰਿਆ ਦਾ ਵਿਰੋਧ ਕਰਦੇ ਹੋਏ ਭਾਜਪਾ ਦੀਆਂ 22 ਮਹਿਲਾ ਸੰਸਦ ਮੈਂਬਰਾਂ ਵੱਲੋਂ ਲੋਕ ਸਭਾ ਸਪੀਕਰ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਸ ਨੂੰ ਅਸ਼ਲੀਲਤਾ ਦੱਸਿਆ ਹੈ। ਦੱਸ ਦਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੰਸਦ ’ਚ ਬਹਾਲੀ ਤੋਂ ਬਾਅਦ ਪਹਿਲੀ ਵਾਰ ਸੰਸਦ ’ਚ ਭਾਸ਼ਣ ਦਿੱਤਾ।
ਜਦੋਂ ਰਾਹੁਲ ਗਾਂਧੀ ਆਪਣਾ ਭਾਸ਼ਣ ਖਤਮ ਕਰਕੇ ਸੰਸਦ ਤੋਂ ਬਾਹਰ ਆ ਰਹੇ ਸਨ ਤਾਂ ਅਜਿਹੀ ਘਟਨਾ ਵਾਪਰੀ, ਜਿਸ ’ਤੇ ਮਹਿਲਾ ਸੰਸਦ ਮੈਂਬਰਾਂ ਨੇ ਇਤਰਾਜ਼ ਜਤਾਇਆ ਹੈ। ਉਸ ਸਮੇਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਬੇਭਰੋਸਗੀ ਮਤੇ ਵਿਰੁੱਧ ਭਾਸ਼ਣ ਦੇ ਰਹੀ ਸੀ। ਹਾਲਾਂਕਿ ਰਾਹੁਲ ਗਾਂਧੀ ਦੀ ਪ੍ਰਤੀਕਿਰਿਆ ਦਾ ਉਹ ਪਲ ਕੈਮਰੇ ’ਚ ਕੈਦ ਨਹੀਂ ਹੋ ਸਕਿਆ। ਮੀਡੀਆ ਰਿਪੋਰਟਾਂ ਮੁਤਾਬਕ, ਉਸ ਪਲ ਨੂੰ ਦੇਖਣ ਵਾਲੇ ਲੋਕਾਂ ਮੁਤਾਬਕ, ਜਦੋਂ ਰਾਹੁਲ ਗਾਂਧੀ ਆਪਣੇ ਬੇਭਰੋਸਗੀ ਮਤੇ ਦੇ ਭਾਸ਼ਣ ਤੋਂ ਬਾਅਦ ਲੋਕ ਸਭਾ ਛੱਡ ਕੇ ਜਾ ਰਹੇ ਸਨ ਤਾਂ ਉਨ੍ਹਾਂ ਦੀਆਂ ਕੁਝ ਫਾਈਲਾਂ ਡਿੱਗ ਗਈਆਂ। ਜਿਵੇਂ ਹੀ ਉਹ ਉਨ੍ਹਾਂ ਨੂੰ ਚੁੱਕਣ ਲਈ ਝੁਕਿਆ ਤਾਂ ਭਾਜਪਾ ਦੇ ਕੁਝ ਸੰਸਦ ਮੈਂਬਰ ਉਨ੍ਹਾਂ ’ਤੇ ਹੱਸਣ ਲੱਗੇ।
ਇਸ ’ਤੇ ਰਾਹੁਲ ਗਾਂਧੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਫਲਾਇੰਗ ਕਿੱਸ ਦਿੱਤੀ ਅਤੇ ਹੱਸਦੇ ਹੋਏ ਬਾਹਰ ਚਲੇ ਗਏ। ਰਾਹੁਲ ਗਾਂਧੀ ਦੀ ਇਸ ਰੀਐਕਸ਼ਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿਰਫ ਇਕ ਮਹਿਲਾ ਵਿਰੋਧੀ ਵਿਅਕਤੀ ਹੀ ਸੰਸਦ ’ਚ ਮਹਿਲਾ ਸੰਸਦ ਮੈਂਬਰਾਂ ਨੂੰ ਫਲਾਇੰਗ ਕਿੱਸ ਦੇ ਸਕਦਾ ਹੈ। ਅਜਿਹੀ ਮਿਸਾਲ ਪਹਿਲਾਂ ਕਦੇ ਨਹੀਂ ਦੇਖਣ ਨੂੰ ਮਿਲੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਔਰਤਾਂ ਬਾਰੇ ਕੀ ਸੋਚਦਾ ਹੈ। ਇਹ ਅਸ਼ਲੀਲ ਹੈ। ਬੇਭਰੋਸਗੀ ਮਤੇ ’ਤੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਸਰਕਾਰ ’ਤੇ ਤਿੱਖੇ ਹਮਲੇ ਕੀਤੇ।
ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ‘ਤੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ‘ਤੇ ਪਲਟਵਾਰ ਕਰਦਿਆਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਕਸ਼ਮੀਰ ’ਚ ਅਸ਼ਾਂਤੀ ਅਤੇ ਕਸ਼ਮੀਰੀ ਪੰਡਿਤਾਂ ’ਤੇ ਹੋਏ ਅੱਤਿਆਚਾਰਾਂ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਖੂਨ ਨਾਲ ਰੰਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਔਰਤਾਂ ਦੀ ਸੁਰੱਖਿਆ, ਗਰੀਬਾਂ ਦੀ ਭਲਾਈ, ਨੌਜਵਾਨਾਂ ਦੇ ਹਿੱਤਾਂ ਅਤੇ ਦੇਸ਼ ਦੇ ਵਿਕਾਸ ਨਾਲ ਕੋਈ ਸਰੋਕਾਰ ਨਹੀਂ ਹੈ। ਲੋਕ ਸਭਾ ’ਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਚਰਚਾ ’ਚ ਹਿੱਸਾ ਲੈਂਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪੂਰੇ ਦੇਸ਼ ਨੇ ਦੇਖਿਆ ਕਿ ਰਾਹੁਲ ਗਾਂਧੀ ਭਾਰਤ ਮਾਤਾ ਦੇ ਕਤਲ ਦੀ ਗੱਲ ਕਰਦੇ ਹਨ ਅਤੇ ਕਾਂਗਰਸੀ ਇੱਥੇ ਮੇਜ਼ ’ਤੇ ਹੱਥ ਮਾਰ ਰਹੇ ਹਨ, ਸੰਸਦੀ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ। ਇਰਾਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਕਸ਼ਮੀਰ ਵਿੱਚ ਅਸ਼ਾਂਤੀ ਅਤੇ ਕੇਂਦਰ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਕਸ਼ਮੀਰੀ ਪੰਡਿਤਾਂ ਉੱਤੇ ਹੋਏ ਅੱਤਿਆਚਾਰ ਅਤੇ ਐਮਰਜੰਸੀ ਦੇ ਮੁੱਦੇ ਉਠਾਏ ਅਤੇ ਪਿਛਲੀਆਂ ਕਾਂਗਰਸ ਸਰਕਾਰਾਂ ਨੂੰ ਨਿਸ਼ਾਨਾ ਬਣਾਇਆ।