ਪਾਕਿਸਤਾਨ ਵਿੱਚ ਰੇਲ ਗੱਡੀ ਲੀਹੋਂ ਲੱਥੀ; 30 ਹਲਾਕ, 80 ਜ਼ਖ਼ਮੀ

ਪਾਕਿਸਤਾਨ ਵਿੱਚ ਰੇਲ ਗੱਡੀ ਲੀਹੋਂ ਲੱਥੀ; 30 ਹਲਾਕ, 80 ਜ਼ਖ਼ਮੀ

ਇਸਲਾਮਾਬਾਦ- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿੱਚ ਰੇਲ ਗੱਡੀ ਲੀਹ ਤੋਂ ਉੱਤਰਨ ਕਾਰਨ 30 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਲਗਪਗ 80 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਨਵਾਬਸ਼ਾਹ ਜ਼ਿਲ੍ਹੇ ਦੇ ਸਰਹਾਰੀ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਵਾਪਰਿਆ ਜਦੋਂ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਮੁਸਾਫ਼ਰ ਰੇਲ ਗੱਡੀ ਹਜ਼ਾਰਾ ਐਕਸਪ੍ਰੈੱਸ ਦੇ ਡੱਬੇ ਲੀਹ ਤੋਂ ਉੱਤਰ ਗਏ। ਰੇਲਵੇ ਤੇ ਪੁਲੀਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਹਾਦਸੇ ਵਿੱਚ 30 ਯਾਤਰੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਸੰਘੀ ਰੇਲਵੇ ਮੰਤਰੀ ਸਾਦ ਰਫੀਕ ਨੇ ਮੀਡੀਆ ਨੂੰ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਰੇਲ ਗੱਡੀ ਦੇ ਦਸ ਡੱਬੇ ਲੀਹ ਤੋਂ ਉੱਤਰ ਗਏ ਹਨ ਅਤੇ ਘਟਨਾ ਦੀ ਜਾਂਚ ਚੱਲ ਰਹੀ ਹੈ। ਪਾਕਿਸਤਾਨ ਰੇਲਵੇ ਦੇ ਸੱਖਰ ਦੇ ਡਿਵੀਜ਼ਨਲ ਕਮਰਸ਼ੀਅਲ ਅਫਸਰ (ਡੀਸੀਓ) ਮੋਹਸਿਨ ਸਿਆਲ ਨੇ ਕਿਹਾ ਕਿ ਮਲਬੇ ਵਿੱਚੋਂ 30 ’ਚੋਂ 15 ਲਾਸ਼ਾਂ ਕੱਢੀਆਂ ਗਈਆਂ ਹਨ ਅਤੇ ਪਾਕਿਸਤਾਨ ਫੌਜ ਦੀ ਮਦਦ ਨਾਲ ਬਚਾਅ ਕਾਰਜ ਜਾਰੀ ਹਨ।

ਉਨ੍ਹਾਂ ਕਿਹਾ, ‘‘ਹੁਣ ਤੱਕ 30 ਮੌਤਾਂ ਹੋ ਚੁੱਕੀਆਂ ਹਨ ਅਤੇ ਕਰੀਬ 80 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।’’ ਪਾਕਿਸਤਾਨ ਰੇਲਵੇ ਦੇ ਡਿਪਟੀ ਸੁਪਰਡੈਂਟ ਮਹਿਮੂਦ ਰਹਿਮਾਨ ਨੇ ਪੁਸ਼ਟੀ ਕੀਤੀ ਕਿ ਨੁਕਸਾਨੇ ਗਏ ਡੱਬਿਆਂ ਵਿੱਚੋਂ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਟੀਵੀ ਚੈਨਲਾਂ ’ਤੇ ਸਟੇਸ਼ਨ ਨੇੜੇ ਵਾਪਰੇ ਹਾਦਸੇ ਨੂੰ ਦਿਖਾਇਆ ਜਾ ਰਿਹਾ ਹੈ ਜਿਸ ਵਿੱਚ ਰੇਲ ਗੱਡੀ ਦੇ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਬਚਾਅ ਕਰਮੀ ਤੇ ਪੁਲੀਸ ਮੁਲਾਜ਼ਮ ਆਮ ਲੋਕਾਂ ਦੀ ਮਦਦ ਨਾਲ ਯਾਤਰੀਆਂ ਨੂੰ ਲੀਹੋਂ ਲੱਥੇ ਡੱਬਿਆਂ ਵਿੱਚੋਂ ਕੱਢਦੇ ਨਜ਼ਰ ਆ ਰਹੇ ਹਨ।

ਰਹਿਮਾਨ ਨੇ ਕਿਹਾ, ‘‘ਇਸ ਸਮੇਂ ਬਚਾਅ ਕਾਰਜਾਂ ਦਾ ਕੰਮ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਨੁਕਸਾਨੇ ਗਏ ਡੱਬਿਆਂ ਵਿੱਚੋਂ ਕੱਢ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਸਰਕਾਰੀ ਰੇਡੀਓ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਤੇ ਰੇਂਜਰਾਂ ਵੱਲੋਂ ਹਾਦਸੇ ਵਾਲੀ ਥਾਂ ’ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ। ਉਧਰ, ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ, ਜਿਸ ਦੀ ਪਾਕਿਸਤਾਨ ਪੀਪਲਜ਼ ਪਾਰਟੀ ਸੂਬੇ ਵਿੱਚ ਸੱਤਾ ਵਿੱਚ ਹੈ, ਨੇ ਸਿੰਧ ਸਰਕਾਰ ਨੂੰ ਜ਼ਖ਼ਮੀਆਂ ਨੂੰ ਫੌਰੀ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਪੀਪੀਪੀ ਕਾਰਕੁਨਾਂ ਨੂੰ ਵੀ ਰਾਹਤ ਤੇ ਬਚਾਅ ਕਾਰਜਾਂ ਵਿੱਚ ਮਦਦ ਦੀ ਅਪੀਲ ਕੀਤੀ ਹੈ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਸ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ’ਤੇ ਦੁੱਖ ਪ੍ਰਗਟ ਕੀਤਾ ਹੈ। –