ਆਰਥਿਕ ਨੁਕਸਾਨ ਦੇ ਨਾਲ-ਨਾਲ ਮਾਨਸਿਕ ਪੀੜਾ ਵੀ ਝੱਲ ਰਹੇ ਨੇ ਲੋਕ

ਆਰਥਿਕ ਨੁਕਸਾਨ ਦੇ ਨਾਲ-ਨਾਲ ਮਾਨਸਿਕ ਪੀੜਾ ਵੀ ਝੱਲ ਰਹੇ ਨੇ ਲੋਕ

ਆਪਣੇ ਨਿੱਕੇ ਬੱਚੇ ਨਾਲ ਪੇਕੇ ਰਹਿਣ ਲਈ ਮਜਬੂਰ ਹੋਈ ਚਰਨ ਕੌਰ
ਜਲੰਧਰ- ਲੋਹੀਆਂ ਖੇਤਰ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਮਾਨਸਿਕ ਪੀੜਾ ਵੀ ਝੱਲਣੀ ਪੈ ਰਹੀ ਹੈ। ਧੱਕਾ ਬਸਤੀ ਦੀ ਚਰਨ ਕੌਰ ਇਸ ਦੀ ਪ੍ਰਤੱਖ ਉਦਾਹਰਨ ਹੈ। ਜਦੋਂ ਹੜ੍ਹ ਆਏ ਤਾਂ ਉਹ ਗਰਭਵਤੀ ਸੀ ਅਤੇ ਉਸ ਨੂੰ ਆਰਾਮਦਾਇਕ ਮਾਹੌਲ ਚਾਹੀਦਾ ਸੀ ਪਰ ਇਨ੍ਹਾਂ ਦਿਨਾਂ ਵਿੱਚ ਘਰੋਂ- ਬੇਘਰ ਹੋਈ ਚਰਨ ਕੌਰ ਨੂੰ ਨਾਹਲ ਮੰਡੀ ’ਚ ਲੱਗੇ ਟੈਂਟ ਵਿੱਚ ਮੱਛਰਾਂ ਤੇ ਗਰਮੀ ਨਾਲ ਜੂਝਣਾ ਪਿਆ।

ਉਸ ਨੇ ਜੁਲਾਈ ਮਹੀਨੇ ਦੇ ਆਖਰੀ ਹਫ਼ਤੇ ਲੋਹੀਆਂ ਦੇ ਸਿਹਤ ਕੇਂਦਰ ਵਿਚ ਲੜਕੇ ਨੂੰ ਜਨਮ ਦਿੱਤਾ। ਧੱਕਾ ਬਸਤੀ ਦੀ ਰਹਿਣ ਵਾਲੀ ਚਰਨ ਨੇ ਆਖਿਆ ਕਿ ਭਾਰੀ ਹੜ੍ਹਾਂ ਕਾਰਨ ਉਨ੍ਹਾਂ ਦੇ ਘਰ ਵਿਚ ਤਰੇੜਾਂ ਆ ਗਈਆਂ ਹਨ ਅਤੇ ਉਹ ਕਿਸੇ ਵੇਲੇ ਵੀ ਡਿੱਗ ਸਕਦਾ ਹੈ। ਉਸ ਨੇ ਆਖਿਆ ਕਿ ਹੁਣ ਉਸ ਦਾ ਬੱਚਾ ਵੀ ਘਰ ਵਿੱਚ ਹੈ ਪਰ ਹੁਣ ਉਸ ਨੂੰ ਆਪਣੇ ਬੱਚੇ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਫਿਲਹਾਲ ਚਰਨ ਕੌਰ ਆਪਣੇ ਪੇਕੇ ਘਰ ਰਹਿ ਰਹੀ ਹੈ। ਉਸ ਨੇ ਆਖਿਆ ਕਿ ਉਸ ਨੇ ਆਪਣੇ ਬੱਚੇ ਲਈ ਬਹੁਤ ਅਰਦਾਸਾਂ ਕੀਤੀਆਂ ਪਰ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਦੋਂ ਉਹ ਪੈਦਾ ਹੋਵੇਗਾ ਤਾਂ ਉਨ੍ਹਾਂ ਦੇ ਘਰ ਦਾ ਅਜਿਹਾ ਹਾਲ ਹੋਵੇਗਾ। ਚਰਨ ਕੌਰ ਦਾ ਪਤੀ ਬਲਵਿੰਦਰ ਸਿੰਘ ਦਿਹਾੜੀਦਾਰ ਹੈ।

ਉਸ ਨੇ ਆਖਿਆ ਕਿ ਉਨ੍ਹਾਂ ਦੇ ਘਰ ਦੀ ਹਾਲਤ ਬਹੁਤ ਮਾੜੀ ਹੈ ਅਤੇ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ। ਉਹ ਇਕ ਵਾਰ ਘਰ ਦਾ ਗੇੜਾ ਮਾਰਨ ਗਿਆ ਸੀ ਪਰ ਉਥੇ ਸਭ ਕੁਝ ਬਰਬਾਦ ਹੋ ਗਿਆ ਹੈ। ਮਕਾਨ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਅੰਦਰ ਪਿਆ ਸਾਮਾਨ ਖਰਾਬ ਹੋ ਗਿਆ ਹੈ। ਉਨ੍ਹਾਂ ਨੂੰ ਹੁਣ ਆਪਣੇ ਭਵਿੱਖ ਦੀ ਚਿੰਤਾ ਹੈ। ਉਸ ਨੇ ਆਖਿਆ ਕਿ ਉਹ ਆਪਣੇ ਨਿੱਕੇ ਨੂੰ ਬੱਚੇ ਲੈ ਕੇ ਕਿੱਥੇ ਜਾਵੇ? ਉਹ ਹੁਣ ਮੁੜ ਕੰਮ ਲੱਭੇਗਾ। ਦੂਜੇ ਪਾਸੇ ਮੰਡੀ ਵਿਚ ਦੋ ਹੋਰ ਗਰਭਵਤੀ ਔਰਤਾਂ ਰਹਿ ਰਹੀਆਂ ਹਨ। ਇਨ੍ਹਾਂ ਵਿੱਚ ਇਕ ਛੇ ਮਹੀਨੇ ਦੀ ਗਰਭਵਤੀ ਹੈ ਜਦਕਿ ਇੱਕ ਦੇ ਬੱਚਾ ਹੋਣ ਵਾਲਾ ਹੈ।

ਹਾਲਾਂਕਿ ਨਰਸ ਤੇ ਆਸ਼ਾ ਵਰਕਰ ਲਗਾਤਾਰ ਉਨ੍ਹਾਂ ਦੋਵਾਂ ਦੇ ਘਰ ਜਾ ਕੇ ਦੇਖਭਾਲ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਲੋੜੀਂਦੀ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ। ਗਰਭਵਤੀ ਔਰਤਾਂ ਨੂੰ ਕੈਲਸ਼ੀਅਮ ਤੇ ਆਈਰਨ ਦੀਆਂ ਗੋਲੀਆਂ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਨਰਸ ਤੇ ਆਸ਼ਾ ਵਰਕਰ ਨੇ ਗਰਭਵਤੀ ਔਰਤਾਂ ਨੂੰ ਲੋੜ ਪੈਣ ’ਤੇ ਇਲਾਜ ਲਈ ਸਿਹਤ ਕੇਂਦਰ ਵਿਚ ਜਾਣ ਦੀ ਸਲਾਹ ਦਿੱਤੀ ਹੈ।