ਚੀਨੀ ਸਰਹੱਦ ਨੇੜੇ ਬੁਨਿਆਦੀ ਢਾਂਚੇ ’ਤੇ ਦੇ ਰਹੇ ਹਾਂ ਜ਼ੋਰ: ਜੈਸ਼ੰਕਰ

ਚੀਨੀ ਸਰਹੱਦ ਨੇੜੇ ਬੁਨਿਆਦੀ ਢਾਂਚੇ ’ਤੇ ਦੇ ਰਹੇ ਹਾਂ ਜ਼ੋਰ: ਜੈਸ਼ੰਕਰ

ਪੂਰਬੀ ਲੱਦਾਖ ਵਿੱਚ ਚੀਨ ਨਾਲ ਵਿਵਾਦ ਹੱਲ ਕਰਨ ਦੇ ਯਤਨ ਜਾਰੀ: ਵਿਦੇਸ਼ ਮੰਤਰੀ
ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਨੇ ਪਿਛਲੇ ਨੌਂ ਸਾਲਾਂ ਵਿੱਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਬੁਨਿਆਦੀ ਢਾਂਚਾ ਉਸਾਰਨ ’ਤੇ ਜ਼ੋਰ ਦਿੱਤਾ ਹੈ ਜਿਸ ਕਾਰਨ ਕਿਸੇ ਵੀ ਸੁਰੱਖਿਆ ਚੁਣੌਤੀ ਨਾਲ ਨਜਿੱਠਣ ਵਿੱਚ ਦੇਸ਼ ਦੀ ਫ਼ੌਜੀ ਤਿਆਰੀ ਨੂੰ ਮਜ਼ਬੂਤੀ ਮਿਲੀ ਹੈ।

ਪੱਤਰਕਾਰਾਂ ਦੇ ਇੱਕ ਗਰੁੱਪ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਚੀਨ ਨੇ ਪਿਛਲੇ ਨੌਂ ਸਾਲਾਂ ਵਿੱਚ ਗੱਲਬਾਤ ਰਾਹੀਂ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੀਆਂ ਪੰਜ-ਛੇ ਥਾਂ ’ਤੇ ਪ੍ਰਗਤੀ ਕੀਤੀ ਹੈ ਅਤੇ ਬਾਕੀ ਮੁੱਦਿਆਂ ਨੂੰ ਸੁਲਝਾਉਣ ਲਈ ਵੀ ਯਤਨ ਚੱਲ ਰਹੇ ਹਨ। ਜੈਸ਼ੰਕਰ ਨੇ ਕਿਹਾ ਕਿ ਸਰਹੱਦ ਨੂੰ ਸੁਰੱਖਿਅਤ ਰੱਖਣ ਅਤੇ ਕੌਮੀ ਹਿੱਤਾਂ ਦੀ ਰੱਖਿਆ ਕਰਨ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਵਚਨਬੱਧਤਾ ਉੱਤਰੀ ਸੀਮਾ ’ਤੇ ਮਹੱਤਵਪੂਰਨ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਇਸ ਦੇ ਜ਼ੋਰ ਦਿੱਤੇ ਜਾਣ ’ਚੋਂ ਝਲਕਦੀ ਹੈ। ਉਨ੍ਹਾਂ ਸਰਹੱਦੀ ਵਿਵਾਦ ’ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀ ਕੀਤੀ ਜਾ ਰਹੀ ਆਲੋਚਨਾ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਖ਼ਤ ਟਿੱਪਣੀ ਕਰਨਾ ਗੰਭੀਰਤਾ ਦਾ ਪ੍ਰਤੀਕ ਨਹੀਂ ਹੈ ਅਤੇ ਬੁਨਿਆਦੀ ਢਾਂਚੇ ’ਤੇ ਜ਼ੋਰ ਦੇਣ ਵਰਗੀ ਹਕੀਕੀ ਕਾਰਵਾਈ ਮਾਅਨੇ ਰੱਖਦੀ ਹੈ ਕਿਉਂਕਿ ਇਸ ਨੇ ਸੈਨਿਕਾਂ ਦੀ ਮਹੱਤਵਪੂਰਨ ਢੰਗ ਨਾਲ ਤਾਇਨਾਤੀ ਵਿੱਚ ਮਦਦ ਕੀਤੀ ਹੈ। ਜੈਸ਼ੰਕਰ ਨੇ ਕਿਹਾ ਕਿ ਜਿਨ੍ਹਾਂ ਨੇ ਸਰਹੱਦ ’ਤੇ ਬੁਨਿਆਦੀ ਢਾਂਚੇ ਨੂੰ ਨਜ਼ਰਅੰਦਾਜ਼ ਕੀਤਾ ਹੈ ਉਹ (ਚੀਨ ਨਾਲ) ਸਥਿਤੀ ਨੂੰ ਲੈ ਕੇ ਚਿੰਤਤ ਨਹੀਂ ਸਨ। ਵਿਦੇਸ਼ ਮੰਤਰੀ ਨੇ ਸਰਹੱਦੀ ਖੇਤਰਾਂ ਦਾ ਵਿਕਾਸ ਨਾ ਕਰਨ ਦੀ ਅਤੀਤ ਦੀ ਨੀਤੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਐੱਲਏਸੀ ’ਤੇ ਚੀਨ ਦੀ ਗਸ਼ਤ ਸਾਲ 2000 ਦੇ ਨੇੜੇ-ਤੇੜੇ ਵਧੀ ਹੈ ਕਿਉਂਕਿ ਉਸ ਨੇ ਸਰਹੱਦ ’ਤੇ ਸੜਕਾਂ ਤੇ ਪੁਲ ਬਣਾਏ ਹਨ। ਜੈਸ਼ੰਕਰ ਨੇ ਕਿਹਾ ਕਿ ਸੜਕਾਂ, ਪੁਲ ਤੇ ਸੁਰੰਗਾਂ ਬਣਾਏ ਜਾਣ ਕਾਰਨ ਭਾਰਤ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਮਗਰੋਂ 2020 ਵਿੱਚ ਤੇਜ਼ੀ ਨਾਲ ਸੈਨਿਕ ਤਾਇਨਾਤ ਕਰ ਸਕਿਆ ਸੀ। ਸਰਕਾਰ ਫੌਜ ਦੀ ਵਰਤੋਂ ਲਈ ਤੇ ਸਰਹੱਦੀ ਖੇਤਰਾਂ ’ਚ ਰਹਿ ਰਹੇ ਲੋਕਾਂ ਦੀ ਜ਼ਿੰਦਗੀ ਨੂੰ ਸਹਿਜ ਬਣਾਉਣ ਦੇ ਮਕਸਦ ਨਾਲ ਉੱਤਰੀ ਸਰਹੱਦ ’ਤੇ ਸੜਕਾਂ, ਪੁਲ, ਸੁਰੰਗਾਂ ਅਤੇ ਹੋਰ ਬੁਨਿਆਦੀ ਢਾਂਚਾ ਉਸਾਰਨ ’ਤੇ ਪੂਰੀ ਤਰ੍ਹਾਂ ਧਿਆਨ ਦੇ ਰਹੀ ਹੈ।