ਕੇਂਦਰੀ ਅੰਤਰ-ਮੰਤਰਾਲਾ ਟੀਮ ਨੇ ਲਾਲੜੂ ਖੇਤਰ ਦੇ ਅੱਧੀ ਦਰਜਨ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ

ਕੇਂਦਰੀ ਅੰਤਰ-ਮੰਤਰਾਲਾ ਟੀਮ ਨੇ ਲਾਲੜੂ ਖੇਤਰ ਦੇ ਅੱਧੀ ਦਰਜਨ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ

ਲਾਲੜੂ – ਅੰਤਰ ਮੰਤਰਾਲਾ ਦੀ ਕੇਂਦਰੀ ਟੀਮ ਵਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਬ ਡਵੀਜ਼ਨ ਡੇਰਾਬੱਸੀ ਅਧੀਨ ਆਉਂਦੇ ਲਾਲੜੂ ਖੇਤਰ ਦੇ ਪਿੰਡ ਡੇਹਰ, ਆਲਮਗੀਰ, ਟਿਵਾਣਾ, ਖਜੂਰ ਮੰਡੀ, ਸਾਧਾਪੁਰ, ਡੰਗਡੇਹਰਾ ਤੇ ਸਰਸੀਣੀ ਵਿਚ ਘੱਗਰ ਕਾਰਨ ਆਏ ਹੜ੍ਹਾਂ ਨਾਲ ਨੁਕਸਾਨੀਆਂ ਜ਼ਮੀਨਾਂ ਦਾ ਦੌਰਾ ਕੀਤਾ ਗਿਆ। ਕੇਂਦਰੀ ਟੀਮ ਨੇ ਜਿਥੇ ਸਥਾਨਕ ਅਧਿਕਾਰੀਆਂ ਤੋਂ ਹੋਏ ਨੁਕਸਾਨ ਦੇ ਵੇਰਵੇ ਲਏ, ਉੱਥੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।
ਇਸ ਦੌਰਾਨ ਕਿਸਾਨ ਆਗੂ ਜਸਵਿੰਦਰ ਸਿੰਘ ਟਿਵਾਣਾ, ਗੁਰਪ੍ਰੀਤ ਸਿੰਘ, ਗੁਲਜ਼ਾਰ ਸਿੰਘ ਟਿਵਾਣਾ, ਜਸਵੰਤ ਸਿੰਘ ਆਲਮਗੀਰ, ਮਨਪ੍ਰੀਤ ਸਿੰਘ ਅਮਲਾਲਾ, ਲਖਵਿੰਦਰ ਸਿੰਘ ਹੈਪੀ ਮਲਕਪੁਰ, ਗੁਰਚਰਨ ਸਿੰਘ ਜੌਲਾ, ਹਰਵਿੰਦਰ ਸਿੰਘ ਟੋਨੀ, ਪ੍ਰੇਮ ਸਿੰਘ ਰਾਣਾ, ਮਨਜੀਤ ਸਿੰਘ ਸਰਸੀਣੀ ਸਮੇਤ ਅਨੇਕਾਂ ਕਿਸਾਨਾਂ ਨੇ ਨੁਕਸਾਨ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਜ਼ਿੰਦਗੀ ਮੁੜ ਲੀਹ ‘ਤੇ ਲੈਕੇ ਆਉਣ ਬਾਬਤ ਸੁਝਾਅ ਵੀ ਦਿੱਤੇ। ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਿੱਥੇ ਸੂਬੇ ਵਿਚ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਵਿਆਪਕ ਪੱਧਰ ’ਤੇ ਹੋਏ ਨੁਕਸਾਨ ਬਾਰੇ ਦੱਸਿਆ, ਉਥੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਘੱਗਰ ਵੱਲੋਂ ਮਚਾਈ ਤਬਾਹੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਇੰਦੂ ਮਲਹੋਤਰਾ ਵੀ ਸਨ। ਇਸ ਕੇਂਦਰੀ ਟੀਮ ਵਿਚ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹਨ।