ਭਾਰਤ-ਪਾਕਿ ਦਰਮਿਆਨ ਵਪਾਰ ਸ਼ੁਰੂ ਹੋਣ ਦੀ ਆਸ

ਭਾਰਤ-ਪਾਕਿ ਦਰਮਿਆਨ ਵਪਾਰ ਸ਼ੁਰੂ ਹੋਣ ਦੀ ਆਸ

ਸਰਹੱਦ ‘ਤੇ ਹੋ ਰਹੇ ਹਨ ਕਰੋੜਾਂ ਦੇ ਵਿਕਾਸ ਕਾਰਜ
ਅਟਾਰੀ–ਪਾਕਿਸਤਾਨ ਨਾਲ ਦੁਵੱਲਾ ਵਪਾਰ ਕਰਨ ਦੀ ਤਵੱਜੋ ਨਾਲ 2012 ਵਿਚ ਬਣਾਈ ਭਾਰਤ ਦੀ ਉਸ ਸਮੇਂ ਦੀ ਇਕਲੌਤੀ ਇੰਟੀਗਰੇਟਿਡ ਚੈੱਕ ਪੋਸਟ ਆਈ.ਸੀ.ਪੀ. ਅਟਾਰੀ ਸਰਹੱਦ ਰਾਹੀਂ ਖੁੱਲ੍ਹਾ ਵਪਾਰ ਕਰਨ ਦੀ ਆਸ ਨਾਲ ਭਾਰਤ ਸਰਕਾਰ ਵਲੋਂ ਲੈਂਡ ਪੋਰਟ ਅਥਾਰਟੀ ਭਾਰਤ ਰਾਹੀਂ ਅਟਾਰੀ ਸਰਹੱਦ ‘ਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਲੈਂਡ ਪੋਰਟ ਅਥਾਰਟੀ (ਐਲ.ਪੀ.ਆਈ.) ਭਾਰਤ ਅਟਾਰੀ ਸਰਹੱਦ ਦੇ ਮੈਨੇਜਰ ਸ੍ਰੀ ਸਤੀਸ਼ ਧਿਆਨੀ ਨੇ ਦੱਸਿਆ ਕਿ ਬੇਸ਼ੱਕ ਪਾਕਿਸਤਾਨ ਨਾਲ ਭਾਰਤ ਦਾ ਵਪਾਰ ਮੁਕੰਮਲ ਤੌਰ ‘ਤੇ ਬੰਦ ਹੈ ਪਰ ਦੋਵੇਂ ਦੇਸ਼ਾਂ ਦੀ ਖੁਸ਼ਹਾਲੀ ਲਈ ਅਟਾਰੀ ਵਾਹਗਾ ਸਰਹੱਦ ਰਸਤੇ ਵਪਾਰ ਹੋਣਾ ਜ਼ਰੂਰੀ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਆਈ.ਸੀ.ਪੀ. ਅਟਾਰੀ ਸਰਹੱਦ ਦੇ ਸੁੰਦਰੀਕਰਨ, ਰੱਖ-ਰਖਾਅ, ਸਾਫ਼ ਸਫਾਈ, ਬਿਜਲੀ ਪਾਣੀ, ਇਮਾਰਤਾਂ ਸਮੇਤ ਹੋਣ ਵਾਲੇ ਹੋਰ ਖਰਚਿਆਂ ਦੀ ਪੂਰਤੀ ਅਫ਼ਗਾਨਿਸਤਾਨ ਨਾਲ ਚੱਲ ਰਹੇ ਵਪਾਰ ਤੋਂ ਐੱਲ .ਪੀ. ਆਈ. ਨੂੰ ਆਉਣ ਵਾਲੀ ਆਮਦਨ ਤੋਂ ਕੀਤੀ ਜਾ ਰਹੀ ਹੈ | ਸ੍ਰੀ ਧਿਆਨੀ ਨੇ ਕਿਹਾ ਕਿ ਐੱਲ. ਪੀ. ਆਈ. ਦੇ ਚੇਅਰਮੈਨ ਅਦਿੱਤਿਆ ਮਿਸ਼ਰਾ ਦੀ ਅਗਵਾਈ ਵਿਚ ਐੱਲ ਪੀ. ਆਈ. ਵਲੋਂ ਅਟਾਰੀ ਸਰਹੱਦ ‘ਤੇ ਇੰਟੀਗ੍ਰੇਟਿਡ ਚੈੱਕ ਪੋਸਟ ਵਿਖੇ ਬੀ.ਐੱਸ.