ਅਜੋਕੇ ਸਮੇਂ ਧਰਮ ਦੇ ਨਾਂ ’ਤੇ ਹਿੰਸਾ ਬਰਦਾਸ਼ਤ ਨਹੀਂ: ਖੜਗੇ

ਅਜੋਕੇ ਸਮੇਂ ਧਰਮ ਦੇ ਨਾਂ ’ਤੇ ਹਿੰਸਾ ਬਰਦਾਸ਼ਤ ਨਹੀਂ: ਖੜਗੇ

ਨੂਹ ਹਿੰਸਾ ਤੇ ਰੇਲ ਗੋਲੀਬਾਰੀ ਦੀ ਵਿਰੋਧੀ ਧਿਰਾਂ ਵੱਲੋਂ ਨਿਖੇਧੀ
ਨਵੀਂ ਦਿੱਲੀ/ਸ੍ਰੀਨਗਰ- ਹਰਿਆਣਾ ਦੇ ਨੂਹ ’ਚ ਬੀਤੇ ਦਿਨ ਹੋਈ ਹਿੰਸਾ ਹੋਣ ਅਤੇ ਮਹਾਰਾਸ਼ਟਰ ’ਚ ਰੇਲਵੇ ਪੁਲੀਸ ਦੇ ਕਾਂਸਟੇਬਲ ਵੱਲੋਂ ਚਾਰ ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਦੇ ਸਬੰਧ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ 21ਵੀਂ ਸਦੀ ’ਚ ਧਰਮ ਦੇ ਨਾਂ ’ਤੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਜੇਕਰ ਇਨ੍ਹਾਂ ਘਟਨਾਵਾਂ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਨਾ ਉਠਾਈ ਗਈ ਤਾਂ ਇਸ ਦੇ ਨਤੀਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣਗੇ। ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਨੇ ਨੂਹ ਹਿੰਸਾ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ, ‘ਹਰਿਆਣਾ ਦੇ ਕੁਝ ਹਿੱਸਿਆਂ ’ਚ ਜੋ ਹੋ ਰਿਹਾ ਹੈ ਅਤੇ ਜੋ ਆਰਪੀਐੱਫ ਦੇ ਕਾਂਸਟੇਬਲ ਨੇ ਕੀਤਾ ਉਹ ਭਾਰਤ ਮਾਂ ਦੇ ਸੀਨੇ ’ਤੇ ਡੂੰਘੇ ਜ਼ਖ਼ਮ ਹਨ। ਅਜਿਹੀਆਂ ਘਟਨਾਵਾਂ ਸਾਡੀਆਂ ਕਮਜ਼ੋਰ ਹੋ ਰਹੀਆਂ ਸੰਵਿਧਾਨਕ ਸੰਸਥਾਵਾਂ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਸਵਾਲ ਖੜ੍ਹੇ ਕਰਦੀਆਂ ਹਨ।’ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਕਾਇਮ ਕਰਨ ਦੀ ਅਪੀਲ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ‘ਭਾਰਤ ਵਿੱਚ 21ਵੀਂ ਸਦੀ ’ਚ ਧਰਮ ਦੇ ਨਾਂ ’ਤੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਇਹ ਸਾਡੀ ਸੱਭਿਅਤਾ ਦੀ ਨੀਂਹ ’ਤੇ ਹਮਲਾ ਹੈ। ਇਹ ਕਿਸੇ ਵੀ ਹਾਲਾਤ ’ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ’ਚ ਹੋਈ ਫਿਰਕੂ ਹਿੰਸਾ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਤੇ ਸੂਬੇ ਦੇ ਲੋਕਾਂ ਨੂੰ ਇਸ ਮੁਸ਼ਕਲ ਸਮੇਂ ’ਚ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਟਵੀਟ ਕੀਤਾ, ‘ਹਰਿਆਣਾ ਦੇ ਨੂਹ ’ਚ ਫਿਰਕੂ ਹਿੰਸਾ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ। ਮਨੀਪੁਰ ਤੋਂ ਬਾਅਦ ਹੁਣ ਹਰਿਆਣਾ ’ਚ ਅਜਿਹੀਆਂ ਘਟਨਾਵਾਂ ਚੰਗੇ ਸੰਕੇਤ ਨਹੀਂ ਹਨ। ਹਰਿਆਣਾ ਦੀ ਸਾਰੀ ਜਨਤਾ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅਜਿਹੇ ਨਾਜ਼ੁਕ ਸਮੇਂ ਅਸੀਂ ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖੀਏ। ਅਮਨ ਵਿਰੋਧੀ ਤਾਕਤਾਂ ਤੇ ਹਿੰਸਾ ਦੀ ਸਿਆਸਤ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਹਰਾਉਣਾ ਹੈ।’

ਦੂਜੇ ਪਾਸੇ ਪੀਡੀਪੀ ਤੇ ਨੈਸ਼ਨਲ ਕਾਨਫਰੰਸ ਨੇ ਵੀ ਨੂਹ ਘਟਨਾ ਦੀ ਆਲੋਚਨਾ ਕਰਦਿਆਂ ਇਸ ਨੂੰ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਦੀ ਲੜੀ ਨਾਲ ਜੋੜਿਆ ਹੈ। ਪੀਡੀਪੀ ਦੇ ਮੁੱਖ ਤਰਜਮਾਨ ਸੁਹੇਲ ਬੁਖਾਰੀ ਨੇ ਕਿਹਾ ਕਿ ਹਰਿਆਣਾ ’ਚ ਜੋ ਹੋਇਆ ਉਹ ਸਾਰੇ ਦੇਸ਼ ’ਚ ਹੋ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਲੋਕਾਂ ਨੂੰ ਫਿਰਕਾਪ੍ਰਸਤੀ ਦੇ ਆਧਾਰ ’ਤੇ ਲੜਾ ਕੇ ਆਪਣੇ ਸਿਆਸੀ ਹਿੱਤ ਪੂਰੇ ਕਰਨਾ ਚਾਹੁੰਦੀ ਹੈ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਭਾਰਤ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਨੈਸ਼ਨਲ ਕਾਨਫਰੰਸ ਦੇ ਬੁਲਾਰੇ ਇਮਰਾਨ ਨਬੀ ਡਾਰ ਨੇ ਕਿਹਾ ਹਰਿਆਣਾ ਘਟਨਾ ਦੀ ਆਲੋਚਨਾ ਕਰਦਿਆਂ ਕਿਹਾ, ‘ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਨੈਸ਼ਨਲ ਕਾਨਫਰੰਸ ਇਸ ਦੀ ਆਲੋਚਨਾ ਕਰਦੀ ਹੈ। ਅਜਿਹੀਆਂ ਫਿਰਕੂ ਘਟਨਾਵਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਵਾਪਰ ਰਹੀਆਂ ਹਨ। ਇੱਕ ਦਿਨ ਪਹਿਲਾਂ ਇੱਕ ਰੇਲ ਗੱਡੀ ’ਚ ਇੱਕ ਪੁਲੀਸ ਮੁਲਾਜ਼ਮ ਨੇ ਤਿੰਨ ਮੁਲਸਮਾਨਾਂ ਨੂੰ ਨਸਲ ਦੇ ਆਧਾਰ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।’