ਮਹਿਲਾ ਫੁਟਬਾਲ ਵਿਸ਼ਵ ਕੱਪ: ਕਗਾਤਲਾਨਾ ਦੇ ਗੋਲ ਸਦਕਾ ਦੱਖਣੀ ਅਫ਼ਰੀਕਾ ਨਾਕਆਊਟ ਗੇੜ ’ਚ

ਮਹਿਲਾ ਫੁਟਬਾਲ ਵਿਸ਼ਵ ਕੱਪ: ਕਗਾਤਲਾਨਾ ਦੇ ਗੋਲ ਸਦਕਾ ਦੱਖਣੀ ਅਫ਼ਰੀਕਾ ਨਾਕਆਊਟ ਗੇੜ ’ਚ

ਅੱਠਵਾਂ ਦਰਜਾ ਪ੍ਰਾਪਤ ਇਟਲੀ ਦੀ ਟੀਮ ਨੂੰ 3-2 ਨਾਲ ਹਰਾਇਆ
ਵਲਿੰਗਟਨ– ਦੱਖਣੀ ਅਫ਼ਰੀਕਾ ਨੇ ਥੈਂਬੀ ਕਗਾਤਲਾਨਾ ਵੱਲੋਂ ਖੇਡ ਦੇ ਅਖ਼ੀਰ ਵਿੱਚ ਦਾਗੇ ਗਏ ਗੋਲ ਸਦਕਾ ਅੱਜ ਇੱਥੇ ਇਟਲੀ ’ਤੇ 3-2 ਨਾਲ ਜਿੱਤ ਦਰਜ ਕਰ ਕੇ ਮਹਿਲਾ ਫੁਟਬਾਲ ਵਿਸ਼ਵ ਕੱਪ ਦੇ ਨਾਕਆਊਟ ਰਾਊਂਡ ਵਿੱਚ ਕਦਮ ਧਰ ਲਿਆ ਹੈ। ਦੱਖਣੀ ਅਫ਼ਰੀਕਾ ਨੇ ਪਹਿਲੀ ਵਾਰ ਵਿਸ਼ਵ ਕੱਪ ਦੇ ਆਖ਼ਰੀ 16 ਵਿੱਚ ਜਗ੍ਹਾ ਬਣਾਈ ਹੈ। ਹਿਲਡਾ ਮਗਾਇਆ ਨੇ 67ਵੇਂ ਮਿੰਟ ਵਿੱਚ ਗੋਲ ਕਰਕੇ ਦੱਖਣੀ ਅਫ਼ਰੀਕਾ ਨੂੰ 2-1 ਦੀ ਲੀਡ ਦਵਿਾਈ। ਇਸ ਤੋਂ ਪਹਿਲਾਂ ਆਰਿਆਨਾ ਕਰੂਸੋ ਨੇ 11ਵੇਂ ਮਿੰਟ ਵਿੱਚ ਇਟਲੀ ਨੂੰ ਲੀਡ ਦਵਾਈ ਸੀ। ਬੈਨੇਡੇਟਾ ਓਰਸੀ ਦੇ 32ਵੇਂ ਮਿੰਟ ਵਿੱਚ ਆਤਮਘਾਤੀ ਗੋਲ ਨੇ ਦੱਖਣੀ ਅਫ਼ਰੀਕਾ ਨੂੰ ਬਰਾਬਰੀ ’ਤੇ ਪਹੁੰਚਾਇਆ। ਕਰੂਸੋ ਨੇ ਇਟਲੀ ਲਈ 74ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕੀਤਾ। ਕਗਾਤਲਾਨਾ ਨੇ 90+2ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ ਨਾਕਆਊਟ ’ਚ ਪਹੁੰਚਾਇਆ। ਇਸੇ ਦੌਰਾਨ ਅੱਠਵੇਂ ਰੈਂਕਿੰਗ ਵਾਲੀ ਇਟਲੀ ਦੀ ਟੀਮ ਮਹਿਜ਼ ਡਰਾਅ ਸਦਕਾ ਵੀ ਅਗਲੇ ਰਾਊਂਡ ਵਿੱਚ ਪਹੁੰਚ ਸਕਦੀ ਸੀ। ਦੱਖਣੀ ਅਫ਼ਰੀਕਾ ਹੁਣ ਐਤਵਾਰ ਨੂੰ ਰਾਊਂਡ 16 ਮੈਚ ਵਿੱਚ ਨੀਦਰਲੈਂਡਜ਼ ਨਾਲ ਖੇਡੇਗਾ। ਸਵੀਡਨ ਗਰੁੱਪ ਜੀ ਵਿੱਚ ਅਰਜਨਟੀਨਾ ਨੂੰ 2-0 ਨਾਲ ਹਰਾ ਕੇ ਸਿਖਰ ’ਤੇ ਰਿਹਾ ਅਤੇ ਹੁਣ ਉਸ ਦਾ ਸਾਹਮਣਾ ਸਾਬਕਾ ਚੈਂਪੀਅਨ ਅਮਰੀਕਾ ਨਾਲ ਹੋਵੇਗਾ।