ਸੁਖਬੀਰ ਬਾਦਲ ਨੇ ਟਕਸਾਲੀ ਅਕਾਲੀ ਬਜਾਜ ਪਰਿਵਾਰ ਦੇ ਘਰ ਫੇਰੀ ਪਾਈ

ਸੁਖਬੀਰ ਬਾਦਲ ਨੇ ਟਕਸਾਲੀ ਅਕਾਲੀ ਬਜਾਜ ਪਰਿਵਾਰ ਦੇ ਘਰ ਫੇਰੀ ਪਾਈ

ਪਟਿਆਲਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਸ਼ਹਿਰ ਵਿਚਲੀ ਯਾਦਵਿੰਦਰਾ ਕਲੋਨੀ ’ਚ ਸਥਿਤ ਟਕਸਾਲੀ ਅਕਾਲੀ ਬਜਾਜ ਪਰਿਵਾਰ ਦੇ ਘਰ ਫੇਰੀ ਪਾਈ। ਇਸ ਦੌਰਾਨ ਉਨ੍ਹਾਂ ਨੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ਦੀ ਸ਼ਹਿਰੀ ਇਕਾਈ ਪਟਿਆਲਾ ਦੇ ਲੰਬਾ ਸਮਾਂ ਪ੍ਰਧਾਨ ਰਹੇ ਇੰਦਰਮੋਹਣ ਸਿੰਘ ਬਜਾਜ ਅਤੇ ਪਟਿਆਲਾ ਦੇ ਮੇਅਰ ਰਹਿ ਚੁੱੱਕੇ ਉਨ੍ਹਾਂ ਦੇ ਪੁੱਤਰ ਅਮਰਿੰਦਰ ਸਿੰਘ ਬਜਾਜ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਸ੍ਰੀ ਬਜਾਜ ਦੇ ਪਿਤਾ ਸਵਰਗੀ ਮਨਮੋਹਣ ਸਿੰਘ ਬਜਾਜ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀਆਂ ਵਿੱਚੋਂ ਸਨ। ਭਾਵੇਂ ਬਜਾਜ ਪਰਿਵਾਰ ਅਕਾਲੀ ਦਲ ਨਾਲ਼ ਹੀ ਖੜ੍ਹਾ ਹੈ, ਪਰ ਫੇਰ ਵੀ ਸ੍ਰੀ ਬਾਦਲ ਦੀਆਂ ਅਜਿਹੀਆਂ ਸਰਗਰਮੀਆਂ ਨੂੰ ਇਥੇ ਪੁਰਾਣੇ ਅਕਾਲੀਆਂ ਨੂੰ ਨਾਲ਼ ਜੋੜ ਕੇ ਰੱਖਣ ਦੀ ਮੁਹਿੰਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਰੱਖੜਾ, ਗੁਰਪੀ੍ਰਤ ਰਾਜੂ ਖੰਨਾ, ਅਮਿਤ ਰਾਠੀ ਤੇ ਹੋਰ ਵੀ ਮੌਜੂਦ ਸਨ।