ਐੱਨਆਈਏ ਵੱਲੋਂ ਪੰਜਾਬ ਭਰ ’ਚ 30 ਥਾਵਾਂ ’ਤੇ ਛਾਪੇ

ਐੱਨਆਈਏ ਵੱਲੋਂ ਪੰਜਾਬ ਭਰ ’ਚ 30 ਥਾਵਾਂ ’ਤੇ ਛਾਪੇ

ਲੰਡਨ ’ਚ ਭਾਰਤੀ ਦੂਤਾਵਾਸ ਦੇ ਬਾਹਰ ਵਾਪਰੀ ਘਟਨਾ ਦੇ ਸਬੰਧ ਵਿੱਚ ਕੀਤੀ ਕਾਰਵਾਈ
ਚੰਡੀਗੜ੍ਹ- ਕੌਮੀ ਜਾਂਚ ਏਜੰਸੀ (ਐੱਨਆਈਏ) ਦੀਆਂ ਟੀਮਾਂ ਨੇ ਅੱਜ ਪੰਜਾਬ ਭਰ ’ਚ 12 ਦੇ ਕਰੀਬ ਜ਼ਿਲ੍ਹਿਆਂ ਅੰਦਰ 30 ਤੋਂ ਵੱਧ ਸ਼ੱਕੀ ਟਿਕਾਣਿਆਂ ’ਤੇ ਛਾਪੇ ਮਾਰੇ ਤੇ ਕਈ ਥਾਵਾਂ ਤੋਂ ਇਤਰਾਜ਼ਯੋਗ ਸਮੱਗਰੀ ਕਬਜ਼ੇ ’ਚ ਲਈ।

ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਐੱਨਆਈਏ ਦੀਆਂ ਟੀਮਾਂ ਦੇ ਇਹ ਛਾਪੇ ਕੁਝ ਮਹੀਨੇ ਪਹਿਲਾਂ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਲੱਗੇ ਕੌਮੀ ਝੰਡੇ (ਤਿਰੰਗਾ) ਨੂੰ ਉਤਾਰਨ ਦੇ ਮਾਮਲੇ ਵਿੱਚ ਚੱਲ ਰਹੀ ਤਫ਼ਤੀਸ਼ ਦਾ ਹੀ ਹਿੱਸਾ ਹਨ। ਪੰਜਾਬ ਵਿਚਲੀਆਂ ਸਾਰੀਆਂ ਥਾਵਾਂ ’ਤੇ ਉਨ੍ਹਾਂ ਘਰਾਂ ’ਤੇ ਹੀ ਛਾਪੇ ਮਾਰੇ ਗਏ ਜਿਨ੍ਹਾਂ ਦੇ ਸਕੇ-ਸਬੰਧੀ ਇੰਗਲੈਂਡ ਵਿੱਚ ਰਹਿੰਦੇ ਹਨ ਜਾਂ ਅਸਿੱਧੇ ਤੌਰ ’ਤੇ ਇਸ ਘਟਨਾ ਨਾਲ ਜੁੜੇ ਹੋਏ ਹਨ। ਪੰਜਾਬ ਵਿੱਚ ਮੁਹਾਲੀ, ਨਵਾਂਸ਼ਹਿਰ, ਜਲੰਧਰ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਮੁਕਤਸਰ, ਅੰਮ੍ਰਿਤਸਰ ਅਤੇ ਪਟਿਆਲਾ ਆਦਿ ਜ਼ਿਲ੍ਹਿਆਂਵਿੱਚ ਐੱਨਆਈਏ ਦੀਆਂ ਟੀਮਾਂ ਨੇ ਛਾਪੇ ਮਾਰੇ। ਐੱਨਆਈਏ ਦੇ ਤਫ਼ਤੀਸ਼ੀ ਅਫ਼ਸਰਾਂ ਨੇ ਕਈ ਵਿਅਕਤੀਆਂ ਦੇ ਫੋਨ ਵੀ ਆਪਣੇ ਕਬਜ਼ੇ ’ਚ ਲਏ ਹਨ। ਪੰਜਾਬ ਪੁਲੀਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਐੱਨਆਈਏ ਨੇ ਲੰਡਨ ਘਟਨਾ ਦੀ ਤਫ਼ਤੀਸ਼ ਕਰਦਿਆਂ ਘਟਨਾ ਵਾਲੇ ਦਿਨ ਦੀਆਂ ਵੀਡੀਓਜ਼ ਦੀ ਪੜਤਾਲ ਕੀਤੀ ਹੈ ਅਤੇ ਭਾਰਤੀ ਹਾਈ ਕਮਿਸ਼ਨ ਤੇ ਹੋਰਨਾਂ ਕੌਮਾਂਤਰੀ ਏਜੰਸੀਆਂ ਦੇ ਸਹਿਯੋਗ ਨਾਲ ਤਫ਼ਤੀਸ਼ ਨੂੰ ਅੱਗੇ ਵਧਾਇਆ ਹੈ। ਅਧਿਕਾਰੀਆਂ ਦਾ ਦੱਸਣਾ ਹੈ ਕਿ ਇਹ ਤਫ਼ਤੀਸ਼ ਹਾਲ ਦੀ ਘੜੀ ਮੁੱਢਲੇ ਪੜਾਅ ’ਤੇ ਹੈ। ਇਸ ਲਈ ਆਉਂਦੇ ਦਿਨਾਂ ਦੌਰਾਨ ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਵੀ ਹੋ ਸਕਦੀ ਹੈ ਜੋ ਅਸਿੱਧੇ ਤੌਰ ’ਤੇ ਲੰਡਨ ਘਟਨਾ ਨਾਲ ਜੁੜੇ ਹੋਏ ਹਨ। ਲੰਡਨ ਘਟਨਾ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਗਰਮ-ਖਿਆਲੀਆਂ ਖ਼ਿਲਾਫ਼ ਸਖਤੀ ਵਰਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਵਾਪਰੀ ਘਟਨਾ ਦੌਰਾਨ ਮੁਜ਼ਾਹਰਾਕਾਰੀਆਂ ਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਬਾਹਰ ਲੱਗਾ ਤਿਰੰਗਾ ਝੰਡਾ ਉਤਾਰ ਦਿੱਤਾ ਸੀ। ਇਸ ਘਟਨਾ ਪਿੱਛੇ ਖਾਲਿਸਤਾਨ ਪੱਖੀ ਵਿਅਕਤੀਆਂ ਦੇ ਹੋਣ ਦਾ ਦਾਅਵਾ ਕੀਤਾ ਗਿਆ ਸੀ। ਉਸ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸਨ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਵਿਦੇਸ਼ੀ ਸਰਕਾਰਾਂ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਤੇ ਐੱਨਆਈਏ ਨੇ ਵੀ ਜਾਂਚ ਆਰੰਭ ਦਿੱਤੀ ਸੀ।