ਤੀਆਂ ਤੇ ਖੀਰ-ਪੂੜੇ

ਤੀਆਂ ਤੇ ਖੀਰ-ਪੂੜੇ

ਮੁਖ਼ਤਾਰ ਗਿੱਲ

ਪੰਜਾਬੀਆਂ ਲਈ ਸਾਉਣ ਮਹੀਨੇ ਦੀ ਬੜੀ ਮਹੱਤਤਾ ਹੁੰਦੀ ਹੈ ਕਿਉਂਕਿ ਉਨ੍ਹਾਂ ਲਈ ਸਾਉਣ ਮਹੀਨਾ ਉਤਸਵ ਦਾ ਮਹੀਨਾ ਹੁੰਦਾ ਹੈ। ਮਸਾਂ ਤਪਦਾ, ਤਪਸ਼ ਤੇ ਹੁੰਮਸ ਦਾ ਹਾੜ੍ਹ ਮਹੀਨਾ ਲੰਘਦਾ ਹੈ। ਕਾਲੀਆਂ ਘਨਘੋਰ ਘਟਾਵਾਂ ਵੇਖ ਖੁਸ਼ੀ ’ਚ ਮੋਰ ਪੈਲਾਂ ਪਾਉਂਦੇ ਹਨ, ਅੰਬ ਦੇ ਕਿਸੇ ਦਰੱਖਤ ਉਤੇ ਬੈਠ ਕੋਇਲ ਕੂਕਦੀ ਹੈ, ਪਪੀਹਾ ਕੂਕ ਉੱਠਦਾ ਹੈ। ਹਰ ਕੋਈ ਸਾਉਣ ਦੀ ਬਾਰਿਸ਼ ਦੀ ਉਡੀਕ ਕਰਦਾ ਹੈ। ਜਦੋਂ ਕਾਲੀ ਘਟਾ ਚੜ੍ਹ ਆਉਂਦੀ ਹੈ, ਬਿਜਲੀ ਲਿਸ਼ਕਦੀ ਹੈ, ਬੱਦਲ ਗਰਜਦਾ ਹੈ, ਪਹਿਲਾਂ ਕਿਣ ਮਿਣ, ਫੇਰ ਭੁਰ ਭਾਵ ਨਿੱਕੀ ਕਣੀ ਦਾ ਮੀਂਹ ਅਤੇ ਮਗਰੋਂ ਮੋਹਲੇਧਾਰ ਬਾਰਿਸ਼ ਜਲ ਥਲ ਕਰ ਦਿੰਦੀ ਹੈ। ਬਰਸਾਤੀ ਨਦੀਆਂ ਨਾਲੇ ਉਛਲਦੇ ਹਨ। ਤਲਾਬ, ਛੱਪੜ, ਟੋਭੇ ਨੱੱਕੋ ਨੱਕ ਭਰ ਜਾਂਦੇ ਹਨ। ਵਰਖਾ ਰਾਣੀ ਸੜਦੀ, ਔੜਾਂ ਮਾਰੀ ਧਰਤੀ ਦੇ ਕਾਲਜੇ ਠੰਢ ਪਾਉਂਦੀ ਹੈ। ਫ਼ਸਲਾਂ ’ਤੇ ਹਰਿਆਲੀ ਛਾ ਜਾਂਦੀ ਹੈ। ਪੰਖ ਪੰਖੇਰੂ ਹਵਾ ’ਚ ਅਠਖੇਲੀਆਂ ਕਰਦੇ, ਉਡਾਣਾਂ ਭਰਦੇ ਹਨ। ਅੰਬਰਾਂ ’ਤੇ ਸਤਰੰਗੀ ਪੀਂਘ ਅਲੌਕਿਕ ਨਜ਼ਾਰਾ ਪ੍ਰਦਾਨ ਕਰਦੀ ਹੈ। ਹਰੇ ਭਰੇ ਰੁੱਖ ਆਪਣੀ ਕੁਦਰਤੀ ਸੁੰਦਰਤਾ ਬਿਖੇਰਦੇ, ਸਾਡੀ ਜੀਵਨ ਦਾਤੀ ਸ਼ੁੱਧ ਤੇ ਸਵੱਛ ਹਵਾ ਬਖ਼ਸ਼ਦੇ ਹਨ। ਰੁੱਖ, ਸਬਜ਼ ਘਾਹ ਪੱਠਾ ਜੀਵ ਜੰਤੂਆਂ ਤੇ ਪੰਠੀਆਂ ਦੀ ਠਾਹਰ ਬਣਦੇ ਹਨ।

