ਅਮਰੀਕਾ: ਭਾਰਤ ਦਾ ਆਜ਼ਾਦੀ ਦਿਹਾੜਾ ‘ਵਿਸ਼ੇਸ਼ ਦਿਨ’ ਵਜੋਂ ਮਨਾਉਣ ਸਬੰਧੀ ਮਤਾ ਪੇਸ਼

ਅਮਰੀਕਾ: ਭਾਰਤ ਦਾ ਆਜ਼ਾਦੀ ਦਿਹਾੜਾ ‘ਵਿਸ਼ੇਸ਼ ਦਿਨ’ ਵਜੋਂ ਮਨਾਉਣ ਸਬੰਧੀ ਮਤਾ ਪੇਸ਼

ਕਾਂਗਰਸ ਮੈਂਬਰ ਸ੍ਰੀ ਥਾਨੇਦਾਰ ਨੇ ਪ੍ਰਤੀਨਿਧੀ ਸਦਨ ਵਿਚ ਪੇਸ਼ ਕੀਤਾ ਮਤਾ
ਵਾਸ਼ਿੰਗਟਨ – ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਸ੍ਰੀ ਥਾਨੇਦਾਰ ਦੀ ਅਗਵਾਈ ’ਚ ਅਮਰੀਕੀ ਸੰਸਦ ਮੈਂਬਰਾਂ ਦੇ ਇਕ ਗਰੁੱਪ ਨੇ ਪ੍ਰਤੀਨਿਧੀ ਸਦਨ ਵਿਚ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਅਮਰੀਕਾ ’ਚ ਇਕ ਵਿਸ਼ੇਸ਼ ਦਿਨ ਵਜੋਂ ਮਨਾਉਣ ਬਾਰੇ ਮਤਾ ਪੇਸ਼ ਕੀਤਾ ਹੈ। ਮਤੇ ਤਹਿਤ ਭਾਰਤ ਦੇ ਆਜ਼ਾਦੀ ਦਿਹਾੜੇ (15 ਅਗਸਤ) ਨੂੰ ‘ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦੇ ਜਸ਼ਨ ਦਾ ਕੌਮੀ ਦਿਨ’ ਵਜੋਂ ਮਨਾਉਣ ਦੀ ਤਜਵੀਜ਼ ਰੱਖੀ ਗਈ ਹੈ।’ ਥਾਨੇਦਾਰ ਵੱਲੋਂ ਪੇਸ਼ ਕੀਤੇ ਮਤੇ ਨੂੰ ਕਾਂਗਰਸ ਮੈਂਬਰ ਬਡੀ ਕਾਰਟਰ ਤੇ ਬਰੈਡ ਸ਼ਰਮਨ ਨੇ ਹਮਾਇਤ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮਤਾ ਭਾਰਤ ਤੇ ਅਮਰੀਕਾ ਵਿਚਾਲੇ ਮਜ਼ਬੂਤ ਭਾਈਵਾਲੀ ਦੇ ਵਿਸ਼ਵਾਸ ਨੂੰ ਹੋਰ ਪੱਕਾ ਕਰਦਾ ਹੈ, ਜਿਸ ਦੀਆਂ ਜੜ੍ਹਾਂ ਸਾਂਝੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਵਿਚ ਹਨ।

ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਆਲਮੀ ਲੋਕਤੰਤਰ ਨੂੰ ਅੱਗੇ ਵਧਾਉਣ, ਸਾਰੇ ਮੁਲਕਾਂ ਲਈ ਸ਼ਾਂਤੀ-ਸਥਿਰਤਾ ਅਤੇ ਖ਼ੁਸ਼ਹਾਲੀ ਨੂੰ ਹੁਲਾਰਾ ਦੇਣ ਲਈ ਕੰਮ ਕਰਦੇ ਰਹਿਣਗੇ। ਮਤੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਅਮਰੀਕਾ ਦੌਰੇ ਨੇ ਦੋਵਾਂ ਮੁਲਕਾਂ ਵਿਚਾਲੇ ਭਰੋਸੇ ਅਤੇ ਆਪਸੀ ਸਮਝ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਹ ਆਪਸੀ ਸਮਝ ਸਾਂਝੇ ਹਿੱਤਾਂ ਤੇ ਆਜ਼ਾਦੀ, ਲੋਕਤੰਤਰ, ਕਾਨੂੰਨ ਦੇ ਰਾਜ ਅਤੇ ਮਨੁੱਖੀ ਹੱਕਾਂ ਦੇ ਸਤਿਕਾਰ ਵਿਚੋਂ ਪੈਦਾ ਹੋਈ ਹੈ। ਮਤੇ ਮੁਤਾਬਕ ਭਾਰਤੀ ਵਿਰਾਸਤ ਵਾਲੇ ਅਮਰੀਕੀਆਂ ਨੇ ਦੇਸ਼ ਵਿਚ ਸਰਕਾਰੀ ਅਧਿਕਾਰੀਆਂ, ਫ਼ੌਜੀ ਅਫਸਰਾਂ ਤੇ ਪੁਲੀਸ ਅਧਿਕਾਰੀਆਂ ਵਜੋਂ ਮੁਲਕ ਦੇ ਸੰਵਿਧਾਨ ਦੀ ਪਾਲਣਾ ਯਕੀਨੀ ਬਣਾਈ ਹੈ, ਤੇ ਨਾਲ ਹੀ ਦੇਸ਼ ਦੀ ਭਿੰਨਤਾ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਮਰੀਕਾ ਨੂੰ ਭਾਰਤੀ ਲੋਕਾਂ ਨਾਲ ਇਹ ਦਿਨ ਮਨਾਉਣਾ ਚਾਹੀਦਾ ਹੈ, ਤੇ ਉਨ੍ਹਾਂ ਲੋਕਤੰਤਰਿਕ ਸਿਧਾਂਤਾਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਣਾ ਚਾਹੀਦਾ ਹੈ ਜਿਨ੍ਹਾਂ ’ਤੇ ਦੋਵੇਂ ਮੁਲਕ ਖੜ੍ਹੇ ਹਨ।