ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ਼ ਅਲਬਰਟਾ ਐਡਮਿੰਟਨ

ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ਼ ਅਲਬਰਟਾ ਐਡਮਿੰਟਨ

ਬਲਵਿੰਦਰ ਸਿੰਘ ਬਾਲਮ
ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ਼ ਅਲਬਰਟਾ, ਐਡਮਿੰਟਨ, ਕੈਨੇਡਾ ਲਗਭਗ 1980 ਨੂੰ ਹੋਂਦ ਵਿਚ ਆਇਆ। ਐਡਮਿੰਟਨ ਵਿਚ ਇਹ ਸਭ ਤੋਂ ਪਹਿਲਾ ਬਣਿਆ ਗੁਰਦੁਆਰਾ ਹੈ, ਇਹ ਨਾਰਥ ਵੈਸਟ, ਸੇਂਟ ਅਲਬਰਟ ਟਰੇਲ ਵਿਖੇ ਸਥਿਤ ਹੈ। ਵਿਦੇਸ਼ਾਂ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ, ਉਪਦੇਸ਼ਾਂ, ਬਾਣੀ, ਭੌਤਿਕਵਾਦੀ ਸਮਾਜ ਸੰਪਰਕਾਂ ਨੂੰ ਮਜ਼ਬੂਤ ਕਰਨਾ, ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਸ਼ਾਨਦਾਰ ਢੰਗ ਨਾਲ ਮਲਮਲੀ ਕੋਮਲਤਾ, ਭਾਵੁਕਤਾ, ਮਨੁੱਖ ਵਿਚ ਸੰਵੇਦਨ ਦੀ ਤਰਲਤਾ ਅਤੇ ਸੰਵੇਦਨਸ਼ੀਲਤਾ ਦੀ ਰਾਗਾਤਮਿਕਤਾ ਦੀ ਖ਼ੁਸ਼ਬੂ ਬਿਖੇਰਦੇ ਹੋਏ ਸਿੱਖ ਭਾਈਚਾਰਾ ਸਮਾਜ ਜੀਵਨ ਦੀ ਕਾਂਤੀ ਅਤੇ ਪ੍ਰਸੰਨਤਾ ਵੰਡ ਰਹੇ ਹਨ। ਵਿਦੇਸ਼ਾਂ ਵਿਚ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਕੇ ਖ਼ੂਬਸੂਰਤ ਮਾਨਵਤਾਵਾਦੀ ਕੀਰਤੀਮਾਨ ਸਥਾਪਿਤ ਕੀਤੇ ਹੋਏ ਹਨ। ਜੇਕਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਸਲੀ ਰੂਪ ਵੇਖਣਾ ਹੋਵੇ ਤਾਂ ਗੁਰਦੁਆਰਾ ਸਾਹਿਬ ਚਲੇ ਜਾਓ। ਇਸ ਦੀ ਪ੍ਰਾਚੀਨਤਾ ਅਤੇ ਨਵੀਨਤਾ ਦੀ ਝਲਕ ਮਹਿਸੂਸ ਕਰ ਲਵੋਗੇ, ਆਪਣੇ ਆਪ ਨੂੰ ਮੋਹ ਦੇ ਨਿੱਘ ਵਿਚ ਪਿਰੋ ਕੇ, ਇਨਸਾਨੀ ਕਦਰਾਂ-ਕੀਮਤਾਂ ਵਿਚ ਰਹਿ ਕੇ ਅਧਿਆਤਮਿਕਤਾ ਦੇ ਪਰਾਏਵਾਚੀ ਹੋ ਜਾਉਗੇ, ਇੱਥੇ ਅਧਿਆਤਮਿਕ ਸਕੂਨ, ਗੁਰਬਾਣੀ ਦੀ ਮਰਿਆਦਾ ਦੇ ਸਾਕਾਰਤਮਿਕ ਚਿੰਨ੍ਹ ਧੁਰ ਅੰਦਰ ਤੱਕ ਆਤਮਤੁਸ਼ਟੀ ਦਾ ਸਬੂਤ ਦਿੰਦੇ ਹਨ। ਸਰਬ ਸਾਂਝੀਵਾਲਤਾ ਅਤੇ ਇਨਸਾਨੀ ਕਦਰਾਂ-ਕੀਮਤਾਂ ਦੀ ਰੰਗਤ ਆਪ ਮੁਹਾਰੇ ਹੀ ਹਿਰਦੇ ਵਿਚ ਸਮੋ ਜਾਂਦੀ ਹੈ। ਨਿਮਰਤਾ ਅਤੇ ਸੇਵਾ ਪੰਚ ਦੀ ਪਰਿਭਾਸ਼ਾ ਵੇਖਣ ਨੂੰ ਮਿਲ ਜਾਂਦੀ ਹੈ, ਜਿੱਥੇ ਸਮਤਾ, ਭਗਤੀ, ਸ਼ਕਤੀ ਸੰਜਮ, ਸਾਂਝੀਵਾਲਤਾ, ਅਨੁਸ਼ਾਸਨ, ਕਰਮਠ ਨਿਸ਼ਠਾ, ਇਕਜੁੱਟਤਾ, ਦਯਾ, ਸੰਤੋਖ, ਸਬਰ, ਕੁਰਬਾਨੀ, ਨਿਰ-ਸਵਾਰਥ ਸੇਵਾ, ਵੰਡ ਛਕਣਾ, ਦਸਵੰਧ, ਨਿੱਤਨੇਮ, ਕਿਰਤ, ਸਰਬੱਤ ਦਾ ਭਲਾ, ਬੇਆਸਰਿਆਂ ਨੂੰ ਆਸਰਾ, ਦਸਤਾਰ, ਪੰਜ ਕਕਾਰ, ਅੰਮ੍ਰਿਤ ਬਾਟੇ ਦਾ ਸੰਦੇਸ਼, ਕੇਸਰੀ ਨਿਸ਼ਾਨ ਦੀ ਮਹਤੱਤਾ, ਨਿਛਾਵਰ ਭਾਵਨਾ, ਹੁਕਮ ਰਜਾਈ ਚੱਲਣਾ, ਲੰਗਰ ਪ੍ਰਥਾ ਆਦਿ ਸਿੱਖੀ ਚਿੰਨ੍ਹ ਵੇਖਣ ਨੂੰ ਮਿਲਦੇ ਹਨ।
ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ਼ ਅਲਬਰਟਾ, ਐਡਮਿੰਟਨ, ਕੈਨੇਡਾ, ਪ੍ਰਾਚੀਨਤਾ ਤੋਂ ਵਰਤਮਾਨ ਸਾਕਾਰਾਤਮਿਕ ਸ਼ਿਲਪਕਾਰੀ ਦੀ ਨਵੀਨਤਾ ਨੂੰ ਅਪਣਾ ਰਿਹਾ ਹੈ। ਇਸ ਸਥਾਨ ਦੇ ਸੇਵਕ (ਅਨੁਯਾਈ) ਸ. ਅਵਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਪਵਿੱਤਰ ਅਸਥਾਨ ਲਗਭਗ ਦੋ ਏਕੜ ਵਿਚ ਸੁਸ਼ੋਭਿਤ ਹੈ। ਲੰਗਰ ਹਾਲ ਲਗਭਗ 7200 ਸਕੇਅਰ ਫੁੱਟ ਹੋਵੇਗਾ, ਜਿਸ ਨੂੰ ਵਰਤਮਾਨ ਹਾਲਾਤ ਵਿਚ ਆਧੁਨਿਕ ਢੰਗ ਅਵਸਥਾ ਵਿਚ ਬਦਲਿਆ ਗਿਆ ਹੈ ਅਤੇ ਪੁਰਾਣੀ ਇਮਾਰਤ ਦੇ ਕੁਝ ਹਿੱਸੇ ਨੂੰ ਦੁਬਾਰਾ ਸੁੰਦਰੀਕਰਨ ਵਿਚ ਪਿਰੋ ਕੇ ਪੁਨਰ ਸੰਗਠਨ ਕੀਤਾ ਗਿਆ ਹੈ। ਪ੍ਰਾਚੀਨ ਇਮਾਰਤ ਦਾ ਘੇਰਾ ਘੱਟ ਹੋਣ ਕਰਕੇ ਇਸ ਨੂੰ ਹੋਰ ਵਧਾ ਕੇ ਆਧੁਨਿਕ ਸੁਵਿਧਾ ਪੂਰਵਕ ਸ਼ੈਲੀ ਵਿਚ ਤਿਆਰ ਕੀਤਾ ਗਿਆ ਹੈ। ਬਾਹਰੀ ਦਿੱਖ ਨੂੰ ਹੋਰ ਸੁੰਦਰੀਕਰਨ ਅਤੇ ਮਰਮ ਸਪਰਸ਼ੀ ਬਣਾਉਣ ਲਈ ਵੱਡੇ ਆਕਾਰ ਦੇ ਕੰਧ ਨੁਮਾ ਸ਼ੀਸ਼ਿਆਂ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ ਸਿੱਖ ਮਰਿਆਦਾ ਅਨੁਸਾਰ ਹਰ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਸਕਦੇ ਹਨ। ਵਿਆਹ-ਸ਼ਾਦੀਆਂ ਲਈ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਕਿਸੇ ਵੀ ਰਸਮ ਰੀਤੀ ਰਿਵਾਜ ਜਾਂ ਸਮਾਗਮ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ, ਘਰਾਂ ਵਿਚ ਕੋਈ ਵੀ ਧਾਰਮਿਕ ਕਾਰਜ ਕਰਵਾਉਣਾ ਹੋਵੇ, ਉਸ ਦਾ ਪ੍ਰਬੰਧਕੀ ਖ਼ਰਚਾ ਨਹੀਂ ਲਿਆ ਜਾਂਦਾ, ਮਹਾਰਾਜ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੀ ਸਵਾਰੀ ਦੇ ਆਉਣ-ਜਾਣ ਲਈ ਵਰਤੀ ਜਾਣ ਵਾਲੀ ਪ੍ਰਬੰਧਕੀ ਕਾਰ ਦਾ ਵੀ ਕੋਈ ਖ਼ਰਚਾ ਨਹੀਂ ਲਿਆ ਜਾਂਦਾ। ਪਾਠੀ ਸਿੰਘਾਂ ਅਤੇ ਹੋਰ ਜ਼ਰੂਰੀ ਸਿੰਘਾਂ ਲਈ ਆਧੁਨਿਕ ਕਮਰੇ, ਸਹੂਲਤਾਂ ਅਤੇ ਸੁਵਿਧਾਜਨਕ ਕਮਰੇ ਹਨ। ਇੱਥੇ ਹੀ ਪੰਜਾਬੀ ਅਤੇ ਕੀਰਤਨ ਦੀ ਸਿੱਖਿਆ ਲਈ ਖ਼ਾਲਸਾ ਸਕੂਲ ਵੀ ਹੈ, ਜਿੱਥੇ ਬੱਚਿਆਂ ਨੂੰ ਜਾਂ ਹੋਰ ਵੀ ਉਮਰ ਦਾ ਵਿਅਕਤੀ ਸਿੱਖਿਆ ਲੈ ਸਕਦਾ ਹੈ। ਬੁੱਧਵਾਰ ਸੁਖਮਣੀ ਸਾਹਿਬ, ਸਨਿਚਰਵਾਰ ਵਾਹਿਗੁਰੂ ਦਾ ਜਾਪ ਅਤੇ ਐਤਵਾਰ ਕੀਰਤਨ, ਛੇ ਤੋਂ ਨੌ ਵਜੇ ਤੱਕ ਚਲਦਾ ਹੈ। ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਉਪਲ, ਭਾਈ ਜਗਰੂਪ ਸਿੰਘ ਸੈਕਟਰੀ, ਭਾਈ ਮੁਕੰਦ ਸਿੰਘ ਬੈਂਸ, ਸਹਾਇਕ ਸਕੱਤਰ ਭਾਈ ਦਵਿੰਦਰ ਸਿੰਘ ਬੈਂਸ, ਖ਼ਜ਼ਾਨਚੀ ਭਾਈ ਜੁਝਾਰ ਸਿੰਘ, ਭਾਈ ਬਲਵੰਤ ਸਿੰਘ ਅਤੇ ਮੈਂਬਰ ਭਾਈ ਬਖ਼ਤਾਰ ਸਿੰਘ, ਭਾਈ ਅਵਤਾਰ ਸਿੰਘ ਗਿੱਲ ਹਨ। ਭਵਿੱਖ ਵਿਚ ਇਸ ਪ੍ਰਬੰਧਕ ਕਮੇਟੀ ‘ਤੇ ਹੋਰ ਆਸਾਂ ਹਨ ਕਿ ਸਿੱਖੀ ਧਰਮ ਦੀਆਂ ਪਰੰਪਰਾਵਾਂ-ਸੱਭਿਆਚਾਰ, ਸਿੱਖਿਆਵਾਂ, ਉਪਦੇਸ਼ਾਂ ਨੂੰ, ਸਾਂਝੀਵਾਲਤਾ ਦੇ ਸੁਨੇਹੇ ਨੂੰ, ੴ ਦੇ ਸੰਦੇਸ਼ ਨੂੰ, ਗੁਰਬਾਣੀ ਦੇ ਸੰਦੇਸ਼ਾਂ ਨੂੰ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ।