ਇਨਸਾਫ਼ ਲਈ ਵਿਧਾਇਕ ਪਠਾਣਾਜਰਾ ਦੇ ਘਰ ਅੱਗੇ ਧਰਨਾ

ਇਨਸਾਫ਼ ਲਈ ਵਿਧਾਇਕ ਪਠਾਣਾਜਰਾ ਦੇ ਘਰ ਅੱਗੇ ਧਰਨਾ


ਦੋਵਾਂ ਧਿਰਾਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਹੋਣ ’ਤੇ ਮਾਮਲਾ ਪੇਚੀਦਾ ਬਣਿਆ
ਪਟਿਆਲਾ- ਦੋ ਹਫਤੇ ਪਹਿਲਾਂ ਨਾਲ ਲੱਗਦੇ ਪਿੰਡ ਰਸੂਲਪੁਰ ਜੌੜਾ ਵਿੱਚ ਗੇਟ ਲਾਉਣ ਦੇ ਮਾਮਲੇ ਤੋਂ ਹੋਈ ਲੜਾਈ ਦਾ ਮਾਮਲਾ ਪੇਚੀਦਾ ਬਣਿਆ ਹੋਇਆ ਹੈ। ਦੋਵੇਂ ਧਿਰਾਂ ‘ਆਪ’ ਨਾਲ ਸਬੰਧਤ ਹਨ। ਪੁਲੀਸ ਨੇ 12 ਜਣਿਆਂ ਨੂੰ ਜੇਲ੍ਹ ਭੇਜ ਦਿੱਤਾ ਹੈ ਪਰ ‘ਆਪ’ ਆਗੂ ਅਤੇ ਹਮਲਾਵਰ ਦੱਸੀ ਜਾਂਦੀ ਧਿਰ ਦੇ ਮੁਖੀ ਰਣਜੋਧ ਸਿੰਘ ਜੋਧਾ ਤੇ ਹੋਰਾਂ ਦੀ ਗ੍ਰਿਫਤਾਰੀ ਨਾ ਹੋਣ ਦੀ ਕਾਰਵਾਈ ਪਿੱਛੇ ਦੂਜੀ ਧਿਰ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦਾ ਹੱਥ ਦੱਸ ਰਹੀ ਹੈ ਕਿਉਂਕਿ ਜੋਧਾ ਘਨੌਰ ਦੇ ਵਿਧਾਇਕ ਦੀ ਭੂਆ ਦਾ ਪੁੱਤ ਹੈ। ਇਸ ਕਰਕੇ ਜੋਧਾ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਲਈ ਦੂਜੀ ਧਿਰ ਨੇ ਅੱਜ ਕਿਸਾਨਾਂ ਅਤੇ ਹੋਰਾਂ ਦੀ ਮਦਦ ਨਾਲ਼ ਆਪਣੇ ਹਲਕੇ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਟਿਆਲਾ ’ਚ ਪਾਸੀ ਰੋਡ ’ਤੇ ਸਥਿਤ ਸਰਕਾਰੀ ਰਿਹਾਇਸ਼ ਮੂਹਰੇ ਧਰਨਾ ਦਿੱਤਾ। ਉਂਜ ‘ਆਪ’ ਦੇ ਝੰਡਿਆਂ ਨਾਲ ਲੈਸ ਹੋ ਕੇ ਪੁੱਜੇ ਮੁਜ਼ਾਹਰਾਕਾਰੀਆਂ ਨੇ ਭਾਵੇਂ ਪਠਾਣਮਾਜਰਾ ’ਤੇ ਕੋਈ ਵੀ ਸਿੱਧਾ ਦੋਸ਼ ਤਾਂ ਨਹੀਂ ਲਾਇਆ, ਪਰ ਉਨ੍ਹਾ ਦਾ ਤਰਕ ਸੀ ਕਿ ਉਹ ਪਠਾਣਮਾਜਰਾ ਦੇ ਘਰ ਮੂਹਰੇ ਇਹ ਸ਼ਾਂਤਮਈ ਧਰਨਾ ਇਸ ਕਰਕੇ ਦੇ ਰਹੇ ਹਨ ਤਾਂ ਜੋ ਹਲਕਾ ਵਿਧਾਇਕ ਹੋਣ ਨਾਤੇ ਉਹ ਉਨ੍ਹਾਂ ’ਤੇ ਜੋਧਾ ਅਤੇ ਹੋਰ ਰਹਿੰਦੇ ਮੁਲਜ਼ਮਾਂ ਦੀਆਂ ਗ੍ਰਿਫਤਾਰੀਆਂ ਯਕੀਨੀ ਬਣਵਾਉਣ ਲਈ ਦਬਾਅ ਬਣਾ ਸਕਣ। ਅਖੀਰ ਐਸਪੀ ਸਿਟੀ ਸਰਫਰਾਜ ਆਲਮ ਤੇ ਡੀਐੱਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਵੱਲੋਂ ਮੁੱਖ ਮੰਤਰੀ ਦੇ ਨਾਮ ਲਿਖਿਆ ਮੰਗ ਪੱਤਰ ਹਾਸਲ ਕਰਦਿਆਂ 8 ਅਗਸਤ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦਾ ਭਰੋਸਾ ਦੇਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਫੈਸਲੇ ਤੋਂ ਜਾਣੂ ਕਰਵਾਉਂਦਿਆਂ, ਇਨਸਾਫ਼ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਭਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਵਾਅਦੇ ਮੁਤਾਬਿਕ ਗ੍ਰਿਫਤਾਰੀਆਂ ਨਾ ਹੋਣ ’ਤੇ ਕਮੇਟੀ ਵੱਲੋਂ ਹੋਰ ਵੀ ਤਿੱਖੇ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਵਾਪਰੀ ਇਸ ਘਟਨਾ ਦੌਰਾਨ ਰਸੂਲਪੁਰ ਜੌੜਾ ਦੇ ਸਾਬਕਾ ਸਰਪੰਚ ਤੇ ‘ਆਪ’ ਕਾਰਕੁਨ ਲਖਵਿੰਦਰ ਸਿੰਘ ਲੱਖਾ ਦੇ ਪੁੱਤਰ ਤੇ ਇੱਕ ਮਹਿਲਾ ਦੇ ਗੋਲ਼ੀ, ਜਦਕਿ ਇਕ ਰਿਟਾਇਰਡ ਪੁਲੀਸ ਇੰਸਪੈਕਟਰ ਇੱਟ ਵੱਜਣ ਕਾਰਨ ਜ਼ਖ਼ਮੀ ਹੋ ਗਏ ਸਨ। ਪੁਲੀਸ ਵੱਲੋਂ ਕਈ ਅਣਪਛਾਤਿਆਂ ਸਮੇਤ 14 ਜਣਿਆਂ ਦੇ ਨਾਮ ਅੰਕਿਤ ਕਰਦਿਆਂ, ਇਰਾਦਾ ਕਤਲ ਦਾ ਕੇਸ ਦਰਜ ਕਰਦਿਆਂ, 14 ਜਣਿਆਂ ਨੂੰ ਗ੍ਰਿਫਤਾਰ ਵੀ ਕਰਕੇ ਜੇਲ੍ਹ ਵੀ ਭੇਜ ਦਿੱਤਾ ਪਰ ਲੱਖਾ ਤੇ ਹਮਾਇਤੀਆਂ ਦਾ ਕਹਿਣਾ ਹੈ ਕਿ ਜੋਧਾ ਦੀ ਗ੍ਰਿਫਤਾਰੀ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਨਹੀਂ ਹੋਣ ਦਿੱਤੀ ਜਾ ਰਹੀ ਹੈ। ਇਸ ਕਰਕੇ ਉਨ੍ਹਾਂ ਨੇ ਆਪਣੇ ਹਲਕੇ ਦੇ ਵਿਧਾਇਕ ਤੋਂ ਇਨਸਾਫ ਦੀ ਮੰਗ ਕਰਦਿਆਂ ਇਹ ਧਰਨਾ ਦਿੱਤਾ।

ਮੈਂ ਪੀੜਤ ਪਰਿਵਾਰ ਦੇ ਨਾਲ ਹਾਂ: ਪਠਾਣਮਾਜਰਾ