ਐੱਫ. ਦੇ ਜਵਾਨ ਤੇ ਅਧਿਕਾਰੀਆਂ ਲਈ ਪਹਿਲੀ ਵਾਰੀ ਉਨ੍ਹਾਂ ਦੇ ਰਹਿਣ ਲਈ ਸੁੰਦਰ ਇਮਾਰਤਾਂ ਬਣਾ ਕੇ ਦਿੱਤੀਆਂ ਗਈਆਂ ਹਨ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਤਾਜ਼ਾ ਫਲਾਂ, ਡਰਾਈ ਫਰੂਟਾਂ ਆਦਿ ਦੀ ਸਾਂਭ ਸੰਭਾਲ ਲਈ ਹੁਣ ਆਈ.ਸੀ.ਪੀ. ਵਿਖੇ ਹੀ ਕੋਲਡ ਸਟੋਰ ਤਿਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਐਲ.ਪੀ.ਆਈ. ਵਲੋਂ ਭਾਰਤ-ਪਾਕਿਸਤਾਨ ਦਰਮਿਆਨ ਆਉਣ-ਜਾਣ ਵਾਲੇ ਯਾਤਰੂਆਂ ਲਈ ਦੋ ਨਵੀਆਂ ਏ. ਸੀ. ਬੱਸਾਂ ਵੀ ਲਗਾਉਣ ਦੇ ਨਾਲ-ਨਾਲ ਅਟਾਰੀ ਸਰਹੱਦ ਨੂੰ ਯਾਤਰੀਆਂ ਲਈ ਵਾਤਾਨਕੂਲ ਟਰਮੀਨਸ ਵੀ ਕਰ ਦਿੱਤਾ | ਉਨ੍ਹਾਂ ਇਹ ਵੀ ਦੱਸਿਆ ਕਿ ਐੱਲ. ਪੀ. ਆਈ. ਵਲੋਂ ਆਈ.ਸੀ.ਪੀ. ਅਟਾਰੀ ਸਰਹੱਦ ਵਿਖੇ ਡਿਊਟੀ ਨਿਭਾਉਂਦੇ ਕਸਟਮ, ਇਮੀਗਰੇਸ਼ਨ, ਬੀ.ਐੱਸ.ਐੱਫ, ਹੈਲਥ, ਪੰਜਾਬ ਪੁਲਿਸ ਸਮੇਤ ਹੋਰ ਵਿਭਾਗਾਂ ਨਾਲ ਪੂਰਾ ਤਾਲਮੇਲ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ | ਸ੍ਰੀ ਧਿਆਨੀ ਨੇ ਕਿਹਾ ਕਿ ਆਈ.ਸੀ.ਪੀ. ਅਟਾਰੀ ਵਿਖੇ ਸਰਹੱਦੀ ਪਿੰਡਾਂ ਦੇ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ | ਹੁਣ ਤੱਕ ਇਕ ਸਾਲ ਵਿਚ ਐੱਲ. ਪੀ. ਆਈ. ਵਲੋਂ ਅਟਾਰੀ ਸਰਹੱਦ ਵਿਖੇ ਆਈ.ਸੀ.ਪੀ. ਵਿਚ 30 ਕਰੋੜ ਰੁਪਏ ਦੀ ਲਾਗਤ ਨਾਲ ਇਹ ਕਾਰਜ ਕਰਵਾਏ ਜਾ ਰਹੇ ਹਨ | ਦੱਸਿਆ ਕਿ ਅਟਾਰੀ ਸਰਹੱਦ ਰਾਹੀਂ ਭਾਰਤ-ਪਾਕਿਸਤਾਨ ਦਰਮਿਆਨ ਆਉਣ-ਜਾਣ ਵਾਲੇ ਸੈਲਾਨੀਆਂ ਲਈ ਆਉਣ ਵਾਲੇ ਕੁਝ ਦਿਨਾਂ ਵਿਚ ਆਈ.ਸੀ.ਪੀ. ਵਿਖੇ ਵਿਸ਼ੇਸ਼ ਕੰਟੀਨ ਸਥਾਪਤ ਕੀਤੀ ਜਾਵੇਗੀ | ਇਹ ਵੀ ਕਿਹਾ ਕਿ ਅਗਰ ਭਾਰਤ ਪਾਕਿਸਤਾਨ ਦਰਮਿਆਨ ਖੁੱਲ੍ਹਾ ਵਪਾਰ ਚੱਲਣ ਨਾਲ ਹੀ ਖੁਸ਼ਹਾਲੀ ਦੇ ਰਸਤੇ ਖੁੱਲ੍ਹਣਗੇ |