ਨਿਊਯਾਰਕ ਪੁਲੀਸ ’ਚ ਸਿੱਖ ਨੂੰ ਦਾੜ੍ਹੀ ਵਧਾਉਣ ਤੋਂ ਰੋਕਣ ਦਾ ਵਿਰੋਧ

ਨਿਊਯਾਰਕ ਪੁਲੀਸ ’ਚ ਸਿੱਖ ਨੂੰ ਦਾੜ੍ਹੀ ਵਧਾਉਣ ਤੋਂ ਰੋਕਣ ਦਾ ਵਿਰੋਧ

ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅਮਰੀਕਾ ਦੇ ਨਿਊਯਾਰਕ ਵਿਚ ਪੁਲੀਸ ’ਚ ਡਿਊਟੀ ਕਰ ਰਹੇ ਇਕ ਸਿੱਖ ਨੌਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣਾ ਮੰਦਭਾਗਾ ਹੈ। ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵਿਕਾਸ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ ਹੈ ਪਰ ਦੁੱਖ ਦੀ ਗੱਲ ਹੈ ਕਿ ਇਸ ਨੂੰ ਅੱਖੋਂ ਪਰੋਖੇ ਕਰ ਕੇ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਦੇਸ਼ ਨੂੰ ਸਿੱਖਾਂ ਦੀ ਪਛਾਣ, ਮਰਿਆਦਾ, ਰਵਾਇਤਾਂ ਅਤੇ ਪ੍ਰੰਪਰਾਵਾਂ ਬਾਰੇ ਸਮਝ ਹੋਣ ਦੇ ਬਾਵਜੂਦ ਉਸ ਦਾ ਅਜਿਹਾ ਨਿਯਮ ਹੈਰਾਨੀਜਨਕ ਹੈ। ਸਿੱਖਾਂ ਲਈ ਕੇਸਾਂ ਦਾ ਵੱਡਾ ਮਹੱਤਵ ਹੈ। ਇਨ੍ਹਾਂ ਨੂੰ ਸਿੱਖ ਜਾਨ ਤੋਂ ਵੱਧ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕੂਟਨੀਤਕ ਪੱਧਰ ’ਤੇ ਅਮਰੀਕਾ ਸਰਕਾਰ ਕੋਲ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚਲੀਆਂ ਸਿੱਖ ਜਥੇਬੰਦੀਆਂ ਨੂੰ ਵੀ ਇਸ ਸਬੰਧੀ ਅੱਗੇ ਆਉਣਾ ਚਾਹੀਦਾ ਹੈ।

ਇਸ ਦੌਰਾਨ ਗਰੇਵਾਲ ਨੇ ਯੂਕੇ ’ਚ ਅਵਤਾਰ ਸਿੰਘ ਖੰਡਾ ਦੀਆਂ ਅੰਤਿਮ ਰਸਮਾਂ ਮੌਕੇ ਉਨ੍ਹਾਂ ਦੇ ਪਰਵਿਾਰਕ ਮੈਂਬਰਾਂ ਨੂੰ ਵੀਜ਼ਾ ਨਾ ਦੇਣ ਦੀ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਨੁੱਖੀ ਹੱਕਾਂ ਦੀ ਸਿੱਧੀ ਉਲੰਘਣਾ ਹੈ। ਯੂਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੱੁਖ ਦੇ ਸਮੇਂ ’ਤੇ ਪਰਵਿਾਰ ਦੀਆਂ ਭਾਵਨਾਵਾਂ ਨੂੰ ਸਮਝੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਸੀ।