ਰਿੰਕੂ ਨੂੰ ਮੌਨਸੂਨ ਸੈਸ਼ਨ ਵਿੱਚੋਂ ਮੁਅੱਤਲ ਕਰਨ ਦਾ ਵਿਰੋਧ

ਰਿੰਕੂ ਨੂੰ ਮੌਨਸੂਨ ਸੈਸ਼ਨ ਵਿੱਚੋਂ ਮੁਅੱਤਲ ਕਰਨ ਦਾ ਵਿਰੋਧ

ਫ਼ਤਹਿਗੜ੍ਹ ਸਾਹਿਬ- ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੋਕ ਸਭਾ ਵਿੱਚ ਕਈ ਦਿਨਾਂ ਤੋਂ ਮਨੀਪੁਰ ਘਟਨਾਵਾਂ ਸਬੰਧੀ ਵਿਰੋਧੀ ਪਾਰਟੀਆਂ ਵੱਲੋਂ ਜਦੋਂ ਇਸ ਮਾਮਲੇ ’ਤੇ ਬਹਿਸ ਕਰਵਾਉਣ ਲਈ ਜ਼ੋਰ ਪਾਇਆ ਜਾ ਰਿਹਾ ਸੀ ਤਾਂ ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਵੱਲੋਂ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚ ਸੰਤੁਲਨ ਨੂੰ ਕਾਇਮ ਰੱਖਣ ਅਤੇ ਮਨੀਪੁਰ ਗੰਭੀਰ ਮੁੱਦੇ ਉਤੇ ਵਿਚਾਰ ਕਰਨ ਲਈ ਕੋਈ ਮਾਹੌਲ ਹੀ ਨਹੀਂ ਸਿਰਜਿਆ ਗਿਆ ਅਤੇ ਦੁੱਖ ਦੀ ਗੱਲ ਹੈ ਕਿ ਦਿੱਲੀ ਸੇਵਾ ਕੰਟਰੋਲ ਬਿੱਲ ਲੋਕ ਸਭਾ ਵਿਚ ਬਿਨਾਂ ਬਹਿਸ ਤੋਂ ਹੀ ਪਾਸ ਕਰ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਮੌਨਸੂਨ ਸੈਸ਼ਨ ਦੇ ਬਾਕੀ ਸਮੇਂ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਜਦਕਿ ਰਿੰਕੂ ਇਸ ਮਾਮਲੇ ’ਤੇ ਸਦਨ ’ਚ ਆਪਣੀ ਗੱਲ ਰੱਖਣਾ ਚਾਹੁੰਦੇ ਸਨ। ਉਨ੍ਹਾਂ ਇਸ ਕਾਰਵਾਈ ’ਤੇ ਦੁੱਖ ਪ੍ਰਗਟ ਕਰਦੇ ਹੋਏ ਇਸ ਨੂੰ ਤਾਨਾਸ਼ਾਹੀ ਰਵੱਈਆ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਜੰਮੂ ਕਸ਼ਮੀਰ, ਪੰਜਾਬ, ਮਨੀਪੁਰ, ਅਸਾਮ, ਛੱਤੀਸਗੜ੍ਹ, ਹਰਿਆਣਾ, ਬਿਹਾਰ ਵਿਚ ਅਣਹੋਣੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਲਈ ਹੁਕਮਰਾਨਾਂ ਦੀ ਇਕਪਾਸੜ ਸੋਚ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਨੀਤੀਆਂ ਹੀ ਜ਼ਿੰਮੇਵਾਰ ਹਨ ਜਿਨ੍ਹਾਂ ਨੂੰ ਘੱਟ ਗਿਣਤੀ ਕੌਮਾਂ ਕਦੀ ਵੀ ਸਹਿਣ ਨਹੀਂ ਕਰਨਗੀਆਂ। ਉਨ੍ਹਾਂ ਹੁਕਮਰਾਨਾਂ ਨੂੰ ਘੱਟ ਗਿਣਤੀ ਕੌਮਾਂ ਤੇ ਧਰਮਾਂ ਨਾਲ ਤਾਨਾਸ਼ਾਹੀ ਅਤੇ ਜਬਰ ਵਾਲਾ ਵਿਹਾਰ ਛੱਡ ਕੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਪੇਸ਼ ਆਉਣ ਅਤੇ ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ 14 ਅਨੁਸਾਰ ਬਰਾਬਰੀ ਦੇ ਅਧਿਕਾਰ ਪ੍ਰਦਾਨ ਕਰਨ ਦੀ ਅਪੀਲ ਕੀਤੀ ਤਾਂ ਕਿ ਰਾਜਾਂ ਵਿਚ ਫੈਲੀ ਅਫਰਾ-ਤਫਰੀ ਨੂੰ ਖ਼ਤਮ ਕੀਤਾ ਜਾ ਸਕੇ।