ਹਰ ਗੰਭੀਰ ਮੁੱਦੇ ‘ਤੇ ਚਰਚਾ ਜ਼ਰੂਰੀ, ਪਰ ਵਿਧਾਨ ਸਭਾਵਾਂ ਤੇ ਸੰਸਦ ‘ਚ ਵਿਘਨ ਨਹੀਂ ਪੈਣਾ ਚਾਹੀਦਾ-ਓਮ ਬਿਰਲਾ

ਹਰ ਗੰਭੀਰ ਮੁੱਦੇ ‘ਤੇ ਚਰਚਾ ਜ਼ਰੂਰੀ, ਪਰ ਵਿਧਾਨ ਸਭਾਵਾਂ ਤੇ ਸੰਸਦ ‘ਚ ਵਿਘਨ ਨਹੀਂ ਪੈਣਾ ਚਾਹੀਦਾ-ਓਮ ਬਿਰਲਾ

ਗੁਹਾਟੀ -ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਹਰ ਗੰਭੀਰ ਮੁੱਦੇ ‘ਤੇ ਚਰਚਾ ਹੋਣੀ ਚਾਹੀਦੀ ਹੈ, ਪਰ ਵਿਧਾਨ ਸਭਾਵਾਂ ਤੇ ਸੰਸਦ ਦੀ ਕਾਰਵਾਈ ‘ਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਇਨ੍ਹਾਂ ‘ਲੋਕਤੰਤਰ ਦੇ ਮੰਦਰਾਂ’ ਤੋਂ ਬਹੁਤ ਉਮੀਦਾਂ ਹਨ | ਓਮ ਬਿਰਲਾ ਦੀ ਇਹ ਟਿੱਪਣੀ ਮਨੀਪੁਰ ਹਿੰਸਾ ਨੂੰ ਲੈ ਕੇ ਸੰਸਦ ‘ਚ ਚੱਲ ਰਹੇ ਅੜਿੱਕੇ ਦੇ ਪਿਛੋਕੜ ‘ਚ ਆਈ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਮੁੱਦਿਆਂ ‘ਤੇ ਸਹਿਮਤੀ ਤੇ ਅਸਹਿਮਤੀ ਭਾਰਤ ਦੇ ਲੋਕਤੰਤਰ ਦੀ ਵਿਸ਼ੇਸ਼ਤਾ ਹੈ | ਲੋਕ ਸਭਾ ਸਪੀਕਰ ਇੱਥੇ ਆਸਾਮ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਉੱਤਰ-ਪੂਰਬੀ ਰਾਜਾਂ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੇ ਹੋਰ ਪਤਵੰਤਿਆਂ ਨੂੰ ਸੰਬੋਧਨ ਕਰ ਰਹੇ ਸਨ | ਓਮ ਬਿਰਲਾ ਨੇ ਕਿਹਾ ਕਿ ਲੋਕਤੰਤਰ ਦੇ ਮੰਦਰ ‘ਚ ਹਰ ਗੰਭੀਰ ਮੁੱਦੇ ‘ਤੇ ਬਹਿਸ, ਵਿਚਾਰ-ਵਟਾਂਦਰਾ, ਸੰਵਾਦ ਤੇ ਗੱਲਬਾਤ ਹੋਣੀ ਚਾਹੀਦੀ ਹੈ, ਪਰ ਰਾਜ ਵਿਧਾਨ ਸਭਾਵਾਂ ਤੇ ਲੋਕ ਸਭਾ ‘ਚ ਕੋਈ ਵਿਘਣ ਜਾਂ ਰੁਕਾਵਟ ਨਹੀਂ ਹੋਣੀ ਚਾਹੀਦੀ | ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਵਿਧਾਨ ਸਭਾਵਾਂ ਤੇ ਲੋਕ ਸਭਾ ਤੋਂ ਬਹੁਤ ਉਮੀਦਾਂ ਹਨ | ਲੋਕ ਤੁਹਾਨੂੰ ਬਹੁਤ ਸਾਰੀਆਂ ਉਮੀਦਾਂ ਨਾਲ ਇੱਥੇ ਭੇਜਦੇ ਹਨ | ਬਿਰਲਾ ਨੇ ਕਿਹਾ ਕਿ ਸਦਨ ‘ਚ ਬਿੱਲਾਂ ਸਮੇਤ ਹਰ ਮੁੱਦੇ ‘ਤੇ ਡੂੰਘੀ ਬਹਿਸ ਤੇ ਚਰਚਾ ਲੋਕਾਂ ਦੇ ਹਿੱਤ ‘ਚ ਬਿਹਤਰ ਨਤੀਜਾ ਲਿਆ ਸਕਦੀ ਹੈ |