ਸਾਉਣ ਮਹੀਨਾ ਤੀਆਂ ਤੇ ਪ੍ਰਕਿਰਤੀ ਦੀਆਂ ਦਾਤਾਂ ਦਾ ਮਹੀਨਾ ਹੁੰਦਾ ਹੈ। ਸਾਉਣ ਮਹੀਨੇ ਦਾ ਦੂਸਰਾ ਪੰਦਰਵਾੜਾ ਚਾਨਣੀਆਂ ਰਾਤਾਂ ਲੈ ਕੇ ਆਉਂਦਾ ਹੈ। ਲੋਕ ਬੋਲੀ ਹੈ :

ਚੰਨ ਚੜਿ੍ਹਆ ਤੀਆਂ ਦੇ ਦਿਨ ਨੇੜੇ,

ਭੇਜੀਂ ਮਾਏਂ ਵੱਡੇ ਵੀਰ ਨੂੰ।

ਸਹੁਰੇ ਘਰੀਂ ਬੈਠੀਆਂ ਸੱਜ ਵਿਆਹੀਆਂ ਮੁਟਿਆਰਾਂ ਦੀ ਹਾਨਣਾਂ, ਸਖੀਆਂ ਸਹੇਲੀਆਂ, ਮਾਪਿਆਂ, ਵੀਰਾਂ ਤੇ ਭਾਬੀਆਂ ਨੂੰ ਮਿਲਣ ਦੀ ਤਾਂਘ ਹੁਲਾਰੇ ਲੈਣ ਲੱਗਦੀ ਹੈ। ਸੱਸ ਨੂੰਹ ਨੂੰ ਬੋਲੀ ਮਾਰਦੀ ਹੈ :

ਬਹੁਤੇ ਨੀਂ ਭਰਾਵਾਂ ਵਾਲੀਏ,

ਤੈਨੂੰ ਤੀਆਂ ਨੂੰ ਲੈਣ ਨਾ ਆਏ।

ਤੀਆਂ ਸਾਵਿਆਂ ਦੇ ਦਿਨਾਂ ਵਿੱਚ ਭਰਾ ਆਪਣੀਆਂ ਭੈਣਾਂ ਦੇ ਸਹੁਰੀਂ ਸੰਧਾਰਾ ਲੈ ਕੇ ਜਾਂਦੇ ਹਨ। ਉਹ ਆਪਣੀਆਂ ਮਾਂ ਜਾਈਆਂ ਨੂੰ ਪੇਕੇ ਘਰ ਲੈ ਆਉਂਦੇ ਹਨ। ਤੀਆਂ, ਸਾਂਵੇ ਤੇ ਰੱਖੜੀ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਪੰਜਾਬੀ ਮੁਟਿਆਰਾਂ ਇਨ੍ਹਾਂ ਉਤਸਵਾਂ ਨੂੰ ਬੜੇ ਚਾਅ ਨਾਲ ਮਨਾਉਂਦੀਆਂ ਹਨ। ਦੇਸ਼ ਦੇ ਕੁਝ ਭਾਗਾਂ ਵਿੱਚ ਤੀਆਂ ਨੂੰ ਸ਼ਿਵ-ਪਾਰਵਤੀ ਦੇ ਮਿਲਣ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਉਤਸਵ ਨੂੰ ਹਰਿਆਵਲ ਤੀਆਂ ਵੀ ਕਹਿੰਦੇ ਹਨ। ਮੇਰੇ ਬਚਪਨ ਦਾ ਸਾਉਣ ‘ਕਾਲੀ ਮਿੱਟੀ ਕਾਲੇ ਰੋੜ। ਮੀਂਹ ਵਰ੍ਹਾਦੇ ਜ਼ੋਰੋ ਜ਼ੋਰ’ ਗਾ ਕੇ ਮੀਂਹ ਮੰਗਣ, ਵਰ੍ਹਦੇ ਮੀਂਹ ਵਿੱਚ ਨਹਾਉਣ, ਵਗਦੇ ਪਾਣੀਆਂ ਵਿੱਚ ਕਾਗਜ਼ ਦੀ ਬੇੜੀ ਠੇਲਣ ਅਤੇ ਛੱਪੜ ਵਿੱਚ ਠੀਕਰੀਆਂ ਦੀਆਂ ਤਾਰੀਆਂ ਲਵਾਉਣ ’ਚ ਗੁਜ਼ਰਿਆ। ਸਾਡੇ ਪਿੰਡ ਜਗਦੇਆਂ ਦੀ ਨਹਿਰ ਲਾਹੌਰ ਬ੍ਰਾਂਚ ਦੇ ਉਰਾਂ, ਬੁੱਢੇ ਖੂਹ ਨੇੜਲੀਆਂ ਢੱਕੀਆਂ ਵਿੱਚ ਤੀਆਂ (ਸਾਵੇਂ) ਲੱਗਦੇ ਸਨ। ਪੇਕੇ ਆਈਆਂ ਮੁਟਿਆਰਾਂ ਆਪਣੇ ਹੱਥਾਂ ਨੂੰ ਮਹਿੰਦੀ ਨਾਲ ਸ਼ਿੰਗਾਰ, ਹੱਥੀਂ ਲਾਲ ਚੂੜੇ, ਵੰਨ ਸੁਵੰਨੇ ਕੱਪੜਿਆਂ (ਖਾਸ ਕਰਕੇ ਹਰਿਆਲੇ) ਤੇ ਗਹਿਣਿਆਂ ਨਾਲ ਸੱਜ ਧੱਜ ਮੇਲੇ ਵਿੱਚ ਸ਼ਾਮਲ ਹੁੰਦੀਆਂ ਸਨ। ਕੁਆਰੀਆਂ ਕੁੜੀਆਂ ਚੂੜੀਆਂ/ਵੰਗਾਂ ਪਹਿਨਦੀਆਂ ਸਨ:

