ਭਾਰਤ ਨੂੰ 2047 ਤੱਕ ਵਿਕਸਤ ਬਣਾਉਣ ਲਈ ਬੁਨਿਆਦੀ ਢਾਂਚੇ ਤੇ ਨਿਵੇਸ਼ ਦੀ ਲੋੜ: ਸੀਤਾਰਾਮਨ

ਭਾਰਤ ਨੂੰ 2047 ਤੱਕ ਵਿਕਸਤ ਬਣਾਉਣ ਲਈ ਬੁਨਿਆਦੀ ਢਾਂਚੇ ਤੇ ਨਿਵੇਸ਼ ਦੀ ਲੋੜ: ਸੀਤਾਰਾਮਨ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਸਰਕਾਰ ਚਾਰ ਪਹਿਲੂਆਂ ਉਤੇ ਧਿਆਨ ਦੇ ਰਹੀ ਹੈ। ਇਹ ਪਹਿਲੂ ਬੁਨਿਆਦੀ ਢਾਂਚਾ, ਨਿਵੇਸ਼, ਨਵੀਆਂ ਕਾਢਾਂ ਤੇ ਹਰ ਵਰਗ ਨੂੰ ਬਰਾਬਰ ਮੌਕੇ ਦੇਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੈਅ ਕੀਤੇ ਟੀਚੇ ਨੂੰ ਪੂਰਾ ਕਰਨ ਲਈ ਲੋੜੀਂਦੇ ਸਰੋਤ ਹਨ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਦੇ ਹਿੱਤ ਵਿਚ ਸਰਕਾਰ ਦੇ ਕਈ ਸੁਧਾਰਾਂ ਦੇ ਨਾਲ ਹੀ ਭਾਰਤ ਦੀ ਇਕ ਵੱਡੀ ਜਵਾਨ ਆਬਾਦੀ ਹੈ ਤੇ ਅਰਥਚਾਰੇ ਦੀ ਜ਼ਰੂਰਤ ਮੁਤਾਬਕ ਉਨ੍ਹਾਂ ਨੂੰ ਮਾਹਿਰ ਬਣਾਉਣ ਦਾ ਲਾਭ ਮਿਲੇਗਾ। ਵਿੱਤ ਮੰਤਰੀ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਦੇ ਟੀਚੇ ਦੇ ਨਾਲ ‘ਚਾਰ ਵੱਖ-ਵੱਖ ਪਹਿਲੂਆਂ ਉਤੇ ਜ਼ੋਰ ਦਿੱਤਾ ਗਿਆ ਹੈ। ਅਸੀਂ ਬੁਨਿਆਦੀ ਢਾਂਚੇ ਉਤੇ ਬਹੁਤ ਜ਼ੋਰ ਦੇ ਰਹੇ ਹਾਂ। ਪਿਛਲੇ ਤਿੰਨ ਤੋਂ ਪੰਜ ਸਾਲਾਂ ਵਿਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਸਰਕਾਰੀ ਖ਼ਰਚ ਵਿਚ ਕਾਫੀ ਵਾਧਾ ਹੋਇਆ ਹੈ ਤੇ 2023-24 ਵਿਚ ਇਹ ਅੰਕੜਾ 10 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।’ ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਨਾਲ ਹੀ ਨਿਵੇਸ਼ ਉਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਅਜਿਹੇ ਵਿਚ ਜਨਤਕ ਤੇ ਪ੍ਰਾਈਵੇਟ, ਦੋਵਾਂ ਖੇਤਰਾਂ ਵਿਚ ਹਿੱਸੇਦਾਰੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਡਿਜੀਟਲ ਬੁਨਿਆਦੀ ਢਾਂਚੇ ਜਿਹੇ ਖੇਤਰਾਂ ਨੂੰ ਮਹੱਤਵ ਦਿੱਤਾ ਗਿਆ ਹੈ। ਸੀਤਾਰਾਮਨ ਨੇ ਸੀਆਈਆਈ ਵੱਲੋਂ ਕਰਵਾਏ ਇਕ ਸਮਾਗਮ ਵਿਚ ਕਿਹਾ, ‘ਅਸੀਂ ਜਨਤਕ ਨਿਵੇਸ਼ ਤੇ ਪ੍ਰਾਈਵੇਟ ਨਿਵੇਸ਼, ਦੋਵਾਂ ਦੀ ਤਲਾਸ਼ ਕਰ ਰਹੇ ਹਾਂ। ਇਸ ਲਈ ਮਾਹੌਲ ਸਾਜ਼ਗਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੀਸਰੀ ਤਰਜੀਹ ਨਵੀਆਂ ਕਾਢਾਂ ਦੀ ਹੈ। ਸਰਕਾਰ ਨੇ ਜੈਵਿਕ ਈਂਧਨ ਦਾ ਇਸਤੇਮਾਲ ਘੱਟ ਕਰਨ ਦੇ ਨਾਲ ਹੀ ਪੁਲਾੜ, ਪਰਮਾਣੂ ਊਰਜਾ ਸਣੇ ਕਈ ਖੇਤਰਾਂ ਨੂੰ ਪ੍ਰਾਈਵੇਟ ਉੱਦਮੀਆਂ ਲਈ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦੇ ਨਾਲ ਹੀ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਉਸ ਦਾ ਲਾਭ ਭਾਰਤ ਦੇ ਹਰ ਵਰਗ ਨੂੰ ਮਿਲੇ।