ਮੁਟਿਆਰਾਂ ਤੇ ਸੁਆਣੀਆਂ ਨੇ ਚਾਅ ਨਾਲ ਮਨਾਈਆਂ ਤੀਆਂ

ਮੁਟਿਆਰਾਂ ਤੇ ਸੁਆਣੀਆਂ ਨੇ ਚਾਅ ਨਾਲ ਮਨਾਈਆਂ ਤੀਆਂ

ਚਮਕੌਰ ਸਾਹਿਬ- ਪੰਜਾਬ ਕਲਾ ਮੰਚ ਚਮਕੌਰ ਸਾਹਿਬ ਨੇ ਤੀਆਂ ਦਾ 23ਵਾਂ ਮੇਲਾ ਕਰਵਾਇਆ, ਜਿਸ ਦੀ ਸ਼ੁਰੂਆਤ ਸੰਤ ਬਾਬਾ ਪਿਆਰਾ ਸਿੰਘ ਸਕੂਲ ਦੀਆਂ ਵਿਦਿਆਰਥਣਾਂ ਨੇ ਧਾਰਮਿਕ ਸ਼ਬਦ ਪੜ੍ਹ ਕੇ ਕੀਤੀ। ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕਿ ਡਾ. ਚਿਤਰਾ ਬਾਂਸਲ ਨੇ ਜਾਗੋ ਬਾਲ ਕੇ ਲੜਕੀ ਜਸਮੀਨ ਕੌਰ ਦੇ ਸਿਰ ’ਤੇ ਰੱਖ ਕੇ ਢੋਲ ਦੀ ਤਾਲ ਤੇ ਪੰਡਾਲ ਤੋਂ ਸਟੇਜ ਵੱਲ ਰਵਾਨਾ ਕੀਤਾ। ਪ੍ਰਿੰਸੀਪਲ ਆਦਰਸ਼ ਸ਼ਰਮਾ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਜਾਗੋ, ਬੋਲੀਆਂ, ਸਿੱਠਣੀਆਂ ਨਾਲ ਰੌਣਕਾਂ ਲਾਈਆਂ। ਇਸੇ ਦੌਰਾਨ ਮਹਿੰਦੀ ਅਤੇ ਪੀਂਘ ਦੇ ਮੁਕਾਬਲੇ ਕਰਵਾਏ ਗਏ। ਮਹਿੰਦੀ ਮੁਕਾਬਲੇ ਵਿੱਚ ਵਿਦਿਆਰਥਣ ਪਰਨੀਤ ਕੌਰ ਨੇ ਪਹਿਲਾ, ਏਕਮਪ੍ਰੀਤ ਕੌਰ ਦੂਜਾ ਅਤੇ ਪੂਜਾ ਗੁਪਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੇਲੇ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਪੰਜ ਸ਼ਖ਼ਸੀਅਤਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਆ ਗਿਆ। ਸਮੂਹ ਔਰਤਾਂ ਦੇ ਪੰਡਾਲ ਵਿੱਚ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਸੰਧਾਰੇ ਦੇ ਬਿਸਕੁਟਾਂ ਨਾਲ ਸਨਮਾਨਿਆ ਗਿਆ। ਸੰਧਾਰਾ ਡਾ. ਗੁਰਸੇਵਕ ਸਿੰਘ ਪਰਖਾਲੀ ਦੀ ਧੀ ਹਰਨੂਰ ਕੌਰ ਨੂਰ ਦੀ ਅਗਵਾਈ ਹੇਠ ਮੰਚ ’ਤੇ ਲਿਆਂਦਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸਵਰਨ ਸਿੰਘ ਸੈਣੀ ਅਤੇ ਐਡਵੋਕੇਟ ਜੁਗਲ ਕਿਸ਼ੋਰ ਸ਼ਰਮਾ ਨੇ ਨਿਭਾਈ ਗਈ।