ਕ੍ਰਿਕਟ: ਇੰਗਲੈਂਡ ਨੇ ਆਸਟਰੇਲੀਆ ਨੂੰ 49 ਦੌੜਾਂ ਨਾਲ ਹਰਾਇਆ

ਕ੍ਰਿਕਟ: ਇੰਗਲੈਂਡ ਨੇ ਆਸਟਰੇਲੀਆ ਨੂੰ 49 ਦੌੜਾਂ ਨਾਲ ਹਰਾਇਆ

ਐਸ਼ੇਜ਼ ਲੜੀ 2-2 ਨਾਲ ਡਰਾਅ; ਵੋਕਸ ਨੇ ਚਾਰ ਤੇ ਮੋਈਨ ਨੇ ਲਈਆਂ ਤਿੰਨ ਵਿਕਟਾਂ
ਲੰਡਨ- ਕ੍ਰਿਸ ਵੋਕਸ ਤੇ ਮੋਈਨ ਅਲੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਪੰਜਵੇਂ ਤੇ ਅੰਤਿਮ ਕ੍ਰਿਕਟ ਟੈਸਟ ਦੇ ਮੀਂਹ ਪ੍ਰਭਾਵਿਤ ਆਖ਼ਰੀ ਦਿਨ ਆਸਟਰੇਲੀਆ ਨੂੰ 49 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਐਸ਼ੇਜ਼ ਲੜੀ 2-2 ਨਾਲ ਡਰਾਅ ਕਰ ਦਿੱਤੀ। ਵੋਕਸ ਨੇ ਚਾਰ ਤੇ ਮੋਈਨ ਅਲੀ ਨੇ ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਨੇ ਹਾਲਾਂਕਿ ਐਸ਼ੇਜ਼ ਲੜੀ ਆਪਣੇ ਕੋਲ ਬਰਕਰਾਰ ਰੱਖੀ ਹੈ। ਇੰਗਲੈਂਡ ਦੇ 384 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀ ਟੀਮ 334 ਦੌੜਾਂ ’ਤੇ ਸਿਮਟ ਗਈ। ਉਸਮਾਨ ਖਵਾਜਾ (72) ਅਤੇ ਡੇਵਿਡ ਵਾਰਨਰ (60) ਨੇ ਪਹਿਲੀ ਵਿਕਟ ਲਈ 140 ਦੌੜਾਂ ਜੋੜ ਕੇ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਸੀ। ਸਵੇਰ ਦੇ ਸੈਸ਼ਨ ਵਿੱਚ ਵੋਕਸ ਨੇ ਇਨ੍ਹਾਂ ਦੋਵਾਂ ਨੂੰ ਆਊਟ ਕਰ ਕੇ ਇੰਗਲੈਂਡ ਨੂੰ ਵਾਪਸੀ ਦਿਵਾਈ। ਮੋਈਨ ਨੇ ਉਸ ਦਾ ਚੰਗਾ ਸਾਥ ਦਿੱਤਾ, ਜਦਕਿ ਸਟੂਅਰਟ ਬਰੌਡ (62 ਦੌੜਾਂ ਦੇ ਕੇ) ਨੇ ਆਖ਼ਰੀ ਦੋ ਵਿਕਟਾਂ ਲੈ ਕੇ ਇੰਗਲੈਂਡ ਦੀ ਜਿੱਤ ਪੱਕੀ ਕੀਤੀ। ਵੋਕਸ ਨੇ ਸਵੇਰ ਦੇ ਸੈਸ਼ਨ ਵਿੱਚ ਆਸਟਰੇਲੀਆ ਦਾ ਸਕੋਰ ਤਿੰਨ ਵਿਕਟਾਂ ’ਤੇ 169 ਸਕੋਰ ਕੀਤਾ। ਇਸ ਮਗਰੋਂ ਸਟੀਵ ਸਮਿਥ (54) ਨੇ ਮੈਚ ਦਾ ਆਪਣਾ ਦੂਜਾ ਅਰਧ ਸੈਂਕੜਾ ਜੜਿਆ। ਇਸ ਤੋਂ ਇਲਾਵਾ ਟਰੈਵਿਸ ਹੈੱਡ (43) ਨਾਲ ਚੌਥੀ ਵਿਕਟ ਲਈ 95 ਦੌੜਾਂ ਜੋੜ ਕੇ ਆਸਟਰੇਲੀਆ ਨੂੰ ਮੈਚ ਵਿੱਚ ਵਾਪਸੀ ਕਰਵਾਈ। ਆਖ਼ਰੀ ਸੈਸ਼ਨ ਵਿੱਚ ਖੇਡ ਸ਼ੁਰੂ ਹੋਣ ’ਤੇ ਮੋਈਨ ਨੇ ਹੈੱਡ ਨੂੰ ਆਊਟ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ। ਅਗਲੇ ਓਵਰ ਵਿੱਚ ਵੋਕਸ ਨੂੰ ਬਾਹਰ ਦਾ ਰਸਤਾ ਦਿਖਾਇਆ। ਮੋਈਨ ਨੇ ਅਗਲੇ ਓਵਰ ਵਿੱਚ ਮਿਸ਼ੇਲ ਮਾਰਸ਼ (ਛੇ) ਨੂੰ, ਜਦਕਿ ਵੋਕਸ ਨੇ ਮਿਸ਼ੇਲ ਸਟਾਰਕ (ਨੌਂ) ਦੀ ਪਾਰੀ ਦਾ ਅੰਤ ਕੀਤਾ। ਕਪਤਾਨ ਪੈਟ ਕਮਿਨਸ (ਨੌਂ) ਮੋਈਨ ਦਾ ਤੀਜਾ ਸ਼ਿਕਾਰ ਬਣਿਆ। ਅਲੈਕਸ ਕੈਰੀ (28) ਅਤੇ ਟੌਡ ਮਰਫੀ (18) ਨੇ ਆਸਟਰੇਲੀਆ ਦੀ ਉਮੀਦ ਜਗਾਈ। ਆਪਣਾ ਆਖ਼ਰੀ ਟੈਸਟ ਖੇਡ ਰਹੇ ਸਟੂਅਰਟ ਬਰੌਡ ਨੇ ਇਨ੍ਹਾਂ ਦੋਵਾਂ ਨੂੰ ਆਊਟ ਕਰ ਕੇ ਇੰਗਲੈਂਡ ਦੀ ਜਿੱਤ ਪੱਕੀ ਕੀਤੀ।