ਕੈਲੀਫੋਰਨੀਆਂ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨਾਲ ਛੇੜਛਾੜ ਦੀ ਸਖ਼ਤ ਨਿੰਦਾ

ਕੈਲੀਫੋਰਨੀਆਂ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨਾਲ ਛੇੜਛਾੜ ਦੀ ਸਖ਼ਤ ਨਿੰਦਾ

ਥਮਿੰਦਰ ਅਨੰਦ ਨੂੰ ਸਖ਼ਤ ਤਾੜਨਾ ਫੋਰਨ ਮਾਫ਼ੀ ਮੰਗੇ ਅਤੇ ਸ੍ਰੀ ਅਕਾਲ ਤਖਤ ਉਪਰ ਪੇਸ਼ ਹੋਵੇ

ਸਟਾਕਟਨ/ਕੈਲੀਫੋਰਨੀਆ : ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨਾਲ ਛੇੜਛਾੜ ਕਰਨ ਉਪਰ ਕੈਲੀਫੋਰਨੀਆ ਦੀਆਂ ਵੱਖ-ਵੱਖ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਥਮਿੰਦਰ ਅਨੰਦ ਦੀ ਸਖਤ ਨਿੰਦਾ ਕੀਤੀ ਗਈ ਜਿਨ੍ਹਾਂ ਵਿਚ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਦੇ ਪ੍ਰਧਾਨ ਸ੍ਰ. ਰਵਿੰਦਰ ਸਿੰਘ ਧਾਲੀਵਾਲ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਹੋਠੀ, ਗੁਰਦੁਆਰਾ ਸਾਹਿਬ ਫਰੀਮਾਂਟ ਦੇ ਪ੍ਰਧਾਨ ਸ੍ਰ. ਜਸਵਿੰਦਰ ਸਿੰਘ ਜੰਡੀ, ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟਰੇਸੀ ਤੋਂ ਸ੍ਰ. ਦੀਪ ਸਿੰਘ, ਗੁਰਦੁਆਰਾ ਸਾਹਿਬ ਐਲਸਬਰਾਂਟੇ ਕੈਲੀਫੋਰਨੀਆ ਤੋਂ ਸ੍ਰ. ਦਰਸ਼ਨ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ, ਗੁਰਦੁਆਰਾ ਸਾਹਿਬ ਟੂਲੇਰੀ ਤੋਂ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ (ਕੈਲੀਫੋਰਨੀਆ) ਦੇ ਪ੍ਰਧਾਨ ਸ੍ਰ. ਤਰਸੇਮ ਸਿੰਘ ਖਾਲਸਾ, ਗੁਰਦੁਆਰਾ ਸਾਹਿਬ ਮਡੇਰਾ ਤੋਂ ਐਨ.ਆਰ.ਆਈ. ਦੇ ਪ੍ਰਧਾਨ ਸ੍ਰ. ਸੁਰਿੰਦਰ ਸਿੰਘ ਨਿੱਝਰ, ਗੁਰਦੁਆਰਾ ਸਾਹਿਬ ਟੈਰਾ ਬਿਉਨਾ ਯੁਬਾ ਸਿਟੀ ਦੇ ਜਨਰਲ ਸੈਕਟਰੀ ਸ੍ਰ. ਤਜਿੰਦਰ ਸਿੰਘ ਦੁਸਾਂਝ, ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਫਰੀਜਨੋ ਦੇ ਪ੍ਰਧਾਨ ਸ੍ਰ. ਜਤਿੰਦਰ ਸਿੰਘ, ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸੈਕਰਾਮੈਂਟੋ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਅਟਵਾਲ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟਰੇਸੀ ਦੇ ਪ੍ਰਧਾਨ ਅਤੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਯੂ.ਐਸ.ਏ. ਦੇ ਪ੍ਰਧਾਨ ਸ੍ਰ. ਸੁਰਿੰਦਰ ਸਿੰਘ ਅਟਵਾਲ ਸ਼ਾਮਲ ਹਨ। ਇਸ ਪ੍ਰਤੀ ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਗੁਰੂ ਘਰ ਸਟਾਕਟਨ ਦੇ ਪ੍ਰਧਾਨ ਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਅਨੰਦ ਵਲੋਂ ਕੀਤੀ ਗੁਸਤਾਖੀ ਘੋਰ ਪਾਪ ਹੈ। ਗੁਰਬਾਣੀ ਨਾਲ ਛੇੜਛਾੜ ਕਰਨ ਤੇ ਗੁਰੂ ਸਾਹਿਬਾਨ ਨੇ ਪਰਿਵਾਰ ਵਿਚੋਂ ਤੇ ਪੰਥ ਵਿਚੋਂ ਛੇਕ ਦਿੱਤਾ ਸੀ। ਅਸੀਂ ਹੈਰਾਨ ਹਾਂ ਕਿ ਇਹ ਲੋਕ ਕਿਸਦੇ ਇਸ਼ਾਰੇ ਉਪਰ ਘੋਰ ਨਿਰਾਦਰ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਨੰਦ ਨੂੰ ਬਿਨਾਂ ਕਿਸੇ ਦੇਰੀ ਦੇ ਅਕਾਲ ਤਖਤ ਸਾਹਿਬ ਉਪਰ ਪੇਸ਼ ਹੋ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਖ਼ਬਰ ਨੂੰ ਉਜਾਗਰ ਕਰਨ ਲਈ ‘ਸਾਡੇ ਲੋਕ’ ਅਖ਼ਬਾਰ ਦਾ ਧੰਨਵਾਦ ਕੀਤਾ। ਇਥੇ ਇਹ ਜ਼ਿਕਰਯੋਗ ਹੈ ਕਿ ਪੰਥ ਦੇ ਮਹਾਨ ਵਿਦਵਾਨ ਸ੍ਰ. ਗੁਰਚਰਨਜੀਤ ਸਿੰਘ ਲਾਂਬਾ ਦੇ ਸਹਿਯੋਗ ਨਾਲ ‘ਸਾਡੇ ਲੋਕ’ ਅਖ਼ਬਾਰ ਨੇ ਪਹਿਲੇ ਪੇਜ਼ ਉਪਰ 23 ਮਾਰਚ ਨੂੰ ਇਹ ਕਵਰ ਸਟੋਰੀ ਛਾਪੀ ਸੀ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਰਿਪੋਰਟ ਉਪਰ ਅਨੰਦ ਖਿਲਾਫ਼ ਪਰਚਾ ਦਰਜ ਕਰਾਇਆ ਸੀ। ਸ੍ਰ. ਧਾਲੀਵਾਲ ਨੇ ਕਿਹਾ ਕਿ ਜਲਦੀ ਇਸ ਉਪਰ ਸਮੂਹ ਗੁਰੂਘਰ ਦੀ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਸਮੂਹ ਪੰਥ ਨੂੰ ਇਕੋ ਝੰਡੇ ਹੇਠ ਇਕੱਠੇ ਹੋਣ ਦੀ ਬੇਨਤੀ ਕੀਤੀ।