ਮਸ਼ਾਲਾਂ ਬਾਲ ਕੇ ਚੱਲਣਾ…

ਮਸ਼ਾਲਾਂ ਬਾਲ ਕੇ ਚੱਲਣਾ…

ਮੋਹਨ ਸ਼ਰਮਾ

ਮਾਪਿਆਂ ਦਾ ਵੀਹ ਸਾਲਾਂ ਦਾ ਇਕਲੌਤਾ ਪੁੱਤ ਨਾਜ਼ਰ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਗਿਆ ਸੀ। ਸਾਰੇ ਪਿੰਡ ਵਿਚ ਸੰਨਾਟਾ ਜਿਹਾ ਛਾ ਗਿਆ ਸੀ। ਗ਼ਮਗੀਨ ਚਿਹਰੇ ਵਾਹੋ-ਦਾਹੀ ਉਸ ਦੇ ਘਰ ਵੱਲ ਜਾ ਰਹੇ ਸਨ। ਮਾਂ-ਬਾਪ ਦੇ ਪੱਥਰਾਂ ਨੂੰ ਵੀ ਰੁਆਉਣ ਵਾਲੇ ਵੈਣ ਝੱਲੇ ਨਹੀਂ ਸੀ ਜਾਂਦੇ। ਮਾਂ ਦੁਹੱਥੜਾਂ ਮਾਰ ਮਾਰ ਖੂਨ ਦੇ ਅੱਥਰੂ ਕੇਰਦਿਆਂ ਕਹਿ ਰਹੀ ਸੀ, “ਵੇ ਪੁੱਤ, ਤੂੰ ਤਾਂ ਸਾਨੂੰ ਪਟਕਾ ਕੇ ਮਾਰਿਆ। ਕੱਖਾਂ ਤੋਂ ਹੌਲੇ ਹੋ ਗਏ ਅਸੀਂ ਤਾਂ।” ਅਰਥੀ ਨਾਲ ਲਿਪਟਦਿਆਂ ਉਹਦੀ ਹਾਲਤ ਜਿਊਂਦੀ ਲਾਸ਼ ਵਰਗੀ ਹੋ ਗਈ ਸੀ। ਗੁੰਮ-ਸੁੰਮ ਹੋਇਆ ਬਾਪ ਕਦੇ ਅਸਮਾਨ ਵੱਲ ਦੇਖ ਲੈਂਦਾ ਅਤੇ ਕਦੇ ਲੋਕਾਂ ਦੀ ਭੀੜ ਵੱਲ। ਫਿਰ ਭੁੱਬਾਂ ਮਾਰ ਕੇ ਉਹਦੀ ਦਿਲ-ਚੀਰਵੀਂ ਆਵਾਜ਼ ਨਿਕਲੀ, “ਪੱਟੇ ਗਏ ਅਸੀਂ ਲੋਕੋ! ਨਾਜ਼ਰਾ ਤੈਨੂੰ ਇਸ ਰਾਹੋਂ ਕਿੰਨੇ ਵਾਰ ਵਰਜਿਆ ਪਰ ਤੂੰ ਸਾਨੂੰ ਵੀ ਧੋਖਾ ਦਿੰਦਾ ਰਿਹਾ ਤੇ ਆਪਣੇ ਆਪ ਨੂੰ ਵੀ। ਕੱਖਾਂ ਤੋਂ ਹੌਲਾ ਕਰ ਗਿਆ ਤੂੰ ਸਾਨੂੰ।” ਕੁਝ ਸਿਆਣੇ ਬਜ਼ੁਰਗ ਉਸ ਨੂੰ ਸੰਭਾਲ ਰਹੇ ਸਨ ਅਤੇ ਕੁਝ ਔਰਤਾਂ ਨਾਜ਼ਰ ਦੀ ਬੇਵਸ ਮਾਂ ਨੂੰ ਦਿਲਾਸਾ ਦੇਣ ਰਹੀਆਂ ਸਨ। ਉਸ ਨੂੰ ਵਾਰ ਵਾਰ ਦੰਦਲ ਪੈ ਰਹੀ ਸੀ। ਚਾਰੇ ਪਾਸੇ ਸੋਗੀ ਹਵਾ ਵਗ ਰਹੀ ਸੀ। ਪਿੰਡ ਦੇ ਕੁਝ ਪਤਵੰਤੇ ਭਰੇ ਮਨ ਨਾਲ ਨਾਜ਼ਰ ਦੀ ਮਿੱਟੀ ਕਿਉਂਟਣ ਦੀ ਤਿਆਰੀ ਕਰ ਰਹੇ ਸਨ। ਰਿਸ਼ਤੇਦਾਰ ਅਤੇ ਮਿਲਣ-ਗਿਲਣ ਵਾਲਿਆਂ ਨਾਲ ਵਿਹੜਾ ਭਰ ਗਿਆ ਸੀ, ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਉਸ ਸਮੇਂ ਮਾਹੌਲ ਹੋਰ ਵੀ ਗ਼ਮਗੀਨ ਹੋ ਗਿਆ ਜਦੋਂ ਨਾਜ਼ਰ ਦੀ ਭੈਣ ਨੇ ਵਿਹੜੇ ਵਿਚ ਪੈਰ ਧਰਿਆ। ਇਕਲੌਤੇ ਵੀਰ ਦੀ ਮੌਤ ’ਤੇ ਉਹਦੇ ਖੂਨ ਦੇ ਅੱਥਰੂਆਂ ਕਾਰਨ ਭੀੜ ਦੀਆਂ ਅੱਖਾਂ ’ਚ ਵੀ ਹੰਝੂ ਆ ਗਏ। ਉਹ ਵਾਰ ਵਾਰ ਉਹਦਾ ਮੱਥਾ ਚੁੰਮਦਿਆਂ ਭੁੱਬਾਂ ਮਾਰਦਿਆਂ ਕਹਿ ਰਹੀ ਸੀ, “ਮੇਰੇ ਬਾਬਲ ਦਾ ਚਿਰਾਗ ਬੁਝ ਗਿਆ… ਹੁਣ ਕਿਹਦੇ ਬੰਨ੍ਹਾਂਗੀ ਮੈਂ ਰੱਖੜੀ… ਕੌਣ ਮੈਨੂੰ ਤਿੱਥ ਤਿਉਹਾਰ ’ਤੇ ਸ਼ਗਨ ਦੇਣ ਜਾਊਗਾ… ਵੇ ਮੈਂ ਤਾਂ ਤੇਰੇ ਸਿਹਰੇ ਬੰਨ੍ਹਣ ਨੂੰ ਤਰਸਦੀ ਰਹੀ ਤੇ ਤੂੰ…।” ਉਸ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ। ਉਸ ਸਮੇਂ ਹਾਲਤ ਹੋਰ ਵੀ ਗ਼ਮਗੀਨ ਹੋ ਗਈ ਜਦੋਂ ਉਹਦੇ ਕੰਬਦੇ ਹੱਥਾਂ ਨੇ ਲਾਸ਼ ਬਣੇ ਭਰਾ ਦੇ ਸਿਹਰਾ ਬੰਨ੍ਹਿਆ। ਉਹ ਦਰਦਨਾਕ ਸੀਨ ਪੱਥਰ ਦਿਲਾਂ ਨੂੰ ਵੀ ਪਿਘਲਾਉਣ ਵਾਲਾ ਸੀ। ਅੰਤਿਮ ਰਸਮਾਂ ਕਰਨ ਪਿੱਛੋਂ ਲਾਸ਼ ਨੂੰ ਸ਼ਮਸ਼ਾਨ ਭੂਮੀ ਲਿਆਂਦਾ ਗਿਆ। ਭੁੱਬੀਂ ਰੋਂਦਿਆਂ ਚਿਤਾ ਨੂੰ ਅਗਨੀ ਨਾਜ਼ਰ ਦੇ ਚਚੇਰੇ ਭਰਾ ਨੇ ਦਿੱਤੀ। ਸਵਿਿਆਂ ਵਿਚ ਜਾਂ ਤਾਂ ਲੋਕ ਇਸ ਅਨਹੋਣੀ ’ਤੇ ਜਾਪ ਕਰ ਰਹੇ ਸਨ ਅਤੇ ਜਾਂ ਫਿਰ ਅੱਥਰੂ ਤੇ ਹੌਕੇ ਉਨ੍ਹਾਂ ਦਾ ਸਾਥ ਨਿਭਾਅ ਰਹੇ ਸਨ।

ਸਵਿੇ ਦੀ ਅੱਗ ਮੱਠੀ ਹੋ ਗਈ ਤਾਂ ਗੁਰਦੁਆਰੇ ਦੇ ਗ੍ਰੰਥੀ ਨੇ ਅਰਦਾਸ ਕਰਦਿਆਂ ਨਾਜ਼ਰ ਨੂੰ ਆਪਣੇ ਚਰਨਾਂ ਵਿਚ ਰੱਖਣ ਦੀ ਅਰਜੋਈ ਕੀਤੀ। ਇਸ ਪਿੱਛੋਂ ਇਹ ਕਹਿੰਦਿਆਂ ਗ੍ਰੰਥੀ ਸਿੰਘ ਦਾ ਗੱਚ ਭਰ ਆਇਆ, “ਸਾਧ ਸੰਗਤ ਜੀ, ਪਿੰਡ ਵਿਚ ਨਸ਼ਿਆਂ ਕਾਰਨ ਹਰ 10-15 ਦਿਨਾਂ ਬਾਅਦ ਮੈਨੂੰ ਨਾਜ਼ਰ ਵਰਗੇ ਨੌਜਵਾਨਾਂ ਦੇ ਬਲਦੇ ਸਵਿੇ ਸਾਹਮਣੇ ਅਰਦਾਸ ਕਰਨੀ ਪੈਂਦੀ ਹੈ। ਰੱਬ ਦਾ ਵਾਸਤਾ, ਮੈਥੋਂ ਹੁਣ ਹੋਰ ਅਰਦਾਸਾਂ ਨਹੀਂ ਹੋਣੀਆਂ। ਇਹ ਅਨਹੋਣੀਆਂ ਟਾਲਣ ਲਈ ਅਸੀਂ ਕੋਈ ਬੰਨ੍ਹ ਸੁੱਬ੍ਹ ਕਰੀਏ। ਕਿੰਨਾ ਕੁ ਚਿਰ ਅਸੀਂ ਨਾਜ਼ਰ ਵਰਗੇ ਨੌਜਵਾਨਾਂ ਦੇ ਸਵਿਿਆਂ ਦੀ ਅੱਗ ਸੇਕਦੇ ਰਹਾਂਗੇ? ਕਿੰਨਾ ਕੁ ਚਿਰ ਅਸੀਂ ਉਨ੍ਹਾਂ ਦੇ ਮੂੰਹਾਂ ਵੱਲ ਦੇਖੀ ਜਾਵਾਂਗੇ ਜਿਹੜੇ ਸਾਡੇ ਘਰਾਂ ’ਚ ਸੱਥਰ ਵਿਛਾਉਣ ਦਾ ਕਾਰਨ ਬਣਦੇ ਨੇ? ਤੁਹਾਡੀ ਚੁੱਪ, ਤੁਹਾਡਾ ਖਾਮੋਸ਼ ਰਹਿਣਾ ਅਤੇ ਤੁਹਾਡਾ ਇਸ ਸਾਰੇ ਵਰਤਾਰੇ ਨੂੰ ਰੱਬ ਦਾ ਭਾਣਾ ਮੰਨ ਲੈਣ ਨਾਲ ਅਗਲਿਆਂ ਨੂੰ ਸ਼ਹਿ ਮਿਲ ਰਹੀ ਹੈ…।”

ਔਰਤਾਂ ਮਰਦ ਗ੍ਰੰਥੀ ਸਿੰਘ ਦੀ ਗੱਲ ਨੂੰ ਗਹੁ ਨਾਲ ਸੁਣ ਰਹੇ ਸਨ। ਉਸ ਨੇ ਗੱਲ ਜਾਰੀ ਰੱਖੀ, “ਗੁਰੂ ਸਾਹਿਬ ਨੇ ਫਰਮਾਇਆ ਹੈ: ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ॥