ਡਿਆਨੀ ਦੀ ਹੈਟ੍ਰਿਕ ਸਦਕਾ ਫਰਾਂਸ ਨੇ ਪਨਾਮਾ ਨੂੰ 6-3 ਨਾਲ ਹਰਾਇਆ

ਡਿਆਨੀ ਦੀ ਹੈਟ੍ਰਿਕ ਸਦਕਾ ਫਰਾਂਸ ਨੇ ਪਨਾਮਾ ਨੂੰ 6-3 ਨਾਲ ਹਰਾਇਆ

ਸਿਡਨੀ: ਕਾਦੀਦਿਆਤੂ ਡਿਆਨੀ ਦੇ ਹੈਟ੍ਰਿਕ ਸਦਕਾ ਫਰਾਂਸ ਨੇ ਅੱਜ ਇੱਥੇ ਪਨਾਮਾ ਨੂੰ 6-3 ਨਾਲ ਹਰਾ ਕੇ ਮਹਿਲਾ ਫੁਟਬਾਲ ਵਿਸ਼ਵ ਕੱਪ ਦੇ ਨਾਕਆਊਟ ਵਿੱਚ ਕਦਮ ਧਰ ਲਿਆ ਹੈ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਨੇ ਸ਼ੁਰੂਆਤੀ ਝਟਕੇ ਤੋਂ ਉਭਰਦਿਆਂ ਗਰੁੱਪ ਡੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਮਾਰਟਾ ਕੌਕਸ ਨੇ ਦੂਜੇ ਹੀ ਮਿੰਟ ਵਿੱਚ ਗੋਲ ਕਰਕੇ ਪਨਾਮਾ ਨੂੰ ਲੀਡ ਦਵਾਈ ਸੀ। ਮਾਇਲੇ ਲਾਕਰਾਰ ਨੇ 21ਵੇਂ ਮਿੰਟ ਵਿੱਚ ਗੋਲ ਕਰਕੇ ਫਰਾਂਸ ਨੂੰ ਬਰਾਬਰੀ ’ਤੇ ਲਿਆਂਦਾ। ਡਿਆਨੀ ਨੇ 28ਵੇਂ, 37ਵੇਂ ਅਤੇ 52ਵੇਂ ਮਿੰਟ ਵਿੱਚ ਗੋਲ ਕਰਕੇ ਹੈਟ੍ਰਿਕ ਲਗਾਈ। ਫਰਾਂਸ ਲਈ ਲੀਆ ਲੀ ਗਾਰੇਕ ਅਤੇ ਵਿਕੀ ਬੇਚੋ ਨੇ ਹੋਰ ਦੋ ਗੋਲ ਕੀਤੇ। ਪਨਾਮਾ ਤਰਫ਼ੋਂ ਯੋਮਿਰਾ ਪਿਨਜ਼ੋਨ ਅਤੇ ਲਿਨੇਥ ਸੇਡੇਨੋ ਨੇ ਇੱਕ-ਇੱਕ ਗੋਲ ਕੀਤੇ। ਫਰਾਂਸ ਨੇ ਜਮਾਇਕਾ ਨਾਲ ਸ਼ੁਰੂਆਤੀ ਮੈਚ ਵਿੱਚ ਗੋਲ ਰਹਿਤ ਡਰਾਅ ਖੇਡਿਆ ਸੀ ਪਰ ਉਸ ਨੇ ਬਰਾਜ਼ੀਲ ਅਤੇ 52ਵੇਂ ਰੈਂਕਿੰਗ ਵਾਲੀ ਪਨਾਮਾ ਦੀ ਟੀਮ ’ਤੇ ਜਿੱਤ ਸਦਕਾ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਫਰਾਂਸ ਨੂੰ ਰਾਊਂਡ 16 ਵਿੱਚ ਜਗ੍ਹਾ ਬਣਾਉਣ ਲਈ ਮਹਿਜ਼ ਇੱਕ ਡਰਾਅ ਦੀ ਲੋੜ ਸੀ, ਜਿਸ ਨਾਲ ਉਸ ਨੇ ਲਗਾਤਾਰ ਚੌਥੀ ਵਾਰ ਨਾਕਆਊਟ ਰਾਊਂਡ ਵਿੱਚ ਜਗ੍ਹਾ ਬਣਾਈ ਹੈ। ਜਮਾਇਕਾ ਨੇ ਬਰਾਜ਼ੀਲ ਨਾਲ ਗੋਲ ਰਹਿਤ ਡਰਾਅ ਖੇਡਿਆ, ਜਿਸ ਸਦਕਾ ਉਹ ਦੂਜੇ ਸਥਾਨ ’ਤੇ ਹੈ।