ਮਨੀਪੁਰ: ਕੇਂਦਰੀ ਬਲਾਂ ਦੀਆਂ 10 ਹੋਰ ਕੰਪਨੀਆਂ ਤਾਇਨਾਤ

ਮਨੀਪੁਰ: ਕੇਂਦਰੀ ਬਲਾਂ ਦੀਆਂ 10 ਹੋਰ ਕੰਪਨੀਆਂ ਤਾਇਨਾਤ

ਮਹਿਲਾਵਾਂ ਦੀ ਨਗਨ ਪਰੇਡ ਮਾਮਲੇ ’ਚ ਥਾਣਾ ਇੰਚਾਰਜ ਸਣੇ ਪੰਜ ਪੁਲੀਸ ਮੁਲਾਜ਼ਮ ਮੁਅੱਤਲ
ੲਿੰਫਾਲ- ਮਨੀਪੁਰ ’ਚ ਜਾਰੀ ਹਿੰਸਾ ਦੌਰਾਨ ਗ੍ਰਹਿ ਮੰਤਰਾਲੇ ਨੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 10 ਹੋਰ ਕੰਪਨੀਆਂ ਉੱਤਰ-ਪੂਰਬੀ ਸੂਬੇ ’ਚ ਭੇਜ ਦਿੱਤੀਆਂ ਹਨ। ਇਸ ਦੌਰਾਨ ਇੰਫਾਲ ਪੱਛਮੀ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਹੋਈ ਹਿੰਸਾ ਦੌਰਾਨ ਭੀੜ ਨੇ 15 ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਧਰ ਪੁਲੀਸ ਨੇ ਦੋ ਆਦਿਵਾਸੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘੁਮਾਉਣ ਨਾਲ ਸਬੰਧਤ ਵੀਡੀਓ ਮਾਮਲੇ ਵਿੱਚ ਥੋਊਬਲ ਜ਼ਿਲ੍ਹੇ ਦੇ ਨੋਂਗਪੋਕ ਸੇਕਮਾਈ ਥਾਣੇ ਦੇ ਇੰਚਾਰਜ ਸਣੇ ਪੰਜ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਦੂਜੀ ਭਾਰਤੀ ਰਿਜ਼ਰਵ ਬਟਾਲੀਅਨ ਦੇ ਅਸਲਾਖਾਨੇ ਵਿੱਚੋਂ ਹਥਿਆਰ ਤੇ ਗੋਲੀ-ਸਿੱਕਾ ਲੁੱਟਣ ਨਾਲ ਜੁੜੇ ਮਾਮਲੇ ਦੀ ਆਈਜੀ ਦੀ ਅਗਵਾਈ ਹੇਠ ਛੇ ਹਫ਼ਤਿਆਂ ’ਚ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਆਰਪੀਐੱਫ, ਬੀਐੱਸਐੱਫ, ਆਈਟੀਬੀਪੀ ਅਤੇ ਐੱਸਐੱਸਬੀ ਦੀਆਂ 10 ਕੰਪਨੀਆਂ (ਕਰੀਬ 900 ਜਵਾਨ ਅਤੇ ਕੁਝ ਅਧਿਕਾਰੀ) ਸ਼ਨਿਚਰਵਾਰ ਨੂੰ ਇਥੇ ਪੁੱਜ ਗਈਆਂ ਹਨ ਅਤੇ ਉਨ੍ਹਾਂ ਨੂੰ ਵੱਖ ਵੱਖ ਜ਼ਿਲ੍ਹਿਆਂ ’ਚ ਤਾਇਨਾਤ ਕੀਤਾ ਜਾਵੇਗਾ। ਮਨੀਪੁਰ ’ਚ 3 ਮਈ ਤੋਂ ਸ਼ੁਰੂ ਹੋਈ ਹਿੰਸਾ ਮਗਰੋਂ ਰੱਖਿਆ ਅਤੇ ਗ੍ਰਹਿ ਮੰਤਰਾਲੇ ਨੇ ਫ਼ੌਜ, ਅਸਾਮ ਰਾਈਫ਼ਲਜ਼ ਅਤੇ ਵੱਖ ਵੱਖ ਹਥਿਆਰਬੰਦ ਬਲਾਂ ਦੇ 40 ਹਜ਼ਾਰ ਤੋਂ ਜ਼ਿਆਦਾ ਜਵਾਨ ਤਾਇਨਾਤ ਕੀਤੇ ਸਨ। ਮੈਤੇਈ ਅਤੇ ਕੁਕੀ ਭਾਈਚਾਰਿਆਂ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਪੁਲੀਸ ਅਤੇ ਕੇਂਦਰੀ ਬਲਾਂ ਦੇ ਇਕ ਧੜੇ ’ਤੇ ਪੱਖਪਾਤ ਕੀਤੇ ਜਾਣ ਦੇ ਦੋਸ਼ ਲਾਏ ਗਏ ਸਨ।

