ਸਾਇਬੇਰੀਆ ਦਾ ਉੱਡਣਾ ਪੰਛੀ ਵਲੇਰੀ ਬਰੂਮਲ

ਸਾਇਬੇਰੀਆ ਦਾ ਉੱਡਣਾ ਪੰਛੀ ਵਲੇਰੀ ਬਰੂਮਲ

ਵਿਸ਼ਵ ਦੇ ਮਹਾਨ ਖਿਡਾਰੀ
੍ਰਿੰ. ਸਰਵਣ ਸਿੰਘ

ਸੋਵੀਅਤ ਰੂਸ ਦਾ ਜੰਮਪਲ ਵਲੇਰੀ ਬਰੂਮਲ ਕਮਾਲ ਦਾ ਅਥਲੀਟ ਸੀ। ਉਸ ਨੂੰ ਸਾਇਬੇਰੀਆ ਦਾ ਉੱਡਣਾ ਪੰਛੀ ਕਿਹਾ ਜਾਂਦਾ ਸੀ। 1961-63 ਦੌਰਾਨ ਉਸ ਨੇ ਉੱਚੀ ਛਾਲ ਦੇ ਛੇ ਵਾਰ ਵਿਸ਼ਵ ਰਿਕਾਰਡ ਤੋੜੇ। ਜੰਪਿੰਗ ਬਾਰ 7 ਫੁੱਟ ਪੌਣੇ ਚਾਰ ਇੰਚ ਤੋਂ 7 ਫੁੱਟ ਪੌਣੇ ਛੇ ਇੰਚ ਤੱਕ ਉੱਚੀ ਕਰਾ ਗਿਆ। ਪੱਧਰੀ ਥਾਂ ਤੋਂ ਏਨਾ ਉੱਚਾ ਕੁੱਦਣਾ ਸੌਖਾ ਨਹੀਂ ਹੁੰਦਾ। ਉਹਦਾ ਆਖਰੀ ਵਿਸ਼ਵ ਰਿਕਾਰਡ 8 ਸਾਲ ਕਾਇਮ ਰਿਹਾ। ਜੇਕਰ 23ਵੇਂ ਸਾਲ ਦੀ ਉਮਰੇ ਉਹਦਾ ਮੋਟਰ ਸਾਈਕਲ ਐਕਸੀਡੈਂਟ ਨਾ ਹੁੰਦਾ ਤਾਂ ਸੰਭਵ ਸੀ ਉਹ ਹੋਰ ਵੀ ਉੱਚੇ ਵਿਸ਼ਵ ਰਿਕਾਰਡ ਰੱਖਦਾ। ਉਸ ਨੇ ਦੋ ਵਾਰ ਇਨਡੋਰ ਮੀਟਾਂ ਵਿੱਚ ਵੀ ਨਵੇਂ ਵਿਸ਼ਵ ਰਿਕਾਰਡ ਰੱਖੇ। ਰੋਮ ਤੇ ਟੋਕੀਓ ਦੀਆਂ ਓਲੰਪਿਕ ਖੇਡਾਂ ’ਚੋਂ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤੇ। ਜਦੋਂ ਪਾਲੋ ਆਲਟੋ, ਕੈਲੀਫੋਰਨੀਆ ਦੇ ਸਟੈਨਫੋਰਡ ਸਟੇਡੀਅਮ ਵਿੱਚ ਉਸ ਨੇ 7 ਫੁੱਟ 5 ਇੰਚ ਦਾ ਵਿਸ਼ਵ ਰਿਕਾਰਡ ਰੱਖਿਆ ਤਾਂ 80 ਹਜ਼ਾਰ ਦਰਸ਼ਕ ਖੜ੍ਹੇ ਹੋ ਕੇ ਪੰਜ ਮਿੰਟ ਤਾੜੀਆਂ ਮਾਰਦੇ ਰਹੇ।

ਉਸ ਨੇ ਰੋਮ ਦੀਆਂ ਓਲੰਪਿਕ ਖੇਡਾਂ-1960 ’ਚੋਂ ਓਲੰਪਿਕ ਰਿਕਾਰਡ ਦੀ ਬਰਾਬਰੀ ਕਰਦਿਆਂ ਸਿਲਵਰ ਮੈਡਲ ਜਿੱਤਿਆ ਸੀ। ਉੱਥੇ ਗੋਲਡ ਮੈਡਲ ਜਿੱਤਣ ਵਾਲਾ ਰੌਬਰਟ ਸ਼ਾਵਲਕਾਡਜ਼ੇ ਵੀ ਸੋਵੀਅਤ ਰੂਸ ਦਾ ਹੀ ਹਾਈ ਜੰਪਰ ਸੀ। ਦੋਹਾਂ ਨੇ 2.16 ਮੀਟਰ ਉੱਚੀ ਛਾਲ ਲਾਈ। ਰੌਬਰਟ ਪਹਿਲੀ ਕੋਸ਼ਿਸ਼ ’ਚ ਬਾਰ ਟੱਪ ਗਿਆ ਸੀ ਜਦ ਕਿ ਵਲੇਰੀ ਦੂਜੀ ਕੋਸ਼ਿਸ਼ ’ਚ ਟੱਪ ਸਕਿਆ। ਉਦੋਂ ਵਿਸ਼ਵ ਰਿਕਾਰਡੀ ਅਮਰੀਕਾ ਦਾ ਜੌਨ੍ਹ ਥੌਮਸ ਕਾਂਸੀ ਦਾ ਤਗ਼ਮਾ ਹੀ ਜਿੱਤ ਸਕਿਆ। 1964 ਵਿੱਚ ਟੋਕੀਓ ਦੀਆਂ ਓਲੰਪਿਕ ਖੇਡਾਂ ਸਮੇਂ ਫਾਈਨਲ ਮੁਕਾਬਲੇ ਵਿੱਚ ਮੀਂਹ ਪੈ ਰਿਹਾ ਸੀ। ਮੁਕਾਬਲਾ ਰੋਮ ਵਾਂਗ ਹੀ ਗਹਿਗੱਚ ਸੀ। ਉੱਥੇ ਉਸ ਨੇ 2.18 ਮੀਟਰ ਦੇ ਨਵੇਂ ਓਲੰਪਿਕ ਰਿਕਾਰਡ ਨਾਲ ਸੋਨੇ ਦਾ ਤਗ਼ਮਾ ਜਿੱਤਿਆ। 1965 ਵਿੱਚ ਅਚਾਨਕ ਉਸ ਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਉਹ 1963 ਵਿੱਚ ਰੱਖਿਆ ਆਪਣਾ ਵਿਸ਼ਵ ਰਿਕਾਰਡ ਹੋਰ ਉੱਚਾ ਨਾ ਕਰ ਸਕਿਆ।

ਉਹਦਾ ਜਨਮ 14 ਮਈ 1942 ਨੂੰ ਸਾਇਬੇਰੀਆ ਦੀ ਭੋਇੰ ’ਤੇ ਰਾਜ਼ਵੇਦਕੀ ਵਿੱਚ ਹੋਇਆ ਸੀ ਅਤੇ ਦੇਹਾਂਤ 26 ਜਨਵਰੀ 2003 ਨੂੰ ਰੂਸ ਦੀ ਰਾਜਧਾਨੀ ਮਾਸਕੋ ’ਚ ਹੋਇਆ। ਤਿੰਨ ਸਾਲ ਉਹ ਦੁਨੀਆ ਦਾ ਸਰਬੋਤਮ ਖਿਡਾਰੀ ਐਲਾਨਿਆ ਜਾਂਦਾ ਰਿਹਾ। ਜਿੰਨਾ ਵਧੀਆ ਉਹ ਹਾਈ ਜੰਪਰ ਸੀ, ਓਨਾ ਹੀ ਸੁਡੌਲ ਤੇ ਸੋਹਣਾ ਸੁਨੱਖਾ ਨੌਜੁਆਨ ਸੀ। ਕੁੜੀਆਂ ਚਿੜੀਆਂ ਉਹਦੇ ਆਟੋਗ੍ਰਾਫ ਲੈਣ ਲਈ ਲਾਈਨਾਂ ’ਚ ਲੱਗੀਆਂ ਰਹਿੰਦੀਆਂ ਤੇ ਨੌਜੁਆਨ ਹੱਥ ਮਿਲਾਉਣ ਲਈ ਧੱਕਮਧੱਕਾ ਹੁੰਦੇ ਰਹਿੰਦੇ। ਉਹਦੇ ਤਿੰਨ ਵਿਆਹ ਹੋਏ। ਤਿੰਨਾਂ ਵਿਆਹਾਂ ਵਿੱਚੋਂ ਇੱਕ ਇੱਕ ਬੱਚਾ ਪੈਦਾ ਹੋਇਆ। ਉਹਦੀ ਪਹਿਲੀ ਪਤਨੀ ਮਰੀਨਾ ਜਿਮਨਾਸਟਿਕਸ ਦੀ ਇੰਸਟ੍ਰੱਕਟਰ ਸੀ। 1965 ’ਚ ਉਹ ਆਪਣੇ ਪੁੱਤਰ ਸਮੇਤ ਹਾਦਸਾਗ੍ਰਸਤ ਪਤੀ ਨੂੰ ਤਲਾਕ ਦੇ ਗਈ। ਬਰੂਮਲ ਦਾ ਦੂਜਾ ਵਿਆਹ ਮਿਊਨਿਖ ਓਲੰਪਿਕਸ-72 ਦੀ ਚੈਂਪੀਅਨ ਘੋੜਸਵਾਰ ਯੇਲੇਨਾ ਪੈਤੁਸਕੋਵਾ ਨਾਲ 1973 ਵਿੱਚ ਹੋਇਆ ਜੋ 18 ਮਹੀਨਿਆਂ ਬਾਅਦ ਟੁੱਟ ਗਿਆ। ਉਸ ਵਿਆਹ ’ਚੋਂ ਧੀ ਵਲਾਦਾ ਪੈਤੁਸਕੋਵਾ ਪੈਦਾ ਹੋਈ ਜੋ 1974 ਵਿੱਚ ਜੰਮੀ। 1992 ਵਿੱਚ ਬਰੂਮਲ ਨੇ ਤੀਜਾ ਵਿਆਹ ਸਵੇਤਲਾਨਾ ਬੇਲੋਸੋਵਾ ਨਾਲ ਕਰਾਇਆ ਜਿਸ ਨੇ ਪਤੀ ਦੀ ਮੌਤ ਮਗਰੋਂ ਆਪਣੇ ਪੁੱਤਰ ਵਿਕਟ ਨਾਲ ਵਲੇਰੀ ਬਰੂਮਲ ਫਾਊਂਡੇਸ਼ਨ ਸਥਾਪਿਤ ਕੀਤੀ। ਵਲੇਰੀ ਕੇਵਲ 60 ਸਾਲ ਜਿਉਂ ਸਕਿਆ ਜਿਨ੍ਹਾਂ ’ਚ ਹਾਦਸੇ ਵਾਲੇ ਤਿੰਨ ਸਾਲ ਸਭ ਤੋਂ ਔਖੇ ਸਨ।

ਉਸ ਨੇ 12 ਸਾਲ ਦੀ ਉਮਰੇ ਲੁਗਾਂਸਕ ਵਿਖੇ ਸ਼ਟੀਨ ਦੀ ਕੋਚਿੰਗ ਅਧੀਨ ਉੱਚੀ ਛਾਲ ਲਾਉਣੀ ਸ਼ੁਰੂ ਕੀਤੀ ਸੀ। 16 ਸਾਲ ਦੀ ਉਮਰੇ ਉਹ 2 ਮੀਟਰ ਯਾਨੀ 6 ਫੁੱਟ 7 ਇੰਚ ਉੱਚਾ ਟੱਪ ਗਿਆ। ਫਿਰ ਮਾਸਕੋ ਵਿਖੇ ਕੋਚ ਦਾਇਆਚਕੋਵ ਦੀ ਕੋਚਿੰਗ ਨਾਲ 2.17 ਮੀਟਰ ਉੱਚੀ ਛਾਲ ਨਾਲ ਸੋਵੀਅਤ ਰੂਸ ਦਾ ਰਿਕਾਰਡ ਤੋੜ ਦਿੱਤਾ। 1965 ਵਿੱਚ ਉਹਦਾ ਸੀਜ਼ਨ ਚੰਗਾ ਚੱਲ ਰਿਹਾ ਸੀ ਕਿ ਹਾਦਸਾ ਵਾਪਰ ਗਿਆ। ਸੱਜਾ ਗਿੱਟਾ ਤੇ ਲੱਤ ਤਿੰਨ ਚਾਰ ਥਾਵਾਂ ਤੋਂ ਟੁੱਟ ਗਏ।

ਅਕਤੂਬਰ 1965 ਦੀ ਰਾਤ ਸੀ। ਰੂਸ ਦੀ ਟੀਮ ਦਾ ਮੁੱਖ ਕੌਮੀ ਕੋਚ ਕਾਰਬੋਕੋਵ ਸੌਣ ਹੀ ਲੱਗਾ ਸੀ ਕਿ ਟੈਲੀਫੋਨ ਦੀ ਘੰਟੀ ਖੜਕੀ। ਦੂਜੇ ਪਾਸਿਓਂ ਘਬਰਾਈ ਹੋਈ ਆਵਾਜ਼ ਆਈ, “ਵਲੇਰੀ ਬਰੂਮਲ ਦਾ ਐਕਸੀਡੈਂਟ ਹੋ ਗਿਆ। ਉਹ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਹੈ।” ਸੁਣਦਿਆਂ ਹੀ ਕੋਚ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਉਸੇ ਵੇਲੇ ਹਸਪਤਾਲ ਪਹੁੰਚਿਆ। ਭਿੱਜੀਆਂ ਅੱਖਾਂ ਨਾਲ ਵੇਖਿਆ ਉਸ ਦਾ ਸਭ ਤੋਂ ਹੋਣਹਾਰ ਸ਼ਾਗਿਰਦ ਲਹੂ ਲੁਹਾਣ ਹੋਇਆ ਪਿਆ ਸੀ। ਉਹਦੀ ਸੱਜੀ ਲੱਤ ਕਈ ਥਾਵਾਂ ਤੋਂ ਟੁੱਟੀ ਚੂਰਾ ਹੋਈ ਪਈ ਸੀ ਜੋ ਰੂਸ ਦੀ ਸਭ ਤੋਂ ਕੀਮਤੀ ਲੱਤ ਸੀ। ਉਸੇ ਲੱਤ ਦੇ ਸਿਰ ’ਤੇ ਉਸ ਨੇ ਦੋ ਓਲੰਪਿਕ ਮੈਡਲ, ਇੱਕ ਯੂਰਪੀਨ ਚੈਂਪੀਅਨਸ਼ਿਪ ਦਾ ਮੈਡਲ ਤੇ ਦੋ ਵਿਸ਼ਵ ਯੂਨੀਵਰਸੇਡ ਦੇ ਗੋਲਡ ਮੈਡਲ ਜਿੱਤੇ ਸਨ। ਵਲੇਰੀ ਬਰੂਮਲ ਦੇ ਐਕਸੀਡੈਂਟ ਦੀਆਂ ਤਾਰਾਂ ਕੁਲ ਦੁਨੀਆਂ ’ਚ ਖੜਕ ਗਈਆਂ ਅਤੇ ਅਗਲੀ ਸਵੇਰ ਵਿਸ਼ਵ ਭਰ ਦੇ ਅਖ਼ਬਾਰਾਂ ਦੀ ਮੁੱਖ ਖ਼ਬਰ ਵਲੇਰੀ ਬਰੂਮਲ ਦੇ ਹਾਦਸੇ ਦੀ ਸੀ। ਦੋਸਤ ਮਿੱਤਰ ਸਦਮੇ ’ਚ ਡੁੱਬ ਗਏ।

ਮਾਸਕੋ ਦੇ ਮੰਨੇ ਪ੍ਰਮੰਨੇ ਹੱਡੀਆਂ ਦੇ ਡਾਕਟਰ ਤੇ ਮੈਡੀਕਲ ਪ੍ਰੋਫ਼ੈਸਰ ਮੁੜ ਮੁੜ ਸਲਾਹਾਂ ਕਰਦੇ ਕਿ ਵਿਸ਼ਵ ਚੈਂਪੀਅਨ ਦੀ ਕਈ ਥਾਵਾਂ ਤੋਂ ਟੁੱਟੀ ਲੱਤ ਕੱਟ ਦੇਈਏ ਜਾਂ ਸਾਰੀ ਟੁੱਟ ਭੱਜ ਮੁੜ ਜੋੜੀਏ। ਡਾਕਟਰਾਂ ਦੇ ਚਿਹਰੇ ਪਰੇਸ਼ਾਨ ਸਨ ਜਦੋਂ ਕਿ ਦਰਦ ਨਿਵਾਰਕ ਟੀਕਿਆਂ ਨਾਲ ਟਿਕਿਆ ਬਰੂਮਲ ਉਨ੍ਹਾਂ ਵੱਲ ਵੇਖ ਰਿਹਾ ਸੀ ਜਿਵੇਂ ਕਿਸੇ ਹੋਰ ਬੰਦੇ ਦੀ ਲੱਤ ਕੱਟਣ ਦੀਆਂ ਗੱਲਾਂ ਹੋ ਰਹੀਆਂ ਹੋਣ। ਅਖ਼ੀਰ ਡਾਕਟਰਾਂ ਨੇ ਸਾਰੀ ਟੁੱਟ ਭੱਜ ਮੁਕੰਮਲ ਤੌਰ ’ਤੇ ਜੋੜਨ ਦਾ ਫੈਸਲਾ ਕੀਤਾ। ਆਪ੍ਰੇਸ਼ਨ ਕਰਦਿਆਂ ਉਸ ਨੂੰ ਵਾਰ ਵਾਰ ਖੂਨ ਦੀਆਂ ਬੋਤਲਾਂ ਚੜ੍ਹਾਈਆਂ ਗਈਆਂ ਤੇ ਲੱਤ ਨੂੰ ਮੁੜ ਭੰਨ ਭੰਨ ਕੇ ਜੋੜਿਆ ਜਾਂਦਾ ਰਿਹਾ। ਹਸਪਤਾਲ ਵਿੱਚ ਹਰ ਤਰ੍ਹਾਂ ਦੇ ਮੈਡੀਕਲ ਉਪਰਾਲੇ ਕੀਤੇ ਗਏ। ਉਸ ਦੇ 29 ਆਪ੍ਰੇਸ਼ਨ ਹੋਏ। ਪੂਰੇ ਢਾਈ ਸਾਲ ਉਹਦੀ ਲੱਤ ਪਲੱਸਤਰਾਂ ਵਿੱਚ ਜੂੜੀ ਰਹੀ।

ਆਪ੍ਰੇਸ਼ਨਾਂ ਨਾਲ ਲੱਤ ਪੂਰੀ ਠੀਕ ਹੋਈ ਤਾਂ ਉਹ ਸਹੀ ਤੁਰਦਾ ਹਸਪਤਾਲ ਤੋਂ ਸਿੱਧਾ ਘਰ ਪੁੱਜਾ। 1969 ਵਿੱਚ ਉਹ ਮੁੜ ਖੇਡ ਮੈਦਾਨ ਵਿੱਚ ਗਿਆ। ਉਸ ਨੂੰ ਦੁਬਾਰਾ ਜਿਉਂਦੇ ਹੋਣ ਦਾ ਸੁਖਦ ਅਹਿਸਾਸ ਹੋਇਆ। ਉਸ ਨੇ ਸਟੈਂਡ ਉਤੇ ਡੇਢ ਮੀਟਰ ਉੱਚੀ ਬਾਰ ਟਿਕਵਾਈ ਜੋ ਉਹ ਅੱਲ੍ਹੜ ਉਮਰ ਵਿੱਚ ਹੀ ਟੱਪ ਜਾਂਦਾ ਸੀ ਜਦੋਂ ਕਿ ਉਹਦਾ ਵਿਸ਼ਵ ਰਿਕਾਰਡ 2.28 ਮੀਟਰ ਸੀ। ਉਸ ਨੇ ਉਤਸ਼ਾਹ ਨਾਲ ਭਰੇ ਹੋਏ ਨੇ ਪਹਿਲੀ ਛਾਲ ਲਾਈ, ਪਰ ਬਾਰ ਡਿੱਗ ਪਈ। ਦੂਜੀ ਛਾਲ ਚੁਣੌਤੀ ਸਮਝ ਕੇ ਲਾਈ ਜੋ ਸਫਲ ਨਾ ਹੋ ਸਕੀ। ਉਸ ਨੇ ਤਿੰਨ ਨਹੀਂ, ਪੂਰੀਆਂ ਛੇ ਛਾਲਾਂ ਲਈਆਂ, ਪਰ ਬੱਚਿਆਂ ਦੀ ਖੇਡ ਜੋਗੀ ਡੇਢ ਮੀਟਰੀ ਬਾਰ ਵੀ ਨਾ ਟੱਪ ਸਕਿਆ। ਫਿਰ ਉਸ ਨੇ ਬਾਰਾਂ ਹੰਭਲੇ ਹੋਰ ਮਾਰੇ ਜੋ ਸਾਰੇ ਅਸਫਲ ਰਹੇ। ਉਹ ਅਫ਼ਸੋਸ ਵਿੱਚ ਡੁੱਬ ਗਿਆ। ਉਸ ਨੂੰ ਮੁੜ ਮੈਦਾਨ ਵਿੱਚ ਆਉਣ ਤੇ ਛਾਲਾਂ ਲਾਉਣ ਜੋਗਾ ਹੋਣ ਲਈ ਤਿੰਨ ਸਾਲ ਕੱਟਿਆ ਦੁਖਦਾਈ ਕਸ਼ਟ ਯਾਦ ਆਇਆ। ਲੱਤ ਨੂੰ ਪਹਿਲਾਂ ਵਰਗੀ ਬਣਾਉਣ ਲਈ ਕਈ ਵਾਰ ਭੰਨ ਕੇ ਜੋੜੀ ਗਈ ਸੀ। ਡਾਕਟਰਾਂ ਦੇ ਸੁਹਿਰਦ ਯਤਨ, ਪ੍ਰਸੰਸਕਾਂ ਦੀ ਹਮਦਰਦੀ ਤੇ ਸ਼ੁਭ ਦੁਆਵਾਂ ਅਤੇ ਆਪਣੇ ਤਨ ਮਨ ਦੀ ਪੀੜਾ ਤੇ ਦੁੱਖ ਚੇਤੇ ਕਰ ਕੇ ਉਹਦੇ ਹੰਝੂ ਉਮੜ ਆਏ। ਅੱਖਾਂ ਛਲਕ ਪਈਆਂ। ਸਾਹਮਣੇ ਸਿਰਫ਼ ਡੇਢ ਮੀਟਰ ਉੱਚੀ ਬਾਰ ਉਹਦੇ ਹੰਝੂਆਂ ਵਿੱਚ ਕੰਬਣ ਲੱਗੀ। ਸਿਰਫ਼ ਡੇਢ ਮੀਟਰ! ਇਹ ਤਾਂ ਬੱਚਿਆਂ ਦੀ ਖੇਡ ਸੀ, ਪਰ ਜੱਗ ਜਿੱਤਣ ਵਾਲਾ ਖਿਡਾਰੀ ਇੱਥੇ ਹਾਰਿਆ ਖੜ੍ਹਾ ਸੀ।

ਖੜ੍ਹੇ ਖੜ੍ਹੇ ਉਹਦਾ ਸੁੱਤਾ ਰੋਹ ਮੁੜ ਜਾਗ ਪਿਆ। ਉਸ ਨੇ ਆਪਣੇ ਆਪ ਨੂੰ ਲਾਹਣਤ ਪਾਈ ਤੇ ਇੱਕ ਹੰਭਲਾ ਹੋਰ ਮਾਰਿਆ। ਇਸ ਵਾਰ ਉਹ ਸਫਲ ਹੋ ਗਿਆ। ਬਾਰ ਥਾਏਂ ਟਿਕੀ ਰਹੀ। ਫਿਰ ਉਸ ਨੇ ਬਾਰ 1.55 ਮੀਟਰ ਉੱਚੀ ਕਰਵਾਈ। ਰੋਹ ਵਿੱਚ ਉਹ ਵੀ ਟੱਪ ਗਿਆ। ਦਸ ਮਿੰਟਾਂ ਪਿੱਛੋਂ 1.60 ਮੀਟਰ ਵੀ ਕਰਾਸ ਕਰ ਗਿਆ ਅਤੇ ਅੱਧੇ ਘੰਟੇ ਬਾਅਦ 1.65 ਮੀਟਰ ਦੀ ਉਚਾਈ ਵੀ ਪਾਰ ਕਰ ਗਿਆ। ਉਸ ਨੂੰ ਤਸੱਲੀ ਹੋਈ ਕਿ ਹਾਲੇ ਉਹ ਜਿਉਂਦਾ ਹੈ ਤੇ ਜ਼ਰੂਰ ਕੁਝ ਕਰੇਗਾ। ਡੇਢ ਮਹੀਨੇ ਪਿੱਛੋਂ ਉਸ ਨੇ 1.90 ਮੀਟਰ ਉੱਚੀ ਛਾਲ ਲਾਈ। ਉਹ ਲਗਾਤਾਰ ਪ੍ਰੈਕਟਿਸ ਕਰਦਾ ਰਿਹਾ ਜਿਸ ਨਾਲ ਛਾਲ ਹੋਰ ਉੱਚੀ ਹੁੰਦੀ ਗਈ। 