ਵਿਧਾਇਕ ਹਰਮੀਤ ਪਠਾਣਮਾਜਰਾ ਨੇ ਕਿਹਾ ਕਿ ਭਾਵੇਂ ਉਹ ਰਾਜਸੀ ਵਿਅਕਤੀ ਹਨ, ਪਰ ਉਨ੍ਹਾਂ ਨੇ ਕਦੇ ਵੀ ਮਾੜੀ ਸਿਆਸਤ ਨਹੀਂ ਕੀਤੀ। ਉਹ ਪੀੜਤ ਪਰਿਵਾਰ ਨਾਲ ਖੜ੍ਹੇ ਹਨ ਤੇ ਪਿਛਲੇ ਦਿਨੀਂ ਹੋਈ ਇਕੱਤਰਤਾ ’ਚ ਸ਼ਾਮਲ ਹੋ ਕੇ ਵੀ ਇਹ ਭਰੋਸਾ ਦਿਵਾਇਆ ਸੀ। ਉਨ੍ਹਾਂ ਕਿਹਾ ਕਿ ਨਾਵਾਂ ਸਮੇਤ ਕੇਸ ’ਚ ਸ਼ਾਮਲ 14 ਵਿੱਚੋਂ 12 ਜਣੇ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਗੋਲ਼ੀ ਚਲਾਉਣ ਵਾਲ਼ੇ ਦਾ ਅਸਲਾ ਲਾਇਸੈਂਸ ਵੀ ਰੱਦ ਕਰਨ ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਅਖੀਰ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਦੋਸ਼ ਬੇਬੁਨਿਆਦ: ਗੁਰਲਾਲ ਘਨੌਰ
ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਰਣਜੋਧ ਸਿੰਘ ਉਸ ਦੀ ਭੂਆ ਦਾ ਪੁੱੱਤ ਹੈ, ਪਰ ਕਿਸੇ ਕੇਸ ’ਚ ਸ਼ਾਮਲ ਵਿਅਕਤੀ ਦਾ ਰਿਸ਼ਤੇਦਾਰ ਹੋਣ ਨਾਲ ਕੋਈ ਗੁਨਾਹਗਾਰ ਨਹੀਂ ਬਣ ਜਾਂਦਾ। ਜੋਧੇ ਦੀ ਗ੍ਰਿਫਤਾਰੀ ਨਾ ਹੋਣ ਸਬੰਧੀ ਦਬਾਅ ਪਾਉਣ ਦੇ ਦੋਸ਼ਾਂ ਨੂੰ ਨਕਾਰਦਿਆਂ, ਉਨ੍ਹਾਂ ਕਿਹਾ ਕਿ ਪੁਲੀਸ ਨੇ ਨਾ ਸਿਰਫ਼ ਰਣਜੋਧ ਸਿੰਘ,ਬਲਕਿ 60 ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਦੂਜੀ ਧਿਰ ’ਤੇ ਕੇਸ ਨਾ ਦਰਜ ਕਰਨ ਦੀ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਉਸ ਦਾ ਕੋਈ ਦਬਾਅ ਨਹੀਂ। ਫੇਰ ਨਾਵਾਂ ਸਮੇਤ ਨਾਮਜ਼ਦ 14 ਵਿੱਚੋਂ 12 ਜਣੇ ਗ੍ਰਿਫਤਾਰ ਵੀ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਉਸ ਨੂੰ ਇਸ ਕਦਰ ਬਦਨਾਮ ਕਰਨ ਪਿੱਛੇ ਕਾਂਗਰਸੀਆਂ ਅਤੇ ਅਕਾਲੀਆਂ ਦੀ ਚਾਲ ਹੈ।