ਇੰਫਾਲ ਪੱਛਮੀ ਜ਼ਿਲ੍ਹੇ ਦੇ ਲੰਗੋਲ ਖੇਡ ਪਿੰਡ ’ਚ ਸ਼ਨਿਚਰਵਾਰ ਸ਼ਾਮ ਭੀੜ ਨੇ 15 ਘਰਾਂ ਨੂੰ ਅੱਗ ਲਗਾ ਦਿੱਤੀ। ਸੁਰੱਖਿਆ ਬਲਾਂ ਨੇ ਭੀੜ ਖਿੰਡਾਉਣ ਲਈ ਅੱਥਰੂ ਗੈਸ ਦੇ ਕਈ ਗੋਲੇ ਦਾਗ਼ੇ। ਹਿੰਸਾ ਦੌਰਾਨ 45 ਵਰ੍ਹਿਆਂ ਦਾ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਇੰਫਾਲ ਪੂਰਬੀ ਜ਼ਿਲ੍ਹੇ ਦੇ ਚੈਕਓਨ ਇਲਾਕੇ ’ਚ ਵੀ ਹਿੰਸਾ ਦੀਆਂ ਰਿਪੋਰਟਾਂ ਹਨ ਜਿਥੇ ਇਕ ਵੱਡੇ ਵਪਾਰਕ ਅਦਾਰੇ ਅਤੇ ਤਿੰਨ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਕਾਂਗਪੋਕਪੀ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਸ਼ਨਿਚਰਵਾਰ ਨੂੰ ਮੁਕਾਬਲਾ ਹੋਇਆ। ਇਕ ਵਿਅਕਤੀ ਨੂੰ ਐੱਸਐੱਲਆਰ ਅਤੇ 50 ਕਾਰਤੂਸਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਹੁਣ ਤੱਕ 300 ਵਿਅਕਤੀਆਂ ਨੂੰ ਵੱਖ ਵੱਖ ਮਾਮਲਿਆਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਰਾਜੀਵ ਸਿੰਘ ਨੇ ਕਿਹਾ ਕਿ ਸੂਬੇ ਦੇ ਵੱਖ ਵੱਖ ਹਿੱਸਿਆਂ ’ਚੋਂ ਲੁੱਟੇ ਗਏ 1195 ਹਥਿਆਰ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ 1057 ਹਥਿਆਰ ਘਾਟੀ ਦੇ ਜ਼ਿਲ੍ਹਿਆਂ ਜਦਕਿ 138 ਹਥਿਆਰ ਪਹਾੜੀ ਜ਼ਿਲ੍ਹਿਆਂ ’ਚੋਂ ਮਿਲੇ ਹਨ। ਡੀਜੀਪੀ ਨੇ ਕਿਹਾ ਕਿ ਲੁੱਟੇ ਗਏ ਹਥਿਆਰ ਬਰਾਮਦ ਕਰਨ ਲਈ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਤੋਂ ਹਥਿਆਰ ਲੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।