1973 ਵਿੱਚ ਹੋਈ ਮਾਸਕੋ ਦੀ ਇੱਕ ਇਨਡੋਰ ਮੀਟ ’ਚ ਉਹ 2.06 ਮੀਟਰ ਉੱਚਾ ਟੱਪ ਗਿਆ, ਪਰ ਟੁੱਟੀ ਲੱਤ ਨਾਲ ਇਸ ਤੋਂ ਹੋਰ ਉੱਚਾ ਟੱਪਣਾ ਉਹਦੇ ਵੱਸ ਨਾ ਰਿਹਾ ਤੇ ਹੋਰ ਛਾਲਾਂ ਲਾਉਣ ਨੂੰ ਅਲਵਿਦਾ ਕਹਿਣੀ ਪਈ।

ਬਚਪਨ ਵਿੱਚ ਉਹ ਆਪਣੇ ਪਿਤਾ ਨਾਲ ਦੌੜਿਆ ਕਰਦਾ ਸੀ। ਬਾਰਾਂ ਸਾਲ ਦੀ ਉਮਰੇ ਉਹ 1.20 ਮੀਟਰ ਉੱਚਾ ਕੁੱਦਿਆ। ਚੌਦਾਂ ਸਾਲ ਦੀ ਉਮਰੇ ਆਪਣੇ ਪਿਤਾ ਨਾਲੋਂ ਤਕੜਾ ਹੋ ਗਿਆ। ਸਤਾਰਾਂ ਸਾਲ ਦੀ ਉਮਰੇ ਸੋਵੀਅਤ ਰੂਸ ਦੀ ਅਥਲੈਟਿਕ ਟੀਮ ਵਿੱਚ ਚੁਣਿਆ ਗਿਆ। 18 ਸਾਲ ਦੀ ਉਮਰੇ ਉਸ ਨੂੰ ਰੋਮ ਓਲੰਪਿਕਸ ’ਚੋਂ ਕੋਈ ਮੈਡਲ ਜਿੱਤਣ ਦੀ ਆਸ ਨਹੀਂ ਸੀ, ਪਰ ਸਿਲਵਰ ਮੈਡਲ ਜਿੱਤ ਗਿਆ। ਉਹਨੀਂ ਦਿਨੀਂ ਅਮਰੀਕਾ ਦੇ ਜੌਨ੍ਹ ਥੌਮਸ ਦੀ ਝੰਡੀ ਸੀ ਜਿਸ ਨੇ ਹਾਈ ਜੰਪ ਦਾ ਵਿਸ਼ਵ ਰਿਕਾਰਡ ਚਾਰ ਵਾਰ ਨਵਿਆਇਆ ਸੀ। ਰੋਮ ਤੋਂ ਬਾਅਦ ਵਲੇਰੀ ਤੇ ਜੌਨ੍ਹ ਦਾ ਮੁਕਾਬਲਾ ਅਮਰੀਕਾ ਵਿੱਚ ਹੋਇਆ। ਅਮਰੀਕਾ ਦੇ ਅਖ਼ਬਾਰਾਂ ਵਿੱਚ ਹਾਰਾਂ ਜਿੱਤਾਂ ਦੇ ਅਨੇਕਾਂ ਕਿਆਫ਼ੇ ਛਪੇ। ਤਦ ਤੱਕ ਵਲੇਰੀ ਬਰੂਮਲ ਦਰਸ਼ਕਾਂ ਦੀਆਂ ਨਜ਼ਰਾਂ ਦਾ ਕੇਂਦਰ ਬਣ ਚੁੱਕਾ ਸੀ। ਉਦੋਂ ਉਹਦਾ ਭਾਰ 78 ਕਿਲੋ ਸੀ ਤੇ ਕੱਦ 1.85 ਮੀਟਰ। ਉਸ ਦਾ ਛਾਲ ਲਾਉਣ ਦਾ ਸਟਾਈਲ ਨਵਾਂ ਨਿਆਰਾ ਸੀ। ਉਹ ਬਾਰ ਉਤੋਂ ਦੀ ਮੂਧੇ ਮੂੰਹ ਟੱਪਦਾ ਸੀ। ਲੱਤਾਂ ਕੈਂਚੀ ਦਾਅ ਲੰਘਾਉਂਦਾ। ਉਸ ਨੇ ਪਹਿਲੇ ਸਾਰੇ ਸਟਾਈਲ ਮਾਤ ਪਾ ਦਿੱਤੇ ਸਨ। ਜਦ ਉਹ ਅਮਰੀਕਾ ਵਿੱਚ ਹਵਾਈ ਜਹਾਜ਼ ਤੋਂ ਉਤਰਿਆ ਤਾਂ ਉਹਦੇ ਪ੍ਰਸੰਸਕਾਂ ਨੇ ਉਸ ਨੂੰ ਘੇਰ ਲਿਆ ਸੀ।
