ਹੈਪੇਟਾਇਟਸ: ਬਰਸਾਤਾਂ ਦੌਰਾਨ ਵਧੇਰੇ ਖ਼ਬਰਦਾਰ ਰਹਿਣ ਦੀ ਲੋੜ

ਹੈਪੇਟਾਇਟਸ: ਬਰਸਾਤਾਂ ਦੌਰਾਨ ਵਧੇਰੇ ਖ਼ਬਰਦਾਰ ਰਹਿਣ ਦੀ ਲੋੜ

ਨਰਿੰਦਰ ਪਾਲ ਸਿੰਘ ਗਿੱਲ

ਹੈਪੇਟਾਇਟਸ ਜਿਗਰ ਦੀ ਬਿਮਾਰੀ ਹੈ ਜੋ ਹੈਪੇਟਾਇਟਸ ਵਾਇਰਸ ਦੀ ਇਨਫ਼ੈਕਸ਼ਨ ਨਾਲ ਫ਼ੈਲਦੀ ਹੈ। ਜਿਗਰ ਸਰੀਰ ਦਾ ਦੂਜਾ ਸਭ ਤੋਂ ਵੱਡਾ ਅੰਗ ਹੈ। ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈ ਤੇ ਬਾਇਲ ਫ਼ਲਿਊਡ ਦਾ ਨਿਰਮਾਣ ਕਰਦਾ ਹੈ ਜੋ ਭੋਜਨ ਪਚਾਉਣ ਵਿਚ ਮਦਦ ਕਰਦਾ ਹੈ। ਜਿਗਰ ਖੂਨ ਵਿਚ ਪ੍ਰੋਟੀਨ ਬਣਾਉਣ ਦਾ ਕੰਮ ਕਰਦਾ ਹੈ।

ਹੈਪੇਟਾਇਟਸ ਦੀਆਂ ਕਿਸਮਾਂ: ਹੈਪੇਟਾਇਟਸ ਪੰਜ- ਏ, ਬੀ, ਸੀ, ਡੀ ਤੇ ਈ, ਤਰ੍ਹਾਂ ਦਾ ਹੁੰਦਾ ਹੈ। ਏ ਅਤੇ ਈ ਕਿਸਮ ਦਾ ਹੈਪੇਟਾਇਟਸ ਦੂਸ਼ਿਤ ਪਾਣੀ ਤੇ ਖਾਣ-ਪੀਣ ਦੀਆਂ ਦੂਸ਼ਿਤ ਵਸਤਾਂ ਦੀ ਵਰਤੋਂ ਨਾਲ ਹੁੰਦਾ ਹੈ, ਬਾਕੀ ਕਿਸਮਾਂ ਦਾ ਹੈਪੇਟਾਇਟਸ ਖੂਨ ਰਾਹੀਂ ਫ਼ੈਲਦਾ ਹੈ। ਹੜ੍ਹਾਂ ਅਤੇ ਬਰਸਾਤਾਂ ਦੇ ਮੌਸਮ ਵਿਚ ਹੈਪੇਟਾਇਟਸ ਏ ਅਤੇ ਹੈਪੇਟਾਇਟਸ ਈ ਹੋਣ ਦਾ ਖਤਰਾ ਵਧ ਜਾਂਦਾ ਹੈ।

ਹੈਪੇਟਾਈਟਸ ਏ: ਇਹ ਹੈਪੇਟਾਈਟਸ ਵਾਇਰਲ ਦਾ ਸਾਧਾਰਨ ਰੂਪ ਹੈ। ਇਹ ਰੋਗ ਉਨ੍ਹਾਂ ਖੇਤਰਾਂ ਵਿਚ ਹੁੰਦਾ ਹੈ ਜਿੱਥੇ ਗੰਦਗੀ ਅਤੇ ਸੀਵਰੇਜ ਦਾ ਪ੍ਰਬੰਧ ਠੀਕ ਨਹੀਂ ਹੁੰਦਾ। ਇਹ ਬਿਮਾਰੀ ਮੂੰਹ ਜਾਂ ਗੰਦਗੀ ਦੁਆਰਾ ਫ਼ੈਲਦੀ ਹੈ। ਆਮ ਤੌਰ ’ਤੇ ਇਹ ਘੱਟ ਮਿਆਦ ਵਾਲਾ (ਤੀਬਰ) ਸੰਕ੍ਰਮਣ ਹੈ। ਇਸ ਦੇ ਲੱਛਣ 3 ਮਹੀਨਿਆਂ ਅੰਦਰ ਖ਼ਤਮ ਹੋ ਜਾਂਦੇ ਹਨ।

ਹੈਪੇਟਾਈਟਸ ਬੀ: ਇਹ ਖ਼ੂਨ ਅਤੇ ਸਰੀਰ ’ਚੋਂ ਨਿਕਲਣ ਵਾਲੇ ਤਰਲ ਪਦਾਰਥ ਜਵਿੇਂ ਸੀਮਨ ਅਤੇ ਯੋਨੀ ਦੇ ਤਰਲ ਪਦਾਰਥਾਂ ਵਿਚ ਪਾਇਆ ਜਾਂਦਾ ਹੈ। ਇਹ ਅਸੁਰੱਖਿਅਤ ਜਿਨਸੀ ਸਬੰਧ ਅਤੇ ਪਹਿਲਾਂ ਤੋਂ ਪ੍ਰਯੋਗ ਕੀਤੀਆਂ ਸੂਈਆਂ ਦੇ ਦੁਬਾਰਾ ਪ੍ਰਯੋਗ ਨਾਲ ਫ਼ੈਲਦਾ ਹੈ। ਆਮ ਤੌਰ ’ਤੇ ਨਸ਼ਾ ਕਰਨ ਵਾਲਿਆਂ ਨੂੰ ਹੋ ਜਾਂਦਾ ਹੈ। ਇਹ ਭਾਰਤ ਸਮੇਤ ਸੰਸਾਰ ਦੇ ਵੱਖ ਵੱਖ ਹਿੱਸਿਆਂ ਜਵਿੇਂ ਚੀਨ, ਮੱਧ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਉਪ-ਸਹਾਰਾ ਦੇ ਅਫਰੀਕੀ ਦੇਸ਼ਾਂ ਵਿਚ ਖ਼ਾਸ ਤੌਰ ’ਤੇ ਹੁੰਦਾ ਹੈ। ਹੈਪੇਟਾਇਟਸ ਬੀ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਇਹ ਵਾਇਰਸ ਸਰੀਰ ’ਤੇ ਤੁਰੰਤ ਪ੍ਰਭਾਵ ਨਹੀਂ ਦਿਖਾਉਂਦਾ ਬਲਕਿ ਜਿਗਰ ਵਿਚ ਸਾਲਾਂ ਤੱਕ ਮੌਜੂਦ ਰਹਿੰਦਾ ਹੈ। ਇਹ ਹੌਲੀ ਹੌਲੀ ਜਿਗਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਵਧੇਰੇ ਖਤਰੇ ਵਾਲੀ ਹਾਲਤ ਵਿਚ ਲਵਿਰ ਸਿਰੋਸਿਸ, ਜਿਗਰ ਦਾ ਫੇਲ੍ਹ ਹੋਣਾ, ਕੈਂਸਰ ਆਦਿ ਹੋ ਸਕਦਾ ਹੈ। ਇਹ ਵਾਇਰਸ ਬਾਡੀ ਫ਼ਲਿਊਡ ਰਾਹੀਂ ਸਰੀਰ ਵਿਚ ਦਾਖਲ ਹੁੰਦਾ ਹੈ।

ਹੈਪੇਟਾਈਟਸ ਸੀ: ਜ਼ਿਆਦਾਤਰ ਇਹ ਵਾਇਰਸ ਲਾਗ ਵਾਲੇ ਸ਼ਖ਼ਸ ਦੇ ਖ਼ੂਨ, ਲਾਰ, ਸੀਮਨ ਅਤੇ ਯੋਨੀ ’ਚੋਂ ਨਿਕਲਣ ਵਾਲੇ ਤਰਲ ਪਦਾਰਥਾਂ ਵਿਚ ਹੁੰਦਾ ਹੈ। ਇਹ ਵਾਇਰਸ ਵਿਸ਼ੇਸ਼ ਰੂਪ ’ਚ ਖ਼ੂਨ ਵਿਚ ਕੇਂਦਰਿਤ ਹੁੰਦਾ ਹੈ। ਇਹ ਵਾਇਰਸ ਆਮ ਤੌਰ ’ਤੇ ਖ਼ੂਨ ਤੋਂ ਖ਼ੂਨ ਦੇ ਸੰਪਰਕ ਰਾਹੀਂ ਫ਼ੈਲਦਾ ਹੈ। ਕਦੇ ਕਦੇ ਹੈਪੇਟਾਈਟਸ ਸੀ ਦੇ ਲੱਛਣ ਸਪੱਸ਼ਟ ਦਿਖਾਈ ਨਹੀਂ ਦਿੰਦੇ ਜਾਂ ਇਸ ਦੇ ਲੱਛਣਾਂ ਨੂੰ ਗਲਤੀ ਨਾਲ ਫ਼ਲੂ ਸਮਝ ਲਿਆ ਜਾਂਦਾ ਹੈ, ਇਸ ਲਈ ਕਈ ਲੋਕ ਇਹ ਸਮਝ ਨਹੀਂ ਸਕਦੇ ਕਿ ਉਹ ਹੈਪੇਟਾਈਟਸ ਸੀ ਦੇ ਵਾਇਰਸ ਤੋਂ ਪ੍ਰਭਾਵਿਤ ਹਨ। ਇਸ ਨੂੰ ਕ੍ਰੋਨਿਕ ਹੈਪੇਟਾਈਟਸ ਸੀ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਕ੍ਰੋਨਿਕ ਹੈਪੇਟਾਈਟਸ ਸੀ ਦਾ ਇਲਾਜ ਐਂਟੀ-ਵਾਇਰਲ ਦਵਾਈਆਂ ਰਾਹੀਂ ਕੀਤਾ ਜਾ ਸਕਦਾ ਹੈ।

ਅਲਕੋਹਲਿਕ ਹੈਪੇਟਾਈਟਸ: ਕਈ ਸਾਲਾਂ ਤੱਕ ਸ਼ਰਾਬ ਦਾ ਸੇਵਨ ਕਰਨ ਨਾਲ ਜਿਗਰ (ਲੀਵਰ) ਨੂੰ ਨੁਕਸਾਨ ਪਹੁੰਚਦਾ ਹੈ ਜੋ ਹੈਪੇਟਾਈਟਸ ਦਾ ਕਾਰਨ ਬਣਦਾ ਹੈ। ਇਹ ਅਨੁਮਾਨ ਹੈ ਕਿ ਜ਼ਿਆਦਾ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਵਿਚ ਕੁਝ ਹੱਦ ਤੱਕ ਅਲਕੋਹਲਿਕ ਹੈਪੇਟਾਈਟਸ ਹੁੰਦਾ ਹੈ; ਆਮ ਤੌਰ ’ਤੇ ਇਸ ਦਾ ਕੋਈ ਸਪੱਸ਼ਟ ਲੱਛਣ ਦਿਖਾਈ ਨਹੀਂ ਦਿੰਦਾ ਅਤੇ ਇਸ ਦਾ ਪਤਾ ਖ਼ੂਨ ਟੈਸਟ ਦੁਆਰਾ ਹੀ ਲੱਗਦਾ ਹੈ।

ਹੈਪੇਟਾਈਟਸ ਡੀ: ਇਹ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਪਹਿਲਾਂ ਤੋਂ ਹੈਪੇਟਾਈਟਸ (ਬੀ) ਤੋਂ ਪੀੜਤ ਹੁੰਦੇ ਹਨ।

ਹੈਪੇਟਾਈਟਸ ਈ: ਹੈਪੇਟਾਈਟਸ ਈ ਵਾਇਰਸ ਕਰ ਕੇ ਹੁੰਦਾ ਹੈ। ਇਹ ਬਿਮਾਰੀ ਬਹੁਤ ਘੱਟ ਹੁੰਦੀ ਹੈ। ਇਸ ਵਿਚ ਆਮ ਤੌਰ ’ਤੇ ਹਲਕਾ ਅਤੇ ਘੱਟ ਮਿਆਦ ਵਾਲੀ ਲਾਗ ਹੁੰਦੀ ਹੈ। ਇਹ ਮੂੰਹ ਜਾਂ ਗੰਦਗੀ ਰਾਹੀਂ ਫ਼ੈਲਦਾ ਹੈ। ਇਸ ਦਾ ਫੈਲਾਓ ਸ਼ਖ਼ਸ ਤੋਂ ਸ਼ਖ਼ਸ ਰਾਹੀਂ ਬਹੁਤ ਘੱਟ ਹੁੰਦਾ ਹੈ।

ਆਟੋਇਮਿਊਨ ਹੈਪੇਟਾਈਟਸ: ਆਟੋਇਮਿਊਨ ਹੈਪੇਟਾਈਟਸ ਰੋਗ ਦਾ ਬਹੁਤ ਹੀ ਸਾਧਾਰਨ ਕਾਰਨ ਕ੍ਰੋਨਿਕ ਹੈਪੇਟਾਈਟਸ (ਪੁਰਾਣਾ ਜਾਂ ਲੰਮੇ ਸਮੇਂ ਦਾ) ਹੈ। ਇਸ ਕਾਰਨ ਜਿਗਰ ਵਿਚ ਗੰਭੀਰ (ਕ੍ਰੋਨਿਕ) ਸੋਜ਼ਿਸ਼ ਅਤੇ ਨੁਕਸਾਨ ਹੁੰਦਾ ਹੈ। ਇਸ ਨਾਲ ਬਹੁਤ ਗੰਭੀਰ ਸਮੱਸਿਆਵਾਂ ਦੀ ਸ਼ੁਰੂਆਤ ਹੁੰਦੀ ਹੈ ਜਵਿੇਂ ਜਿਗਰ ਦਾ ਫੇਲ੍ਹ ਹੋਣਾ। ਇਸ ਦੇ ਲੱਛਣਾਂ ਵਿਚ ਥਕਾਵਟ, ਪੇਟ ਦਰਦ, ਜੋੜਾਂ ਵਿਚ ਦਰਦ, ਪੀਲੀਆ (ਚਮੜੀ ਦਾ ਰੰਗ ਪੀਲਾ ਅਤੇ ਅੱਖਾਂ ਦਾ ਰੰਗ ਸਫ਼ੇਦ ਹੋਣਾ) ਅਤੇ ਸਿਰੋਸਿਸ ਸ਼ਾਮਲ ਹੈ।

ਹੈਪੇਟਾਇਟਸ ਦੇ ਲੱਛਣ: ਇਸ ਦੇ ਲੱਛਣ ਸ਼ੁਰੂਆਤੀ ਦੌਰ ਵਿਚ ਸਾਹਮਣੇ ਨਹੀਂ ਆਉਂਦੇ। ਅੰਕੜਿਆਂ ਮੁਤਾਬਕ 10 ਵਿਚੋਂ 9 ਜਣਿਆਂ ਨੂੰ ਇਸ ਤੋਂ ਪੀੜਤ ਹੋਣ ਦਾ ਪਤਾ ਨਹੀਂ ਲੱਗਦਾ। ਮੁੱਖ ਲੱਛਣਾਂ ਵਿਚ ਹਲਕਾ ਬੁਖਾਰ, ਸਰੀਰ ਵਿਚ ਕਮਜ਼ੋਰੀ, ਭੁੱਖ ਘੱਟ ਲੱਗਣਾ, ਪੇਟ ਦਰਦ, ਮਾਸ ਪੇਸ਼ੀਆਂ ਵਿਚ ਦਰਦ, ਪੀਲਾ ਪਿਸ਼ਾਬ, ਪੇਟ ਵਿਚ ਪਾਣੀ ਭਰ ਜਾਣਾ ਆਦਿ ਸ਼ਾਮਲ ਹਨ। ਇਲਾਜ ਵਿਚ ਦੇਰੀ ਹੋਣ ’ਤੇ ਮਰੀਜ਼ ਬੇਹੋਸ਼ੀ ਦੀ ਅਵਸਥਾ (ਹਿਪੌਟਿਕਕੋਮਾ) ਵਿਚ ਵੀ ਚਲਾ ਜਾਂਦਾ ਹੈ ਅਤੇ ਕਈ ਵਾਰ ਮੌਤ ਵੀ ਹੋ ਜਾਂਦੀ ਹੈ।

ਬਚਾਅ ਦੇ ਤਰੀਕੇ: ਹੈਪੇਟਾਇਟਸ ਏ ਅਤੇ ਈ ਤੋਂ ਬਚਣ ਲਈ ਸਾਫ਼ ਪਾਣੀ ਤੇ ਖਾਣ ਪੀਣ ਦੀਆਂ ਸਾਫ਼ ਸੁਥਰੀਆਂ ਵਸਤਾਂ ਦੀ ਵਰਤੋਂ ਸਾਫ਼ ਹੱਥਾਂ ਨਾਲ ਕਰਨੀ ਚਾਹੀਦੀ ਹੈ। ਹੈਪੇਟਾਇਟਸ ਬੀ ਅਤੇ ਸੀ ਤੋਂ ਬਚਣ ਲਈ ਦੰਦਾਂ ਦੇ ਸਾਂਝੇ ਬੁਰਸ਼, ਸ਼ੇਵਿੰਗ ਬਲੇਡ, ਟੈਟੂ ਬਣਵਾਉਣ, ਸਾਂਝੀਆਂ ਟੀਕਿਆਂ ਦੀਆਂ ਸੂਈਆਂ ਵਰਤਣ ਅਤੇ ਅਸੁਰੱਖਿਅਤ ਜਿਨਸੀ ਸਬੰਧਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਹੜ੍ਹਾਂ ਤੇ ਬਰਸਾਤਾਂ ਦੇ ਮੌਸਮ ਵਿਚ ਖਾਸ ਸਾਵਧਾਨੀਆਂ: ਹੜ੍ਹਾਂ ਕਾਰਨ ਪਾਣੀ ਦੇ ਸੋਮੇ ਵੀ ਪ੍ਰਭਾਵਿਤ ਹੁੰਦੇ ਹਨ, ਇਸ ਲਈ ਪੀਣ ਵਾਲਾ ਪਾਣੀ ਉਬਾਲ ਕੇ ਪੀਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਹੜ੍ਹਾਂ ਦੇ ਪਾਣੀ ਨਾਲ ਭਿੱਜੇ ਫ਼ਲ ਜਾਂ ਸਬਜ਼ੀਆਂ ਦੀ ਵਰਤੋਂ ਨਾ ਕੀਤੀ ਜਾਵੇ। ਖਾਣਾ ਬਣਾਉਣ, ਪਰੋਸਣ, ਖਾਣਾ ਖਾਣ, ਪਖਾਨੇ ਦੀ ਵਰਤੋਂ ਕਰਨ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਬਣ ਤੇ ਪਾਣੀ ਨਾਲ ਧੋਣੇ ਚਾਹੀਦੇ ਹਨ। ਹੱਥਾਂ ਦੇ ਹਰ ਹਿੱਸੇ ਨੂੰ ਧੋਣਾ ਲਾਜ਼ਮੀ ਹੈ ਅਤੇ ਘੱਟੋ-ਘੱਟ 25-30 ਸਕਿੰਟ ਦਾ ਸਮਾਂ ਲਗਾਉਣਾ ਚਾਹੀਦਾ ਹੈ। ਬਾਜ਼ਾਰ ਦੇ ਖਾਣੇ ਦੀ ਬਜਾਇ ਘਰ ਵਿਚ ਸਾਫ਼ ਸੁਥਰੇ ਮਾਹੌਲ ਵਿਚ ਤਿਆਰ ਖਾਣੇ ਨੂੰ ਤਰਜੀਹ ਦਿੱਤੀ ਜਾਵੇ।

ਸਿਹਤ ਵਿਭਾਗ ਦੀ ਸਕੀਮ: ਹੈਪੇਟਾਇਟਸ ਬੀ ਤੇ ਹੈਪੇਟਾਇਟਸ ਸੀ ਦੇ ਇਲਾਜ ਲਈ ਸਿਹਤ ਤੇ ਪਰਵਿਾਰ ਭਲਾਈ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਹੈਪੇਟਾਇਟਸ-ਸੀ ਰਿਲੀਫ਼ ਫੰਡ ਯੋਜਨਾ ਚੱਲ ਰਹੀ ਹੈ। ਇਸ ਤਹਿਤ ਪੰਜਾਬ ਦੇ ਵਸਨੀਕਾਂ ਲਈ ਮੁਫ਼ਤ ਇਲਾਜ ਦੀ ਸਹੂਲਤ ਸਾਰੇ ਜਿ਼ਲ੍ਹਾ ਹਸਪਤਾਲਾਂ ਅਤੇ 3 ਮੈਡੀਕਲ ਕਾਲਜਾਂ ਵਿਚ ਮਿਲਦੀ ਹੈ ਜਿੱਥੇ ਟੈਸਟ ਅਤੇ ਇਲਾਜ ਮੁਫ਼ਤ ਹੁੰਦਾ ਹੈ। ਸਿਹਤ ਵਿਭਾਗ ਵੱਲੋਂ ਹੈਪੇਟਾਇਟਸ ਬੀ ਤੋਂ ਬਚਾਅ ਲਈ ਬੱਚਿਆਂ ਨੂੰ ਜਨਮ ਤੋਂ 24 ਘੰਟੇ ਦੇ ਅੰਦਰ ਅੰਦਰ ਜ਼ੀਰੋ ਡੋਜ਼ ਟੀਕਾਕਰਨ ਵੀ ਇਸ ਦੇ ਬਚਾਅ ਲਈ ਕੀਤਾ ਜਾਂਦਾ ਹੈ।