ਸਾਉਣ ਮਹੀਨਾ ਦਿਨ ਗਿੱਧੇ ਦੇ, ਸਭੇ ਸਹੇਲੀਆਂ ਆਈਆਂ।

ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟਾ ਚੜ੍ਹ ਆਈਆਂ।

ਪਿੜ ਵਿੱਚ ਗਿੱਧੇ ਦੀ ਧਮਾਲ ਤੋਂ ਬਾਅਦ ਮੁਟਿਆਰਾਂ ਪੀਂਘਾਂ ਝੂਟਦੀਆਂ। ਜਿੱਥੇ ਗਿੱਧਾ ਤੀਆਂ ਦੇ ਮੇਲੇ ਦਾ ਦਿਲ ਹੈ, ਉੱਥੇ ਪਿੱਪਲਾਂ ’ਤੇ ਪਾਈਆਂ ਪੀਂਘਾਂ ਤੀਆਂ ਦੀ ਰੂਹ ਹਨ:

ਸਾਉਣ ਮਹੀਨੇ ਵਰ੍ਹੇ ਮੇਘਲਾ, ਲਿਸ਼ਕੇ ਜ਼ੋਰੋ ਜ਼ੋਰ

ਸਾਉਣ ਮਹੀਨੇ ਵਰ੍ਹਦੇ ਮੀਂਹ ਤੇ ਛਾਈਆਂ ਕਾਲੀਆਂ ਘਟਾਵਾਂ ਦੌਰਾਨ ਲੋਕ ਖੀਰਾਂ ਪੂੜੇ ਬਣਾ ਕੇ ਖਾਂਦੇ ਹਨ। ਸਾਉਣ ਮਹੀਨੇ ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇਗਾ ਜਿਸ ਘਰ ਖੀਰ, ਪੂੜੇ ਤੇ ਕੜਾਹ ਨਾ ਬਣਦਾ ਹੋਵੇ। ਇਨ੍ਹਾਂ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿੱਚ ਵੀ ਮਿਲਦਾ ਹੈ:

ਸਾਉਣ ਮਹੀਨਾ ਬੱਦਲ ਜ਼ੋਰ

ਵਰ੍ਹਦਾ ਮੀਂਹ ਕਿਨਾਰੇ ਤੋੜ

ਤੀਆਂ ਰੱਖੜੀਆਂ ਦੇ ਚਾਅ

ਖਾਈਏ ਖੀਰਾਂ ਪੂੜੇ ਤੇ ਕੜਾਹ

ਮੈਨੂੰ ਬਚਪਨ ਦੇ ਉਹ ਦਿਨ ਯਾਦ ਆ ਗਏ ਜਦੋਂ ਘਰ ਸਾਡੀਆਂ ਭੂਆ ਆਉਂਦੀਆਂ ਸਨ। ਹਰ ਘਰ ਦੇਗਚਿਆਂ ’ਚ ਖੀਰਾਂ ਰਿੱਝ ਰਹੀਆਂ ਹੁੰਦੀਆਂ। ਸਾਨੂੰ ਬੱਚਿਆਂ ਨੂੰ ਮਾਵਾਂ ਪਿੱਪਲ ਦੇ ਪੱਤੇ ਤੋੜ ਕੇ ਲਿਆਉਣ ਲਈ ਭੇਜਦੀਆਂ ਸਨ। ਅਸੀਂ ਬੜੇ ਚਾਅ ਨਾਲ ਪਿਪਲ ਦੇ ਪੱਤੇ ਤੋੜ ਲਿਆਉਂਦੇ। ਮਾਵਾਂ ਚਾਟੀ ਵਿੱਚ ਆਟਾ ਤੇ ਗੁੜ ਦਾ ਘੋਲ ਬਣਾ ਕੇ ਸਾਡੇ ਲਿਆਂਦੇ ਪੱਤਿਆਂ ਨੂੰ ਧੋ ਕੇ ਫਿਰ ਉਨ੍ਹਾਂ ਨੂੰ ਦੋਹਰਾ ਕਰ ਬੁਰਸ਼ ਬਣਾ ਲੈਂਦੀਆਂ। ਫਿਰ ਚੁੱਲ੍ਹੇ ’ਤੇ ਰੱਖੀ ਲੋਹ ’ਤੇ ਮਾਂ ਜਾਂ ਭੂਆ ਪਤਲੀ ਜਿਹੀ ਸੋਟੀ ਦੇ ਸਿਰੇ ’ਤੇ ਕੱਪੜੇ ਦੀ ਲੀਰ ਬੰਨ੍ਹ, ਉਸ ਨੂੰ ਤੇਲ ਵਿੱਚੋਂ ਭਿਉਂ ਕੇ ਤਪਦੀ ਲੋਹ ਨੂੰ ਚੋਪੜਦੀਆਂ। ਫਿਰ ਲੋਹ ’ਤੇ ਆਟੇ ਗੁੜ ਦੇ ਘੋਲ ਦੀ ਕੌਲੀ ਭਰ ਸੁੱਟਦੀਆਂ ਤੇ ਪਿਪਲ ਦੇ ਪੱਤੇ ਨਾਲ ਫੈਲਾ ਕੇ ਪੂੜਾ ਬਣਾ ਲੈਂਦੀਆਂ ਸਨ। ਫਿਰ ਇਹ ਸਿਲਸਿਲਾ ਚੱਲ ਸੋ ਚੱਲ।

ਤੀਆਂ ਸਾਵਿਆਂ ’ਚ ਗਿੱਧਿਆਂ ਦੀ ਧਮਾਲ ਪਾ ਅਤੇ ਪੀਘਾਂ ਝੂੁਟ ਦਿਨ ਢਲੇ ਮੁਟਿਆਰਾਂ ਪਰਤ ਆਉਂਦੀਆਂ ਤੇ ਘਰੀਂ ਖੀਰਾਂ ਦੇ ਵੱਡੇ ਦੇਗਚੇ ਤੇ ਟੋਕਰਿਆਂ ਵਿੱਚ ਲੱਗੇ ਪੂੜਿਆਂ ਦੇ ਅੰਬਾਰ ਮਹਿਕਾਂ ਛੱਡ ਰਹੇ ਹੁੰਦੇ। ਪੇਕੇ ਆਈਆਂ ਧੀਆਂ ਧਿਆਣੀਆਂ ਦੀਆਂ ਸਖੀਆਂ ਸਹੇਲੀਆਂ, ਸਾਰਾ ਪਰਿਵਾਰ ਤੇ ਕੋਈ ਬਾਹਰੋਂ ਆਇਆ ਸਾਰੇ ਮਿਲ ਕੇ ਖੀਰਾਂ ਪੂੜੇ ਛਕਦੇ। ਉਨ੍ਹੀ ਦਿਨੀਂ ਦੁੱਧ ਵਾਧੂ ਹੁੰਦੇ ਸਨ। ਹਰ ਖੁਰਲੀ ’ਤੇ ਦੁੱਧਾਰੂ ਪਸ਼ੂ ਬੰਨ੍ਹੇ ਹੁੰਦੇ ਸਨ। ਦੁੱਧ ਵੇਚਣਾ ਪੁੱਤ ਵੇਚਣ ਬਰਾਬਰ ਸਮਝਿਆ ਝਾਂਦਾ ਸੀ, ਪਰ ਅਜੋਕੇ ਸਮਿਆਂ ਨੂੰ ਪਤਾ ਨਹੀਂ ਕਿਸਦੀ ਚੰਦਰੀ ਨਜ਼ਰ ਲੱਗ ਗਈ ਕਿ ਘਰਾਂ ’ਚੋਂ ਹੌਲੀ ਹੌਲੀ ਮੱਝਾਂ ਗਾਵਾਂ ਆਦਿ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਘਟਦੀ ਗਈ। ਸਵੇਰੇ ਸਵੇਰੇ ਪਿੰਡ ਦੇ ਦੁੱਧ ਦੇ ਕੈਨ ਭਰ ਭਰ ਛੋਟੇ ਹਾਥੀਆਂ ਉੱਤੇ ਸ਼ਹਿਰ ਪਹੁੰਚ ਜਾਂਦਾ। ਘਰਾਂ ਵਿੱਚ ਸਿਰਫ਼ ਚਾਹ ਲਈ ਦੁੱਧ ਰੱਖਿਆ ਜਾਂਦਾ ਹੈ। ਚਾਟੀ ਤੇ ਮਧਾਣੀ ਅਲੋਪ ਹੈ। ਦਹੀਂ, ਮੱਖਣ ਤੇ ਲੱਸੀ ਆਦਿ ਪਦਾਰਥ ਸੁਪਨਾ ਹੋ ਗਏ ਹਨ। ਅਜਿਹੇ ਸਮਿਆਂ ’ਚ ਸਾਡੇ ਘਰਾਂ ਵਿੱਚ ਖੀਰ ਕਿਵੇਂ ਬਣੇਗੀ? ਇਹ ਸਿਰਫ਼ ਕਲਪਨਾ ਮਾਤਰ ਹੀ ਹੋ ਸਕਦੀ ਹੈ। ਸੋ ਹੌਲੀ ਹੌਲੀ ਖੀਰਾਂ ਪੂੜੇ ਅਲੋਪ ਹੋ ਰਹੇ ਹਨ। ਲੋਕ ਅਖਾਣ ਹੈ:

ਸਾਉਣ ਖੀਰ ਨਾ ਖਾਧੀਆਂ

ਕੀ ਜੀਣਾ ਅਪਰਾਧੀਆ।

ਛੱਲੀਆਂ ਭੁੰਨ ਕੇ ਚੱਬਣੀਆਂ, ਭੱਠੀਆਂ ਤੋਂ ਦਾਣੇ ਭੁੰਨਾਉਣੇ ਅਤੇ ਕਣਕਾਂ ਦੇ ਰੰਗ ਸੁਨਹਿਰੀ ਹੋਣ ਤੋਂ ਪਹਿਲਾਂ ਛੋਲਿਆਂ ਦੇ ਖੇਤਾਂ ਵਿੱਚੋਂ ਹਰਾ ਛੋਲੀਆ ਲਿਆ ਕੇ ਅੱਗ ਬਾਲ ਕੇ ‘ਹੋਲਾਂ’ ਭੁੰਨਣੀਆਂ ਵੀ ਸਾਡੇ ਪੇਂਡੂ ਸੱਭਿਆਚਾਰ ਤੇ ਵਿਰਸੇ ਦਾ ਅਨਿੱਖੜਵਾਂ ਅੰਗ ਰਹੇ ਹਨ। ਸਾਡੇ ਬਚਪਨ ਦੇ ਦਿਨਾਂ ’ਚ ਕਿਸਾਨ ਮੱਕੀ ਦੀ ਭਰਪੂਰ ਫ਼ਸਲ ਬੀਜਦੇ ਸਨ। ਸਿਆਲ ’ਚ ਘਰਾਂ ਵਿੱਚ ਮੱਕੀ ਦੀ ਰੋਟੀ, ਸਰੋਂ ਤੋਰੀਏ ਦਾ ਸਾਗ ਤੇ ਚੌਲ ਹੁੰਦੇ ਸਨ। ਕਣਕ ਦੀ ਰੋਟੀ ਤੇ ਖੰਡ ਦੀ ਚਾਹ ਕਿਸੇ ਪ੍ਰਾਹੁਣੇ ਦੇ ਆਉਣ ’ਤੇ ਹੀ ਬਣਦੀ ਸੀ।

ਮੈਨੂੰ ਯਾਦ ਹੈ ਕਿ ਸਾਡਾ ਤਾਇਆ 25-30 ਭੁੰਨੀਆਂ ਛੱਲੀਆਂ ਆਸਾਨੀ ਨਾਲ ਚੱਬ ਜਾਂਦਾ ਸੀ। ਉਨ੍ਹਾਂ ਦਿਨਾਂ ’ਚ ਖੂਹ ਨੇੜੇ ਰੁੱਖਾਂ ਹੇਠ ਬਾਲਣ ਇਕੱਠਾ ਕਰ ਅੱਗ ਬਾਲੀ ਜਾਂਦੀ ਸੀ। ਫਿਰ ਪੱਕਣ ਤੋਂ ਪਹਿਲਾਂ ਥੱਬਾ ਭਰ ਹਰੀਆਂ ਦੋਧਾ ਛੱਲੀਆਂ ਟਾਂਡਿਆਂ ਸਮੇਤ ਵੱਢ ਕੇ ਲਿਆਂਦੀਆਂ ਜਾਂਦੀਆਂ ਸਨ। ਫਿਰ ਡੇਢ ਕੁ ਹੱਥ ਟਾਂਡੇ ਨੂੰ ਕੱਟ, ਬਲਦੀ ਅੱਗ ’ਤੇ ਰੱਖ ਭੁੰਨ ਭੁੰਨ ਚੱਬੀ ਜਾਂਦੇ ਸਨ। ਪੰਜ ਦਸ ਛੱਲੀਆਂ ਤਾਂ ਆਮ ਨਿਆਣੇ ਸਿਆਣੇ ਚੱਬ ਜਾਂਦੇ ਸਨ।

ਅੱਜ ਉਹ ਦਿਨ ਹੀ ਨਹੀਂ ਰਹੇ। ਸਿਰਫ਼ ਸਾਡੇ ਵਰਗੇ ਬਜ਼ੁਰਗਾਂ ਦੀਆਂ ਯਾਦਾਂ ਵਿੱਚ ਵੱਸਦੇ ਹਨ। ਅੱਜ ਤਾਂ ਭੁੱਜੀਆਂ ਛੱਲੀਆਂ ਵਿਕਦੀਆਂ ਹਨ। ਅਜੋਕੀ ਨਵੀਂ ਪੀੜ੍ਹੀ ਨੇ ਭੁੱਜੀਆਂ ਛੱਲੀਆਂ ਤਾਂ ਕੀ ਚੱਬਣੀਆਂ, ਉਹ ਤਾਂ ਮੱਕੀ ਦੇ ਭੁੰਨੇ ‘ਫੁੱਲਿਆਂ’ ਨੂੰ ‘ਕੌਰਨ’ ਆਖ ਮਾਲਾਂ ਵਿੱਚੋਂ ਮਹਿੰਗੇ ਭਾਅ ਦੇ ਪੈਕੇਟ ਖਰੀਦ ਕੇ ਖਾਂਦੇ ਹਨ। ਹੁਣ ਤਾਂ ਪੇਂਡੂ ਇਲਾਕਿਆਂ ਵਿੱਚ ਵੀ ‘ਛੱਲੀਆਂ ਭੁੰਨਣਾ’ ਬੀਤੇ ਦੀ ਗਾਥਾ ਲੱਗਦੀ ਹੈ। ਇਸ ਤਰ੍ਹਾਂ ਤੀਆਂ, ਸਾਵੇਂ, ਖੀਰਾਂ ਪੂੜੇ ਤੇ ਛੱਲੀਆਂ ਭੁੰਨਣਾ ਸਾਡੇ ਪੇਂਡੂ ਸੱਭਿਆਚਾਰ ’ਚੋਂ ਅਲੋਪ ਹੋ ਰਹੀਆਂ ਹਨ।