ਰਾਮ ਮੰਦਿਰ ਲਈ 400 ਕਿਲੋ ਵਜ਼ਨੀ ਤਾਲਾ ਤਿਆਰ

ਰਾਮ ਮੰਦਿਰ ਲਈ 400 ਕਿਲੋ ਵਜ਼ਨੀ ਤਾਲਾ ਤਿਆਰ

ਅਲੀਗੜ੍ਹ(ਯੂਪੀ)- ਇਕ ਬਜ਼ੁਰਗ ਕਾਰੀਗਰ ਨੇ ਅਯੁੱਧਿਆ ਵਿੱਚ ਉਸਾਰੀ ਅਧੀਨ ਰਾਮ ਮੰਦਿਰ ਲਈ 400 ਕਿਲੋ ਵਜ਼ਨੀ ਤਾਲਾ ਤਿਆਰ ਕੀਤਾ ਹੈ। ਕਲਾਕਾਰ ਸੱਤਿਆ ਪ੍ਰਕਾਸ਼ ਸ਼ਰਮਾ ਹੱਥੀਂ ਤਾਲੇ ਬਣਾਉਣ ਲਈ ਮਸ਼ਹੂਰ ਹੈ। ਰਾਮ ਮੰਦਿਰ ਅਗਲੇ ਸਾਲ ਜਨਵਰੀ ਵਿੱਚ ਸ਼ਰਧਾਲੂਆਂ ਲਈ ਖੋਲ੍ਹੇ ਜਾਣ ਦੀ ਉਮੀਦ ਹੈ। ਸ਼ਰਮਾ ਨੇ ਕਿਹਾ ਕਿ ‘ਵਿਸ਼ਵ ਦਾ ਸਭ ਤੋਂ ਵੱਡਾ ਹੱਥੀਂ ਤਿਆਰ ਤਾਲਾ’ ਤਿਆਰ ਕਰਨ ਵਿੱਚ ਉਸ ਨੂੰ ਮਹੀਨਿਆਂਬੱਧੀ ਲੱਗੇ ਤੇ ਉਹ ਮੰਦਰ ਦੇ ਪ੍ਰਬੰਧਕਾਂ ਨੂੰ ਇਹ ਤਾਲਾ ਤੋਹਫੇ ਵਜੋਂ ਦੇਣਾ ਚਾਹੁੰਦਾ ਹੈ।

ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵੱਡੀ ਗਿਣਤੀ ਸ਼ਰਧਾਲੂਆਂ ਤੋਂ ਹੋਰ ਵੀ ਕਈ ਪੇਸ਼ਕਸ਼ਾਂ ਆਈਆਂ ਹਨ ਤੇ ਉਨ੍ਹਾਂ ਨੂੰ ਦੇਖਣਾ ਪਏਗਾ ਕਿ ਇਸ ਤਾਲੇ ਨੂੰ ਕਿੱਥੇ ਵਰਤਿਆ ਜਾ ਸਕਦਾ ਹੈ। ੲਿਹ ਤਾਲਾ 10 ਫੁੱਟ ਉੱਚਾ, ਸਾਢੇ ਚਾਰ ਫੁੱਟ ਚੌੜਾ ਤੇ ਮੋਟਾਈ ਵਿੱਚ ਸਾਢੇ 9 ਇੰਚ ਹੈ। ਤਾਲੇ ਦੀ ਚਾਬੀ ਚਾਰ ਫੁੱਟ ਹੈ। ਸ਼ਰਮਾ ਨੇ ਕਿਹਾ ਕਿ ਤਾਲਾ ਰਾਮ ਮੰਦਿਰ ਨੂੰ ਦਿਮਾਗ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਤਾਲੇ ਨੂੰ ਸਾਲ ਦੇ ਸ਼ੁਰੂ ਵਿੱਚ ਲੱਗੀ ਇਕ ਨੁਮਾਇਸ਼ ਵਿੱਚ ਵੀ ਰੱਖਿਆ ਗਿਆ ਸੀ। ਸ਼ਰਮਾ ਮੁਤਾਬਕ ਇਸ ਤਾਲੇ ਨੂੰ ਤਿਆਰ ਕਰਨ ਵਿੱਚ ਦੋ ਲੱਖ ਰੁਪਏ ਦਾ ਖਰਚਾ ਆਇਆ ਹੈ।