ਕੁੱਲੂ ਜ਼ਿਲ੍ਹੇ ਦੇ ਦੋ ਪਿੰਡਾਂ ’ਚ 28 ਮਕਾਨਾਂ ’ਚ ਤਰੇੜਾਂ

ਕੁੱਲੂ ਜ਼ਿਲ੍ਹੇ ਦੇ ਦੋ ਪਿੰਡਾਂ ’ਚ 28 ਮਕਾਨਾਂ ’ਚ ਤਰੇੜਾਂ

ਮੰਡੀ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਪੈਂਦੀ ਤੀਰਥਨ ਵਾਦੀ ਵਿਚਲੇ ਦੋ ਪਿੰਡਾਂ ਬਾਂਦਲ ਤੇ ਕੋਸ਼ੂਨਾਲੀ ਦੇ 28 ਮਕਾਨਾਂ ਵਿੱਚ ਤਰੇੜਾਂ ਪੈ ਗਈਆਂ ਹਨ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਆਪੋ-ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਆਸਰਾ ਲੈਣ ਨੂੰ ਮਜਬੂਰ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਪਿਛਲੇ ਮਹੀਨੇ ਪਏ ਭਾਰੀ ਮੀਂਹ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਮੀਂਹ ਕਾਰਨ ਇਸ ਸਮੁੱਚੇ ਇਲਾਕੇ ਵਿੱਚ ਢਿੱਗਾਂ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰਾਂ ਵਿੱਚ ਹਲਕੀਆਂ ਤਰੇੜਾਂ ਸਨ ਪਰ ਹੁਣ ਇਹ ਤਰੇੜਾਂ ਕਾਫੀ ਵਧ ਗਈਆਂ ਹਨ। ਇਨ੍ਹਾਂ ਤਰੇੜਾਂ ਕਾਰਨ ਇਹ ਮਕਾਨ ਰਹਿਣ ਲਈ ਸੁਰੱਖਿਅਤ ਨਹੀਂ ਰਹੇ ਹਨ।

ਕੋਸ਼ੂਨਾਲੀ ਦੀ ਇਕ ਵਸਨੀਕ ਤਾਰਾ ਦੇਵੀ ਨੇ ਕਿਹਾ, ‘‘ਮੇਰਾ ਘਰ ਨੁਕਸਾਨਿਆ ਗਿਆ ਹੈ ਜਦਕਿ ਮੇਰੇ ਤੋਂ ਅਗਲਾ ਮਕਾਨ ਵੀ ਖਤਰੇ ’ਚ ਹੈ ਜੋ ਕਿ ਕਿਸੇ ਵੀ ਸਮੇਂ ਡਿੱਗ ਸਕਦਾ ਹੈ।’’ ਇਸੇ ਤਰ੍ਹਾਂ ਬਾਂਦਲ ਤੇ ਕੋਸ਼ੂਨਾਲੀ ਪਿੰਡਾਂ ਦੇ ਵਸਨੀਕਾਂ ਸ਼ਾਰਦਾ ਦੇਵੀ, ਉੱਤਮ ਰਾਮ, ਕੁਲਦੀਪ ਸਿੰਘ, ਰਵਿੰਦਰ ਕੁਮਾਰ ਅਤੇ ਕੁਝ ਹੋਰਾਂ ਨੇ ਦੱਸਿਆ ਕਿ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ ੲਿਹ ਦੋਵੇਂ ਪਿੰਡ ਰਹਿਣ ਲਈ ਸੁਰੱਖਿਅਤ ਨਹੀਂ ਰਹੇ ਹਨ। ਪਹਿਲਾਂ ਘਰਾਂ ਵਿੱਚ ਤਰੇੜਾਂ ਹਲਕੀਆਂ ਸਨ ਪਰ ਹੁਣ ਇਹ ਕਾਫੀ ਵਧ ਗਈਆਂ ਹਨ। ਅਜਿਹੇ 28 ਮਕਾਨ ਹਨ। ਉਨ੍ਹਾਂ ਕਿਹਾ, ‘‘ਅਸੀਂ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਥਾਵਾਂ ’ਤੇ ਵਸਾਇਆ ਜਾਵੇ। ਇਸ ਵੇਲੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਆਸਰਾ ਲਿਆ ਹੋਇਆ ਹੈ। ਖੇਤਰ ਵਿੱਚ ਤੁਰੰਤ ਭੂ ਵਿਗਿਆਨੀਆਂ ਤੋਂ ਇਕ ਸਰਵੇਖਣ ਕਰਵਾਏ ਜਾਣ ਦੀ ਲੋੜ ਹੈ।’’

ਉੱਧਰ, ਬੰਜਾਰ ਦੇ ਐੱਸਡੀਐੱਮ ਹੇਮ ਚੰਦ ਵਰਮਾ ਨੇ ਕਿਹਾ, ‘‘ਮੈਂ ਖ਼ੁਦ ਦੋਵੇਂ ਪਿੰਡਾਂ ਬਾਂਦਲ ਤੇ ਕੋਸ਼ੂਨਾਲੀ ਜਾ ਕੇ ਖਤਰੇ ਵਾਲੇ ਘਰਾਂ ਨੂੰ ਖਾਲੀ ਕਰਵਾਇਆ ਹੈ। ਮੈਂ ਡਿਪਟੀ ਕਮਿਸ਼ਨਰ ਕੁੱਲੂ ਨੂੰ ਬੇਨਤੀ ਕੀਤੀ ਹੈ ਕਿ ਭੂ ਵਿਗਿਆਨੀਆਂ ਨੂੰ ਸੱਦ ਕੇ ਇਕ ਸਰਵੇਖਣ ਕਰਵਾਇਆ ਜਾਵੇ।