ਸੁਖਬੀਰ ਬਾਦਲ ਵੱਲੋਂ ਹਸਪਤਾਲ ਵਿੱਚ ਭਾਈ ਖੇੜਾ ਨਾਲ ਮੁਲਾਕਾਤ

ਸੁਖਬੀਰ ਬਾਦਲ ਵੱਲੋਂ ਹਸਪਤਾਲ ਵਿੱਚ ਭਾਈ ਖੇੜਾ ਨਾਲ ਮੁਲਾਕਾਤ

ਕੇਂਦਰ ਸਰਕਾਰ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਸਾਬਕਾ ਉਪ ਮੁੱਖ ਮੰਤਰੀ ਨੇ ਹਸਪਤਾਲ ਵਿੱਚ ਭਾਈ ਖੇੜਾ ਨੂੰ ਮਿਲ ਰਹੀ ਇਲਾਜ ਸਹੂਲਤ ਬਾਰੇ ਵੀ ਪੁੱਛਿਆ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਸ੍ਰੀ ਖੇੜਾ ਚੜ੍ਹਦੀ ਕਲਾ ਵਿੱਚ ਹਨ। ਸ੍ਰੀ ਬਾਦਲ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਭਾਈ ਖੇੜਾ ਨੂੰ ਤੁਰੰਤ ਉਸ ਵਾਰਡ ਵਿੱਚ ਤਬਦੀਲ ਕੀਤਾ ਜਾਵੇ, ਜਿੱਥੇ 24 ਘੰਟੇ ਚੰਗੇ ਇਲਾਜ ਦੀ ਸਹੂਲਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਖੇੜਾ ਨੂੰ ਤਤਕਾਲੀ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਦਖਲ ਮਗਰੋਂ 2015 ਵਿੱਚ ਕਰਨਾਟਕ ਦੀ ਗੁਲਬਰਗਾ ਜੇਲ੍ਹ ਤੋਂ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਸੀ। ਉਹ ਸਜ਼ਾ ਮੁਕੰਮਲ ਹੋਣ ਮਗਰੋਂ ਵੀ ਕਈ ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਜ਼ਿਕਰਯੋਗ ਹੈ ਕਿ ਦਿਲ ਦੇ ਰੋਗ ਸਬੰਧੀ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਸ੍ਰੀ ਬਾਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜੇ ਬੰਦੀ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਵਿਰਸਾ ਸਿੰਘ ਵਲਟੋਹਾ ਤੇ ਗੁਰਪ੍ਰਤਾਪ ਸਿੰਘ ਟਿੱਕਾ ਵੀ ਹਾਜ਼ਰ ਸਨ।