ਇੱਕ ਫੋਟੋਗ੍ਰਾਫਰ ਹੋਟਲ ਦੀ ਸੋਲ੍ਹਵੀਂ ਮੰਜ਼ਲ ’ਤੇ ਠਹਿਰੇ ਵਲੇਰੀ ਨੂੰ ਅਰਜ਼ ਕਰਨ ਲੱਗਾ, “ਰਤਾ ਬਾਰੀ ਦੀ ਰੌਂਸ ’ਤੇ ਚੜ੍ਹਿਓ, ਮੈਂ ਹੇਠੋਂ ਤਸਵੀਰ ਖਿੱਚਣੀ ਏਂ।” ਫੋਟੋਗ੍ਰਾਫਰ ਅੱਧ ਅਸਮਾਨੀ ਚੜ੍ਹੇ ਪੰਛੀ ਨੂੰ ਕੈਮਰੇ ’ਚ ਕੈਦ ਕਰਨਾ ਚਾਹੁੰਦਾ ਸੀ। ਵਲੇਰੀ ਨੇ ਉਸ ਦੀ ਰੀਝ ਪੂਰੀ ਕਰ ਦਿੱਤੀ। ਮੁਕਾਬਲੇ ਮੈਡੀਸਨ ਸੁਕੇਅਰ ਗਾਰਡਨ ਦੇ ਇਨਡੋਰ ਸਟੇਡੀਅਮ ਵਿੱਚ ਹੋਣੇ ਸਨ। ਬਰੂਮਲ ਆਪਣੇ ਪ੍ਰਸੰਸਕਾਂ ਦੀਆਂ ਭੀੜਾਂ ਵਿੱਚ ਦੀ ਰਾਹ ਬਣਾਉਂਦਾ ਸਟੇਡੀਅਮ ’ਚ ਪੁੱਜਾ। ਸਟੈਂਡਾਂ ਉਤੇ ਦਰਸ਼ਕਾਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਸਨ। ਜੌਨ੍ਹ ਥੌਮਸ ਪਹਿਲਾਂ ਵਾਰਮ ਅੱਪ ਹੋਣਾ ਸ਼ੁਰੂ ਹੋ ਗਿਆ ਸੀ ਤੇ ਵਲੇਰੀ ਰਤਾ ਪਿੱਛੋਂ। ਫਿਰ ਮੁਕਾਬਲਾ ਸ਼ੁਰੂ ਹੋ ਗਿਆ। ਜੌਨ੍ਹ ਨੇ ਟਰੈਕ ਸੂਟ ਉਤਾਰ ਕੇ 2 ਮੀਟਰ ਉੱਚੀ ਛਾਲ ਲਾਈ। ਵਲੇਰੀ ਨੇ ਸਣੇ ਟਰੈਕ ਸੂਟ ਲਾਈ ਜਿਸ ਨਾਲ ਬਾਰ ਡਿੱਗ ਪਈ। ਫਿਰ ਉਸ ਨੇ ਟਰੈਕ ਸੂਟ ਲਾਹ ਕੇ ਸਹਿਜ ਨਾਲ ਹੀ ਉਹ ਉਚਾਈ ਪਾਰ ਕਰ ਲਈ। ਬਾਰ 2.03, 2.05, 2.08, 2.13 ਤੇ ਫਿਰ ਓਲੰਪਿਕ ਰਿਕਾਰਡ ਜਿੰਨੀ 2.16 ਮੀਟਰ ਉੱਚੀ ਹੋ ਗਈ। ਸਟੇਡੀਅਮ ਵਿੱਚ ਮੁਕੰਮਲ ਚੁੱਪ ਛਾ ਗਈ। ਪਹਿਲੀ ਟਰਾਈ ਜੌਨ੍ਹ ਦੀ ਸੀ। ਵਲੇਰੀ ਦੇ ਕੋਚ ਦੀ ਸਿੱਖਿਆ ਸੀ ਕਿ ਵਿਰੋਧੀ ਨੂੰ ਛਾਲ ਲਾਉਂਦੇ ਨਹੀਂ ਵੇਖਣਾ। ਜੌਨ੍ਹ ਛਾਲ ਲਾਉਣ ਲੱਗਾ ਤਾਂ ਬਰੂਮਲ ਨੇ ਉਸ ਵੱਲ ਪਿੱਠ ਕਰ ਲਈ। ਤਾੜੀਆਂ ਦਾ ਸ਼ੋਰ ਗੂੰਜਿਆ ਜਿਸ ਨਾਲ ਵਲੇਰੀ ਨੂੰ ਪਤਾ ਲੱਗ ਗਿਆ ਕਿ ਜੌਨ੍ਹ ਬਾਰ ਟੱਪ ਗਿਆ। ਜਦੋਂ ਵਲੇਰੀ ਨੇ ਛਾਲ ਲਾਈ ਤਦ ਵੀ ਤਾੜੀਆਂ ਪਹਿਲਾਂ ਵਾਂਗ ਗੂੰਜੀਆਂ। ਬਾਰ 2.18 ਮੀਟਰ ਉੱਚੀ ਕੀਤੀ ਤਾਂ ਫਿਰ ਸਟੇਡੀਅਮ ’ਚ ਚੁੱਪ ਪਸਰ ਗਈ। ਜੌਨ੍ਹ ਛਾਲ ਲਾਉਣ ਲਈ ਅੱਗੇ ਵਧਿਆ। ਵਲੇਰੀ ਨੇ ਫਿਰ ਪਿੱਠ ਕਰ ਲਈ। ਐਤਕੀਂ ਤਾੜੀਆਂ ਗੂੰਜਣ ਦੀ ਥਾਂ ਦਰਸ਼ਕਾਂ ਨੇ ਹਉਕਾ ਭਰਿਆ। ਵਲੇਰੀ ਸਮਝ ਗਿਆ ਕਿ ਵਿਰੋਧੀ ਦੀ ਛਾਲ ਅਸਫਲ ਹੋ ਗਈ। ਬਰੂਮਲ ਨੇ ਟਰੈਕ ਸੂਟ ਲਾਹਿਆ, ਚਿੱਤ ਇਕਾਗਰ ਕੀਤਾ ਤੇ ਸਮੁੱਚੀ ਛਾਲ ਦਾ ਤਸੱਵਰ ਮਨ ’ਚ ਚਿਤਵ ਕੇ ਹੌਸਲੇ ਨਾਲ ਕਦਮ ਉਠਾਇਆ। ਉਹਦਾ ਪਹਿਲਾ ਹੰਭਲਾ ਹੀ ਸਫਲ ਹੋ ਗਿਆ। ਬਸ ਫੇਰ ਕੀ ਸੀ ਜੌਨ੍ਹ ਦਿਲ ਛੱਡ ਗਿਆ ਤੇ ਵਲੇਰੀ 2.21 ਦੀ ਉਚਾਈ ਵੀ ਪਾਰ ਕਰ ਗਿਆ। ਉਹਦਾ ਜੌਨ੍ਹ ਥੌਮਸ ਉਤੇ ਐਸਾ ਦਾਬਾ ਪਿਆ ਕਿ ਜੌਨ੍ਹ ਮੁੜ ਕਦੇ ਵੀ ਵਲੇਰੀ ਨੂੰ ਜਿੱਤ ਨਾ ਸਕਿਆ। ਬਰੂਮਲ 2.23 ਮੀਟਰ ਦਾ ਵਿਸ਼ਵ ਰਿਕਾਰਡ ਪੰਜ ਵਾਰ ਤੋੜਦਾ ਹੋਇਆ 2.24, 2.25, 2.26, 2.27, 2.28 ਤੱਕ ਲੈ ਗਿਆ। ਇਹ 1963 ਦਾ ਸਾਲ ਸੀ।

ਉਸ ਨੇ 1967 ’ਚ ਸੈਂਟਰਲ ਇੰਸਟੀਚਿਊਟ ਆਫ ਮਾਸਕੋ ਤੋਂ ਗ੍ਰੈਜੂਏਸ਼ਨ ਕੀਤੀ। 1961 ’ਚ ਉਸ ਨੂੰ ਮਾਸਟਰ ਆਫ ਸਪੋਰਟਸ ਸੋਵੀਅਤ ਯੂਨੀਅਨ ਦੀ ਆਨਰੇਰੀ ਡਿਗਰੀ ਪ੍ਰਦਾਨ ਹੋਈ ਤੇ 1964 ਤੋਂ ਉਹ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ। ਉਸ ਦਾ 2.28 ਮੀਟਰ ਦਾ ਵਿਸ਼ਵ ਰਿਕਾਰਡ 1970 ਤੱਕ ਕਾਇਮ ਰਿਹਾ। ਸਰਗਰਮ ਖੇਡ ਤੋਂ ਰਿਟਾਇਰ ਹੋ ਕੇ ਉਹ ਲਿਖਣ ਲੱਗ ਪਿਆ। ਉਸ ਨੇ ‘ਸਪੋਰਟ, ਸਪੋਰਟ, ਸਪੋਰਟ’ ਅਤੇ ‘ਜੰਪ ਲਾਉਣ ਦਾ ਹੱਕ’ ਨਾਂ ਦੀਆਂ ਫਿਲਮੀਂ ਸਕ੍ਰਿਪਟਾਂ ਲਿਖੀਆਂ। ਇੱਕ ਨਾਵਲ ‘ਡੌਂਟ ਚੇਂਜ ਯੂਅਰਸੈਲਫ’ ਲਿਖਿਆ ਜੋ ਸੱਤ ਭਾਸ਼ਾਵਾਂ ਵਿੱਚ ਛਪਿਆ। ਨਾਟਕ, ਉਪੇਰੇ ਅਤੇ ਆਪਣੀ ਆਤਮ ਕਥਾ ਲਿਖੀ। ਉਸ ਨੇ ਲਿਖਿਆ, “ਮਨੁੱਖ ਜਿੱਤਾਂ ਜਿੱਤਣ ਲਈ ਪੈਦਾ ਹੋਇਆ ਹੈ। ਆਪਣੇ ਉਤੇ ਜਿੱਤ, ਵਿਰੋਧੀਆਂ ਉਤੇ ਜਿੱਤ ਤੇ ਕੁਦਰਤੀ ਸ਼ਕਤੀਆਂ ਉਤੇ ਜਿੱਤ…। ਜਿੱਤਣ ਬਿਨਾਂ ਜੀਵਨ ਦਾ ਚਾਅ ਅਧੂਰਾ ਹੈ। ਅਸਲੀ ਮਨੁੱਖ ਉਹੀ ਹੈ ਜੋ ਅੰਤਲੇ ਦਮ ਤੱਕ ਜੂਝਦਾ ਰਹੇ।”