ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਰਾਜਪਾਲ ਨੂੰ ਮੰਗ ਪੱਤਰ

ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਰਾਜਪਾਲ ਨੂੰ ਮੰਗ ਪੱਤਰ

ਬਸਪਾ ਵੱਲੋਂ 13 ਅਗਸਤ ਨੂੰ ਜਲੰਧਰ ’ਚ ਦਲਿਤ ਮਹਾਪੰਚਾਇਤ ਕਰਨ ਦਾ ਐਲਾਨ
ਚੰਡੀਗੜ੍ਹ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਪੰਜ ਮੈਂਬਰੀ ਵਫਦ ਨੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਚੰਡੀਗੜ੍ਹ ਸਥਿਤ ਰਾਜ ਭਵਨ ਵਿਖੇ ਮੁਲਾਕਾਤ ਕੀਤੀ। ਵਫ਼ਦ ਨੇ ਰਾਜਪਾਲ ਨੂੰ ਮਨੀਪੁਰ ਹਿੰਸਾ ਦੇ ਪੀੜਤਾਂ ਨੂੰ ਇਨਸਾਫ਼ ਦਵਿਾਉਣ ਲਈ ਅਤੇ ਪੰਜਾਬ ਸਰਕਾਰ ’ਚ ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਲਈ ਮੰਗ ਪੱਤਰ ਦਿੱਤਾ। ਇਸ ਦੇ ਨਾਲ ਹੀ ਬਸਪਾ ਦੇ ਵਫ਼ਦ ਨੇ ਦਲਿਤਾਂ ਨੂੰ ਇਨਸਾਫ ਦਵਿਾਉਣ ਲਈ ਜਲੰਧਰ ਵਿਖੇ 13 ਅਗਸਤ ਨੂੰ ਦਲਿਤ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ।

ਸ੍ਰੀ ਗੜ੍ਹੀ ਨੇ ਰਾਜਪਾਲ ਨੂੰ ਕਿਹਾ ਕਿ ਪੰਜਾਬ ਦੇ ਜਲੰਧਰ ਜਿਲ੍ਹੇ ’ਚ ਪੁਲੀਸ ਪ੍ਰਸ਼ਾਸਨ ਵੱਲੋਂ ਦਲਿਤਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। 23 ਜੁਲਾਈ ਨੂੰ ਜਲੰਧਰ ’ਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ 163 ਦਲਿਤਾਂ ’ਤੇ ਪੰਜਾਬ ਪੁਲੀਸ ਨੇ ਝੂਠਾ ਕੇਸ ਦਰਜ ਕੀਤਾ। ਇਸ ਤੋਂ ਪਹਿਲਾਂ ਜਲੰਧਰ ਪੁਲੀਸ ਨੇ ਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਲਈ ਦਲਿਤ ਵਿਦਿਆਰਥੀ ’ਤੇ ਲਾਠੀਚਾਰਜ ਕੀਤਾ। ਉੱਧਰ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਢਾਂਚੇ ਨੂੰ ਖੋਰਾ ਲਾਉਂਦੇ ਹੋਏ ਮੈਂਬਰਾਂ ਦੀ ਗਿਣਤੀ 10 ਤੋਂ 5 ਕਰ ਦਿੱਤੀ ਅਤੇ ਚੇਅਰਮੈਨ ਦਾ ਅਹੁਦਾ ਡੇਢ ਸਾਲ ਤੋਂ ਖਾਲੀ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਜਾਅਲੀ ਐੱਸਸੀ ਸਰਟੀਫਿਕੇਟਾਂ ਦੇ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ ਅਤੇ ਲਾਅ ਅਫਸਰਾਂ ਦੀ ਭਰਤੀ ’ਚ ਅਨੁਸੂਚਿਤ ਜਾਤੀਆਂ ਨੂੰ ਅਣਗੌਲਿਆ ਕਰ ਦਿਤਾ ਹੈ।

ਬਸਪਾ ਦੇ ਵਫ਼ਦ ਨੇ ਰਾਜਪਾਲ ਤੋਂ ਅਪੀਲ ਕੀਤੀ ਕਿ ਕਿਸਾਨਾਂ ਤੇ ਖੇਤੀ ਦੀ ਗਿਰਦਾਵਰੀ ਦੇ ਨਾਲ ਨਾਲ ਜਾਤੀ ਧਰਮ ਦੇ ਵਿਤਕਰੇ ਤੋਂ ਉਪਰ ਉੱਠਕੇ ਗਰੀਬਾਂ ਤੇ ਮਜ਼ਦੂਰਾਂ ਦੇ ਕੱਚੇ ਮਕਾਨਾਂ, ਚੋਂਦੇ ਮਕਾਨਾਂ ਤੇ ਡਿੱਗੇ ਮਕਾਨਾਂ ਦਾ ਮੁਆਵਜ਼ਾ ਵੀ ਤੁਰੰਤ ਹੀ ਦਿੱਤਾ ਜਾਵੇ।
ਚੰਡੀਗੜ੍ਹ ਵਿੱਚ ਪਾਰਟੀ ਦਫ਼ਤਰ ਲਈ ਜ਼ਮੀਨ ਮੰਗੀ

ਬਸਪਾ ਦੇ ਵਫ਼ਦ ਨੇ ਰਾਜਪਾਲ ਬਨਵਾਰੀ ਲਈ ਪੁਰੋਹਿਤ ਨੂੰ ਮੰਗ ਪੱਤਰ ਸੌਂਪਦੇ ਹੋਏ ਰਾਜਧਾਨੀ ਚੰਡੀਗੜ੍ਹ ’ਚ ਬਸਪਾ ਯੂਨਿਟ ਪੰਜਾਬ ਲਈ ਦਫ਼ਤਰ ਬਣਾਉਣ ਲਈ ਜ਼ਮੀਨ ਅਲਾਟ ਕਰਨ ਦੀ ਮੰਗ ਕੀਤੀ। ਵਫ਼ਦ ਨੇ ਕਿਹਾ ਕਿ ਬਸਪਾ 1996 ਤੋਂ ਭਾਰਤ ਦੇਸ਼ ਦੀ ਵੋਟਾਂ ਦੇ ਅਧਾਰ ਤੇ ਤੀਜੇ ਨੰਬਰ ਦੀ ਰਾਸ਼ਟਰੀ ਪਾਰਟੀ ਹੈ, ਜਿਸ ਦਾ ਦੇਸ਼ ਦੇ ਬਹੁ-ਗਿਣਤੀ ਸੂਬਿਆਂ ’ਚ ਭਾਰੀ ਜਨ ਅਧਾਰ ਹੈ। ਬਸਪਾ ਦੇ ਵਫਦ ਨੇ ਮੰਗ ਕੀਤੀ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਯੂਨਿਟ ਲਈ ਦਫਤਰ ਲਈ ਚੰਡੀਗੜ੍ਹ ਵਿੱਚ ਜਮੀਨ ਅਲਾਟ ਕੀਤੀ ਜਾਵੇ ਜੀ।