ਭਾਜਪਾ ਨੇ ਨੌਂ ਸਾਲਾਂ ਅੰਦਰ ਨੌਂ ਸਰਕਾਰਾਂ ਤੋੜੀਆਂ: ਸੁਪ੍ਰਿਆ ਸੂਲੇ

ਭਾਜਪਾ ਨੇ ਨੌਂ ਸਾਲਾਂ ਅੰਦਰ ਨੌਂ ਸਰਕਾਰਾਂ ਤੋੜੀਆਂ: ਸੁਪ੍ਰਿਆ ਸੂਲੇ

ਨਵੀਂ ਦਿੱਲੀ- ਮਹਾਰਾਸ਼ਟਰ ’ਚ ਸਿਆਸੀ ਉਥਲ-ਪੁਥਲ ਦਾ ਮੁੱਦਾ ਚੁੱਕਦਿਆਂ ਐਨਸੀਪੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਅੱਜ ਲੋਕ ਸਭਾ ’ਚ ਕਿਹਾ ਕਿ ਭਾਜਪਾ ’ਤੇ ਆਪਣੇ ਨੌਂ ਸਾਲਾਂ ਦੇ ਕਾਰਜਕਾਲ ਦੌਰਾਨ ਨੌਂ ਸੂਬਾ ਸਰਕਾਰਾਂ ਤੋੜੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਨੀਪੁਰ ਤੇ ਮਹਾਰਾਸ਼ਟਰ ਸਮੇਤ ਦੇਸ਼ ਭਰ ’ਚ ਸਰਕਾਰੀ ਸੰਸਥਾਵਾਂ ਤੇ ਕਾਨੂੰਨ ਪ੍ਰਬੰਧ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ, ‘ਭਾਜਪਾ ਨੇ ਆਪਣੇ ਨੌਂ ਸਾਲਾਂ ਦੇ ਕਾਰਜਕਾਲ ਦੌਰਾਨ ਨੌਂ ਸੂਬਿਆਂ ਅਰੁਣਾਚਲ ਪ੍ਰਦੇਸ਼, ਉੱਤਰਾਖੰਡ, ਮਨੀਪੁਰ, ਮੇਘਾਲਿਆ, ਕਰਨਾਟਕ, ਗੋਆ, ਮੱਧ ਪ੍ਰਦੇਸ਼, ਪੁੱਡੂਚੇਰੀ ਅਤੇ ਮਹਾਰਾਸ਼ਟਰ (ਦੋ ਵਾਰੀ) ’ਚ ਸਰਕਾਰਾਂ ਤੋੜੀਆਂ ਹਨ। ਨੌਂ ਸੂਬਿਆਂ ’ਚ ਸਰਕਾਰਾਂ ਤੋੜਨ ਵਾਲੀ ਪਾਰਟੀ ਇਹ ਕਿਵੇਂ ਕਹਿ ਸਕਦੀ ਹੈ ਕਿ ਉਨ੍ਹਾਂ ਦੀ ਪਾਰਟੀ ਬਾਕੀਆਂ ਨਾਲੋਂ ਵੱਖਰੀ ਹੈ।’ ਉਨ੍ਹਾਂ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਅਸਤੀਫੇ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ, ‘ਮਨੀਪੁਰ ’ਚ ਜੋ ਵੀ ਹੋਇਆ ਉਹ ਸ਼ਰਮਨਾਕ ਹੈ। ਮੈਂ ਮੰਗ ਕਰਦੀ ਹਾਂ ਕਿ ਮੁੱਖ ਮੰਤਰੀ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਕੀ ਤੁਸੀਂ ਅਜਿਹੀਆਂ ਘਟਨਾਵਾਂ ਵਾਪਰਨ ਅਤੇ ਦੇਸ਼ ਦੀਆਂ ਔਰਤਾਂ ਨਾਲ ਸ਼ਰਮਨਾਕ ਵਤੀਰਾ ਹੋਣ ਦੀ ਇਜਾਜ਼ਤ ਦੇ ਸਕਦੇ ਹੋ। ਤੁਸੀਂ ਅਜਿਹੀ ਸਰਕਾਰ ਦੀ ਹਮਾਇਤ ਕਿਵੇਂ ਕਰ ਸਕਦੇ ਹੋ। ਤੁਸੀਂ ਇਸ ਦੀ ੲਿਜਾਜ਼ਤ ਕਿਵੇਂ ਦੇ ਸਕਦੇ ਹੋ।’ ਟੀਐੱਮਸੀ ਦੀ ਸੰਸਦ ਮੈਂਬਰ ਸੌਗਾਤਾ ਰੌਇ ਨੇ ਦੋਸ਼ ਲਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰ ਰਹੇ ਹਨ।