ਹਾਕੀ: ਭਾਰਤੀ ਮਹਿਲਾ ਟੀਮ ਨੇ ਸਪੇਨ ਨੂੰ 3-0 ਨਾਲ ਹਰਾਇਆ

ਹਾਕੀ: ਭਾਰਤੀ ਮਹਿਲਾ ਟੀਮ ਨੇ ਸਪੇਨ ਨੂੰ 3-0 ਨਾਲ ਹਰਾਇਆ

ਬਾਰਸੀਲੋਨਾ – ਭਾਰਤੀ ਮਹਿਲਾ ਹਾਕੀ ਟੀਮ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਸਪੈਨਿਸ਼ ਹਾਕੀ ਫੈਡਰੇਸ਼ਨ ਦੀ 100ਵੀਂ ਵਰ੍ਹੇਗੰਢ ਮੌਕੇ ਹੋ ਰਹੇ ਕੌਮਾਂਤਰੀ ਟੂਰਨਾਮੈਂਟ ਵਿੱਚ ਮੇਜ਼ਬਾਨ ਸਪੇਨ ’ਤੇ 3-0 ਨਾਲ ਆਸਾਨ ਜਿੱਤ ਦਰਜ ਕੀਤੀ।

ਭਾਰਤੀ ਟੀਮ ਨੂੰ ਅਜੇ ਤੱਕ ਟੂਰਨਾਮੈਂਟ ’ਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਭਾਰਤ ਵਾਸਤੇ ਅੱਜ ਵੰਦਨਾ ਕਟਾਰੀਆ ਨੇ 22ਵੇਂ ਮਿੰਟ, ਮੋਨਿਕਾ ਨੇ 48ਵੇਂ ਮਿੰਟ ਅਤੇ ਉਦਿਤਾ ਨੇ 58ਵੇਂ ਮਿੰਟ ਵਿੱਚ ਗੋਲ ਕੀਤੇ। ਸ਼ਨਿਚਰਵਾਰ ਨੂੰ ਇੰਗਲੈਂਡ ’ਤੇ ਸਫਲਤਾ ਮਗਰੋਂ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੇ ਪਹਿਲੇ ਕੁਆਰਟਰ ਤੋਂ ਹੀ ਮਜ਼ਬੂਤ ਸ਼ੁਰੂਆਤ ਕੀਤੀ। ਖਿਡਾਰੀਆਂ ਨੇ ਚੌਕਸੀ ਵਰਤਦੇ ਹੋਏ ਛੋਟੇ ਅਤੇ ਸਟੀਕ ਪਾਸ ਨਾਲ ਅਨੁਸ਼ਾਸਿਤ ਪ੍ਰਦਰਸ਼ਨ ਜਾਰੀ ਰੱਖਿਆ, ਜਿਸ ਨਾਲ ਉਨ੍ਹਾਂ ਨੇ ਸਰਕਲ ਵਿੱਚ ਮੌਕੇ ਬਣਾਏ ਪਰ ਭਾਰਤੀ ਟੀਮ ਪਹਿਲੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਕਰ ਸਕੀ। ਸਪੇਨ ਨੇ ਵੀ ਪਹਿਲੇ ਕੁਆਰਟਰ ਦੇ ਆਖਰੀ ਪੰਜ ਮਿੰਟ ’ਚ ਕੁਝ ਚੰਗੀਆਂ ਕੋਸ਼ਿਸ਼ਾਂ ਕੀਤੀਆਂ ਪਰ ਭਾਰਤੀ ਕਪਤਾਨ ਅਤੇ ਗੋਲਕੀਪਰ ਸਵਿਤਾ ਨੇ ਬਿਹਤਰੀਨ ਬਚਾਅ ਕਰ ਕੇ ਵਿਰੋਧੀਆਂ ਨੂੰ ਦੂਰ ਹੀ ਰੱਖਿਆ।

