ਬਹਬਿਲ ਗੋਲੀ ਕਾਂਡ: ਅਦਾਲਤ ਵੱਲੋਂ ਮੋਗਾ ਪੁਲੀਸ ਨੂੰ ਜਿਪਸੀ ਵਾਪਸ ਦੇਣ ਤੋਂ ਇਨਕਾਰ

ਬਹਬਿਲ ਗੋਲੀ ਕਾਂਡ: ਅਦਾਲਤ ਵੱਲੋਂ ਮੋਗਾ ਪੁਲੀਸ ਨੂੰ ਜਿਪਸੀ ਵਾਪਸ ਦੇਣ ਤੋਂ ਇਨਕਾਰ

ਫ਼ਰੀਦਕੋਟ- ਫ਼ਰੀਦਕੋਟ ਅਦਾਲਤ ਨੇ ਬਹਬਿਲ ਗੋਲੀ ਕਾਂਡ ’ਚ ਪੁਲੀਸ ਅਧਿਕਾਰੀਆਂ ਵੱਲੋਂ ਧਰਨਾ ਦੇ ਰਹੀ ਸਿੱਖ ਸੰਗਤ ਖ਼ਿਲਾਫ਼ ਝੂਠੀ ਗਵਾਹੀ ਲਈ ਕਥਿਤ ਖੁਦ ਗੋਲੀਆਂ ਮਾਰ ਕੇ ਤਿਆਰ ਕੀਤੀ ਸਰਕਾਰੀ ਜਿਪਸੀ ਮੋਗਾ ਪੁਲੀਸ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬਹਬਿਲ ਗੋਲੀ ਕਾਂਡ ’ਚ ਦੋ ਸਿੱਖ ਨੌਜਵਾਨਾਂ ਦੀ ਮੌਤ ਤੋਂ ਬਾਅਦ ਮੌਕੇ ’ਤੇ ਹਾਜ਼ਰ ਪੁਲੀਸ ਅਧਿਕਾਰੀਆਂ ਨੇ ਆਪਣੀ ਹੀ ਜਿਪਸੀ ’ਤੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਬਾਅਦ ’ਚ ਦਾਅਵਾ ਕੀਤਾ ਸੀ ਕਿ ਧਰਨਾਕਾਰੀਆਂ ਨੇ ਪੁਲੀਸ ’ਤੇ ਗੋਲੀਆਂ ਚਲਾਈਆਂ ਸਨ, ਜੋ ਜਿਪਸੀ ’ਤੇ ਲੱਗੀਆਂ। ਇਹ ਜਿਪਸੀ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਦੇ ਸੁਰੱਖਿਆ ਕਰਮਚਾਰੀਆਂ ਦੀ ਸੀ। ਮੋਗਾ ਪੁਲੀਸ ਨੇ ਪਟੀਸ਼ਨ ਦਾਇਰ ਕਰ ਕੇ ਚੱਲਦੇ ਮੁਕੱਦਮੇ ਤੱਕ ਜਿਪਸੀ ਦੀ ਸਪੁਰਦਦਾਰੀ ਦੇਣ ਦੀ ਮੰਗ ਕੀਤੀ ਸੀ ਪਰ ਵਿਸ਼ੇਸ਼ ਜਾਂਚ ਟੀਮ ਨੇ ਕਿਹਾ ਕਿ ਉੱਚ ਪੁਲੀਸ ਅਧਿਕਾਰੀਆਂ ਖਿਲਾਫ਼ ਸੰਗਤ ’ਤੇ ਝੂਠੇ ਕੇਸ ਬਣਾਉਣ ਦਾ ਇਹ ਸਭ ਤੋਂ ਅਹਿਮ ਸਬੂਤ ਹੈ। ਇਸ ਲਈ ਇਹ ਜਿਪਸੀ ਜਾਂਚ ਟੀਮ ਕੋਲ ਹੀ ਰਹਿਣੀ ਚਾਹੀਦੀ ਹੈ। ਅਦਾਲਤ ਨੇ ਜਿਪਸੀ ਦੀ ਸਪੁਰਦਦਾਰੀ ਦੇਣ ਤੋਂ ਇਨਕਾਰ ਕਰਦਿਆਂ ਮੋਗਾ ਪੁਲੀਸ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਬਹਬਿਲ ਗੋਲੀ ਕਾਂਡ ’ਚ ਅੱਜ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨਿੱਜੀ ਤੌਰ ’ਤੇ ਪੇਸ਼ ਨਹੀਂ ਹੋਏ। ਅਦਾਲਤ ਨੇ ਇਸ ਕੇਸ ਦੀ ਅਗਲੀ ਤਰੀਕ 19 ਅਗਸਤ ਤੈਅ ਕੀਤੀ ਹੈ ਅਤੇ ਇਲਾਕਾ ਮੈਜਿਸਟਰੇਟ ਤੋਂ ਕੋਟਕਪੂਰਾ ਅਤੇ ਬਹਬਿਲ ਗੋਲੀ ਕਾਂਡ ’ਚ ਪੇਸ਼ ਹੋਏ ਚਲਾਨਾਂ ਦੀ ਮੁਕੰਮਲ ਰਿਪੋਰਟ ਵੀ ਤਲਬ ਕੀਤੀ ਹੈ।