ਅਧਿਆਪਕਾਂ ਨੇ ਪੱਕੇ ਆਰਡਰਾਂ ਦੀਆਂ ਕਾਪੀਆਂ ਫ਼ੂਕੀਆਂ

ਅਧਿਆਪਕਾਂ ਨੇ ਪੱਕੇ ਆਰਡਰਾਂ ਦੀਆਂ ਕਾਪੀਆਂ ਫ਼ੂਕੀਆਂ

ਸੰਗਰੂਰ- ਇੱਥੇ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਨੇੜਲੇ ਪਿੰਡ ਖੁਰਾਣਾ ਵਿੱਚ ਚੱਲ ਰਹੇ ਟੈਂਕੀ ਸੰਘਰਸ਼ ਦੇ 48ਵੇਂ ਦਿਨ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਵੱਲੋਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ-7 ’ਤੇ ਪੰਜਾਬ ਸਰਕਾਰ ਦੇ ਪੱਕੇ ਆਰਡਰਾਂ ਦੀਆਂ ਕਾਪੀਆਂ ਫ਼ੂਕੀਆਂ ਗਈਆਂ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਉਧਰ, ਮਾਨਸਾ ਦਾ ਇੰਦਰਜੀਤ ਸਿੰਘ ਪਿਛਲੇ 48 ਦਿਨਾਂ ਤੋਂ ਟੈਂਕੀ ਉਪਰ ਹੀ ਡਟਿਆ ਹੋਇਆ ਹੈ।

ਅੱਜ ਟੈਂਕੀ ਹੇਠਾਂ ਚੱਲ ਰਹੇ ਰੋਸ ਧਰਨੇ ਤੋਂ ਰੋਸ ਮਾਰਚ ਕਰਦੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਨੈਸ਼ਨਲ ਹਾਈਵੇਅ-7 ’ਤੇ ਪੁੱਜੇ ਜਿਥੇ ਸਰਕਾਰ ਦੇ ਪੱਕੇ ਆਰਡਰਾਂ ਦੀਆਂ ਕਾਪੀਆਂ ਫ਼ੂਕੀਆਂ ਗਈਆਂ। ਇਸ ਮੌਕੇ ਸਿੱਖਿਆ ਪ੍ਰੋਵਾਈਡਰ ਅਧਿਆਪਕ (ਕੱਚੇ ਅਧਿਆਪਕ ਯੂਨੀਅਨ) ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਪੱਡਾ ਅਤੇ ਗੁਰਲਾਲ ਸਿੰਘ ਪ੍ਰਧਾਨ ਆਈਈਵੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਰੀ ਕੀਤੇ ਆਰਡਰ ਸਿਰਫ਼ ਤਨਖਾਹ ਵਿਚ ਵਾਧੇ ਦਾ ਹੀ ਪੱਤਰ ਹੈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਦਿੱਲੀ ਪੈਟਰਨ ’ਤੇ 36 ਹਜ਼ਾਰ ਰੁਪਏ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਵਾਅਦਾਖ਼ਿਲਾਫ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਵੱਡੇ ਪੱਧਰ ’ਤੇ ਤਿੱਖੇ ਐਕਸ਼ਨ ਉਲੀਕੇ ਜਾਣਗੇ। ਇਸ ਮੌਕੇ ਜਗਸੀਰ ਸਿੰਘ ਸੰਧੂ ਮੀਤ ਪ੍ਰਧਾਨ, ਗੁਰਿੰਦਰ ਸਿੰਘ ਸੋਹੀ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਦਾਖਾ, ਰਸ਼ਪਾਲ ਸਿੰਘ, ਨਿਰਮਲ ਕਲੌਦੀ, ਨਿਰਮਲ ਸਿੰਘ ਬਠਿੰਡਾ ਹਾਜ਼ਰ ਸਨ।