ਦੂਜੇ ਕੁਆਰਟਰ ਵਿੱਚ ਭਾਰਤ ਨੇ ਦਬਾਅ ਬਣਾਇਆ ਜਿਸ ਨਾਲ ਉਸ ਦੀ ਬੜ੍ਹਤ ਹਾਸਲ ਕਰਨ ਦੀ ਇੱਛਾ ਸਪੱਸ਼ਟ ਤੌਰ ’ਤੇ ਦਿਖੀ। ਸੁਸ਼ੀਲਾ ਨੇ 22ਵੇਂ ਮਿੰਟ ਵਿੱਚ ਗੋਲ ਕਰਨ ਦਾ ਚੰਗਾ ਮੌਕਾ ਬਣਾਇਆ ਅਤੇ ਨੇਹਾ ਗੋਇਲ ਨੂੰ ਸਰਕਲ ਦੇ ਉੱਪਰ ਪਾਸ ਦਿੱਤਾ ਪਰ ਉਸ ਦਾ ਸ਼ਾਟ ਸਪੈਨਿਸ਼ ਗੋਲਕੀਪਰ ਕਲਾਰਾ ਪੈਰੇਜ਼ ਪੈਡਸ ਤੋਂ ਵਾਪਸ ਆ ਗਿਆ।

ਇੰਗਲੈਂਡ ਖ਼ਿਲਾਫ਼ ਤਿੰਨ ਗੋਲ ਕਰ ਕੇ ਸਟਾਰ ਰਹੀ ਲਾਲਰੇਮਸਿਆਮੀ ਨੇ ਰੀਬਾਊਂਡ ਨੂੰ ਗੋਲਕੀਪਰ ਕੋਲ ਸਮੈਸ਼ ਕੀਤਾ ਅਤੇ ਉੱਥੇ ਮੌਜੂਦ ਵੰਦਨਾ ਨੇ ਇਸ ਨੂੰ ਛੂਹ ਕੇ ਗੋਲ ਲਾਈਨ ਦੇ ਅੰਦਰ ਪਹੁੰਚਾ ਦਿੱਤਾ। ਬੜ੍ਹਤ ਹਾਸਲ ਕਰਨ ਤੋਂ ਬਾਅਦ ਭਾਰਤੀ ਖਿਡਾਰਨਾਂ ਨੇ ਸਰਕਲ ਦੇ ਅੰਦਰ ਕਈ ਵਾਰ ਹਮਲੇ ਕੀਤੇ। ਸਪੇਨ ’ਤੇ ਦਬਾਅ ਵਧਦਾ ਜਾ ਰਿਹਾ ਸੀ ਅਤੇ ਭਾਰਤ ਨੇ ਮੋਨਿਕਾ ਦੇ ਪੈਨਲਟੀ ਕਾਰਨਰ ’ਤੇ 48ਵੇਂ ਮਿੰਟ ਵਿੱਚ ਕੀਤੇ ਗਏ ਗੋਲ ਨਾਲ ਬੜ੍ਹਤ ਦੁੱਗਣੀ ਕਰ ਦਿੱਤੀ। ਭਾਰਤ ਨੇ ਫਿਰ ਦੀਪ ਗਰੇਸ ਏੱਕਾ, ਨਿੱਕੀ ਪ੍ਰਧਾਨ ਅਤੇ ਸੁਸ਼ੀਲਾ ਚਾਨੂ ਦੀ ਬਦੌਲਤ ਡਿਫੈਂਸ ਵੀ ਮਜ਼ਬੂਤ ਕੀਤਾ ਜਿਸ ਨਾਲ ਸਪੇਨ ਦੇ ਹਮਲਿਆਂ ’ਤੇ ਰੋਕ ਲੱਗੀ ਰਹੀ। ਹੂਟਰ ਵੱਜਣ ਤੋਂ ਦੋ ਮਿੰਟ ਪਹਿਲਾਂ ਉਦਿਤਾ ਨੇ ਬਿਹਤਰੀਨ ਡ੍ਰਬਿਲਿੰਗ ਦਾ ਨਜ਼ਾਰਾ ਪੇਸ਼ ਕਰਦੇ ਹੋਏ ਤੀਜਾ ਗੋਲ ਕੀਤਾ। –