… ਅਸੀਂ ਸਾਰੇ ਤਾਂ ਇਨ੍ਹਾਂ ਬਾਣਾਂ ਨਾਲ ਵਿੰਨ੍ਹੇ ਪਏ ਹਾਂ। ਸਾਡੀ ਅਣਖ, ਸਾਡੀ ਗ਼ੈਰਤ, ਸਾਡਾ ਸਵੈਮਾਨ ਕਿੱਥੇ ਹੈ? ਯਾਦ ਰੱਖੋ, ਨਾ ਤਾਂ ਨਸ਼ਾ ਵੇਚਣ ਵਾਲਿਆਂ ਦੀਆਂ ਸ਼ੀਸ਼ੀਆਂ ਐਨੀਆਂ ਪੱਕੀਆਂ ਨੇ ਕਿ ਅਸੀਂ ਇਨ੍ਹਾਂ ਨੂੰ ਭੰਨ ਨਾ ਸਕੀਏ ਅਤੇ ਨਾ ਹੀ ਉਨ੍ਹਾਂ ਦੇ ਪੈਰ ਐਨੇ ਮਜ਼ਬੂਤ ਕਿ ਉਨ੍ਹਾਂ ਨੂੰ ਉਖੇੜ ਨਾ ਸਕੀਏ। ਲੋੜ ਤੁਹਾਡੇ ਏਕੇ ਦੀ ਹੈ। ਤੁਹਾਡਾ ਏਕਾ ਨਸ਼ੇ ਦੇ ਦੈਂਤ ਨੂੰ ਚਿੱਤ ਕਰ ਦੇਵੇਗਾ। ਅਸੀਂ ਹੁਣੇ ਹੀ ਐਥੇ ਇੱਕ ਪਾਸੇ ਬੈਠ ਕੇ ਸਿਰ ਜੋੜ ਕੇ ਵਿਚਾਰ ਵਟਾਂਦਰਾ ਕਰੀਏ। ਇਹ ਵੀ ਪ੍ਰਣ ਕਰੀਏ ਕਿ ਭਵਿੱਖ ਵਿਚ ਨਾਜ਼ਰ ਵਾਂਗ ਕਿਸੇ ਹੋਰ ਨੂੰ ਨਸ਼ਿਆਂ ਦੀ ਭੇਂਟ ਨਹੀਂ ਚੜ੍ਹਨ ਦੇਵਾਂਗੇ। ਹੋਰ ਜਵਾਨਾਂ ਨੂੰ ਬਚਾਉਣਾ ਹੀ ਨਾਜ਼ਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅਸੀਂ ਇਹ ਵੀ ਨਾ ਭੁੱਲੀਏ ਕਿ ਨਸ਼ਿਆਂ ਨੇ ਸਾਨੂੰ ਸਰੀਰਕ, ਆਰਥਿਕ ਅਤੇ ਮਾਨਸਿਕ ਤੌਰ ’ਤੇ ਖੋਖਲਾ ਕਰ ਦਿੱਤਾ ਹੈ। ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਫਿਰ ਕਦੇ ਵੀ ਨਹੀਂ ਜਾਗਾਂਗੇ ਅਤੇ ਫਿਰ ਇਹੋ ਜਿਹੀਆਂ ਅਨਹੋਣੀਆਂ ਕਾਰਨ ਸਾਡੇ ਘਰਾਂ ਵਿਚ ਸੱਥਰ ਵਿਛਦੇ ਰਹਿਣਗੇ। ਸਾਡਾ ਅਸਲੀ ਸਰਮਾਇਆ ਸਾਡੇ ਪੁੱਤ-ਧੀਆਂ ਹਨ; ਜੇ ਇਹ ਸਰਮਾਇਆ ਹੀ ਸਾਡੇ ਕੋਲ ਨਾ ਰਿਹਾ, ਫਿਰ ਜਿਊਣ ਦੇ ਅਰਥ ਕੀ ਰਹਿ ਜਾਂਦੇ? ਸਾਰੇ ਗੰਭੀਰ ਹੋ ਕੇ ਯਤਨ ਕਰੀਏ। ਨਹੀਂ ਫਿਰ ਅਸੀਂ ਸੁੰਨੇ ਘਰਾਂ ਦੇ ਵਾਸੀ ਹੋਵਾਂਗੇ। ਜਾਗੋ ਵੀਰੋ! ਭੈਣੋ!! ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖੀਏ: ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬੁ ਊਛਲੈ ਤਬ ਤਰਣੁ ਦੁਹੇਲਾ॥… … …।” ਖਾਮੋਸ਼ੀ ਤੋੜਦਿਆਂ ਉਹਨੇ ਗੱਲ ਅਗਾਂਹ ਤੋਰੀ, “ਆਪਣੇ ਆਪਣੇ ਘਰਾਂ ਨੂੰ ਜਾਣ ਤੋਂ ਪਹਿਲਾਂ ਸਰਪੰਚ ਸਾਹਿਬ ਦੀ ਨਿਗਰਾਨੀ ਵਿਚ ਨਸ਼ਾ ਰੋਕੂ ਕਮੇਟੀ ਬਣਾ ਕੇ ਨਸ਼ਿਆਂ ਦੀ ਰੋਕਥਾਮ ਲਈ ਹੂਲਾ ਫੱਕੀਏ। ਇਸੇ ਵਿਚ ਹੀ ਸਾਡੀ ਸਭ ਦੀ ਭਲਾਈ ਹੈ।”

ਗ੍ਰੰਥੀ ਸਿੰਘ ਦੀ ਅਪੀਲ ਦਾ ਸਾਰਿਆਂ ’ਤੇ ਹੀ ਅਸਰ ਹੋਇਆ। ਔਰਤਾਂ ਅਤੇ ਮਰਦ ਬੈਠ ਕੇ ਵਿਚਾਰ ਵਟਾਂਦਰਾ ਕਰਨ ਲੱਗ ਪਏ। ਪਿੰਡ ਦਾ ਸਰਪੰਚ ਵੀ ਇਕੱਠ ਵਿਚ ਸ਼ਾਮਲ ਸੀ। ਮੌਕੇ ’ਤੇ ਹੀ 30 ਮੈਂਬਰੀ ਕਮੇਟੀ ਬਣ ਗਈ। ਪਿੰਡ ਦੀਆਂ 15 ਔਰਤਾਂ ਵੀ ਕਮੇਟੀ ਵਿਚ ਸ਼ਾਮਿਲ ਕਰ ਲਈਆਂ। ਸਰਬਸੰਮਤੀ ਨਾਲ ਮਤਾ ਪਾਸ ਹੋ ਗਿਆ ਕਿ ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਨਾਲ ਰੋਟੀ-ਬੇਟੀ ਦੀ ਕੋਈ ਸਾਂਝ ਨਹੀਂ ਰੱਖੀ ਜਾਵੇਗੀ ਅਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪੁਲੀਸ ਕੇਸ ਬਣਨ ’ਤੇ ਪਿੰਡ ਵਾਸੀ ਉਨ੍ਹਾਂ ਦੀ ਜ਼ਮਾਨਤ ਨਹੀਂ ਕਰਵਾਉਣਗੇ। ਜੇ ਕੋਈ ਜ਼ਮਾਨਤ ਲਈ ਜਾਵੇਗਾ ਤਾਂ ਉਹਦਾ ਵੀ ਬਾਈਕਾਟ ਕੀਤਾ ਜਾਵੇਗਾ। ਜਿਹੜੇ 10-12 ਘਰ ਨਸ਼ਾ ਵੇਚਦੇ ਨੇ, ਉਨ੍ਹਾਂ ਨੂੰ ਘਰ ਜਾ ਕੇ ਵਰਜਿਆ ਜਾਵੇਗਾ, ਨਾ ਹਟਣ ਦੀ ਸੂਰਤ ਵਿਚ ਅਗਲਾ ਠੋਸ ਕਦਮ ਚੁੱਕਿਆ ਜਾਵੇ। ਨਸ਼ਾ ਵੇਚਣ ਵਾਲਿਆਂ ’ਤੇ ਬਾਜ ਅੱਖ ਰੱਖਣ ਲਈ ਪਿੰਡ ਵਿਚ ਸੀਸੀਟੀਵੀ ਕੈਮਰੇ ਲਾਉਣ ਦੀ ਵਿਉਂਤਬੰਦੀ ਵੀ ਕੀਤੀ ਗਈ। ਇਹ ਫੈਸਲਾ ਵੀ ਹੋਇਆ ਕਿ ਪਿੰਡ ਦੇ ਜਿਹੜੇ ਨੌਜਵਾਨ ਨਸ਼ੇ ’ਤੇ ਲੱਗੇ ਹੋਏ ਹਨ, ਉਨ੍ਹਾਂ ਦਾ ਪਿੰਡ ਵੱਲੋਂ ਇਲਾਜ ਕਰਵਾਇਆ ਜਾਵੇਗਾ। ਪਿੰਡ ਵਾਸੀਆਂ ਨੇ ਮੌਕੇ ’ਤੇ ਹੀ ਪੈਸੇ ਇਕੱਠੇ ਕਰਨ ਦੀ ਮੁਹਿੰਮ ਆਰੰਭ ਦਿੱਤੀ। ਔਰਤਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਕਮੇਟੀ ਵਿਚ ਗ੍ਰੰਥੀ ਸਿੰਘ ਨੂੰ ਸਲਾਹਕਾਰ ਵਜੋਂ ਸ਼ਾਮਲ ਕਰ ਲਿਆ ਗਿਆ।

ਦੋ ਦਿਨਾਂ ਬਾਅਦ ਪਿੰਡ ਦੇ ਚਾਰੇ ਕੋਨਿਆਂ ’ਤੇ ਔਰਤਾਂ ਅਤੇ ਮਰਦ ਪਹਿਰੇ ’ਤੇ ਖੜੋਤੇ ਸਨ। ਉਨ੍ਹਾਂ ਦੇ ਹੱਥਾਂ ਵਿਚ ਡਾਂਗਾਂ ਸਨ ਅਤੇ ਵੱਡੇ ਬੋਰਡ ’ਤੇ ਲਿਖ ਕੇ ਲਾਇਆ ਹੋਇਆ ਸੀ: ਲੋਕਾਂ ਦਾ ਨਾਕਾ। ਦੂਜੇ ਬੋਰਡ ’ਤੇ ਮਰਹੂਮ ਸ਼ਾਇਰ ਮਹਿੰਦਰ ਸਾਥੀ ਦੀਆਂ ਇਹ ਕਾਵਿ ਸਤਰਾਂ ਲਿਖੀਆਂ ਹੋਈਆਂ ਸਨ:

ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ।

ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ।