ਮਹਿਲਾਵਾਂ ਦਾ ਆਰਥਿਕ ਸ਼ਕਤੀਕਰਨ ਵਿਕਾਸ ਨੂੰ ਰਫ਼ਤਾਰ ਦਿੰਦਾ ਹੈ: ਮੋਦੀ

ਮਹਿਲਾਵਾਂ ਦਾ ਆਰਥਿਕ ਸ਼ਕਤੀਕਰਨ ਵਿਕਾਸ ਨੂੰ ਰਫ਼ਤਾਰ ਦਿੰਦਾ ਹੈ: ਮੋਦੀ

ਮੌਜੂਦਾ ਦ੍ਰਿਸ਼ ਵਿੱਚ ਮਹਿਲਾ ਉੱਦਮੀਆਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ
ਗਾਂਧੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਔਰਤਾਂ ਦਾ ਆਰਥਿਕ ਸ਼ਕਤੀਕਰਨ ਵਿਕਾਸ ਨੂੰ ਰਫ਼ਤਾਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਤਾਕਤਵਰ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ‘ਮਹਿਲਾਵਾਂ ਦੀ ਅਗਵਾਈ ਵਾਲੀ ਵਿਕਾਸ ਦੀ ਪਹੁੰਚ’ ਹੈ। ਜੀ20 ਦੀ ਭਾਰਤ ਦੀ ਪ੍ਰਧਾਨਗੀ ਦੇ ਹਿੱਸੇ ਵਜੋਂ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਦੇ ਮਹਾਤਮਾ ਮੰਦਰ ’ਚ ਕਰਵਾਏ ਗਏ ‘ਮਹਿਲਾ ਸ਼ਕਤੀਕਰਨ ਮੰਤਰੀ ਪੱਧਰੀ ਸੰਮੇਲਨ’ ਨੂੰ ਮੋਦੀ ਨੇ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਕਿਹਾ, ‘‘ਜਦੋਂ ਔਰਤਾਂ ਖੁਸ਼ਹਾਲ ਹੁੰਦੀਆਂ ਹਨ ਤਾਂ ਦੁਨੀਆ ਖੁਸ਼ਹਾਲ ਹੁੰਦੀ ਹੈ।’’ ਉਨ੍ਹਾਂ ਮੌਜੂਦਾ ਦ੍ਰਿਸ਼ ਵਿੱਚ ਮਹਿਲਾ ਉੱਦਮੀਆਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡਾ ਟੀਚਾ ਬਰਾਬਰ ਮੌਕੇ ਮੁਹੱਈਆ ਕਰਵਾਉਣ ਵਾਲਾ ਮੰਚ ਬਣਾਉਣ ਦਾ ਹੋਣਾ ਚਾਹੀਦਾ ਹੈ ਜਿੱਥੇ ਮਹਿਲਾਵਾਂ ਵੱਲੋਂ ਉਪਲੱਬਧੀਆਂ ਹਾਸਲ ਕੀਤਾ ਜਾਣਾ ਆਮ ਗੱਲ ਹੋ ਜਾਵੇ। ਸਾਨੂੰ ਉਨ੍ਹਾਂ ਅੜਿੱਕਿਆਂ ਨੂੰ ਦੂਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਜੋ ਬਾਜ਼ਾਰ, ਆਲਮੀ ਕੀਮਤਾਂ ਲੜੀ ਤੇ ਕਿਫਾਇਤੀ ਵਿੱਤ ਤੱਕ ਉਨ੍ਹਾਂ ਦੀ ਪਹੁੰਚ ਨੂੰ ਰੋਕਦੇ ਹਨ।’’ ਉਨ੍ਹਾਂ ਕਿਹਾ, ‘‘ਮਹਿਲਾਵਾਂ ਦਾ ਆਰਥਿਕ ਸ਼ਕਤੀਕਰਨ ਵਿਕਾਸ ਨੂੰ ਰਫ਼ਤਾਰ ਦਿੰਦਾ ਹੈ। ਸਿੱਖਿਆ ਤੱਕ ਉਨ੍ਹਾਂ ਦੀ ਪਹੁੰਚ ਆਲਮੀ ਵਿਕਾਸ ਨੂੰ ਬੜ੍ਹਾਵਾ ਦਿੰਦੀ ਹੈ। ਉਨ੍ਹਾਂ ਦੀ ਅਗਵਾਈ ਸਮਾਵੇਸ਼ ਵਧਾਉਂਦੀ ਹੈ ਅਤੇ ਉਨ੍ਹਾਂ ਦੀ ਆਵਾਜ਼ ਸਕਾਰਾਤਮਕ ਬਦਲਾਅ ਲਈ ਪ੍ਰੇਰਦੀ ਹੈ।’’

ਪ੍ਰਧਾਨ ਮੰਤਰੀ ਨੇ ਇਸ ਦਾ ਉਦਹਾਰਨ ਦਿੰਦੇ ਹੋਏ ਕਿਹਾ, ‘‘ਮਹਾਤਮਾ ਗਾਂਧੀ ਦਾ ਮਸ਼ਹੂਰ ਚਰਖਾ ਨੇੜਲੇ ਪਿੰਡ ਵਿੱਚ ਰਹਿੰਦੀ ਗੰਗਾਬੇਨ ਨਾਮ ਦੀ ਮਹਿਲਾ ਨੂੰ ਮਿਲਿਆ ਸੀ।’’ ਉਨ੍ਹਾਂ ਕਿਹਾ, ‘‘ਮਹਿਲਾਵਾਂ ਨੂੰ ਤਾਕਤਵਰ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਮਹਿਲਾਵਾਂ ਦੀ ਅਗਵਾਈ ’ਚ ਵਿਕਾਸ ਦਾ ਨਜ਼ਰੀਆ ਹੈ। ਭਾਰਤ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।’’

ਮੋਦੀ ਨੇ ਕਿਹਾ, ‘‘ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਖ਼ੁਦ ਇਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਉਹ ਸਾਧਾਰਨ ਜਨਜਾਤੀ ਪਿਛੋਕੜ ਤੋਂ ਆਉਂਦੀ ਹਨ ਪਰ ਹੁਣ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਕਰਦੀ ਹਨ ਅਤੇ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਰੱਖਿਆ ਬਲ ਦੀ ਕਮਾਂਡਰ-ਇਨ-ਚੀਫ ਹਨ।’’