ਦਿੱਲੀ: ਮੀਂਹ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ

ਦਿੱਲੀ: ਮੀਂਹ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ

ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ; ਕਈ ਥਾਵਾਂ ’ਤੇ ਲੱਗੇ ਜਾਮ
ਨਵੀਂ ਦਿੱਲੀ- ਦਿੱਲੀ-ਐੱਨਸੀਆਰ ਵਿੱਚ ਕੱਲ੍ਹ ਪਏ ਮੀਂਹ ਕਾਰਨ ਥਾਂ-ਥਾਂ ’ਤੇ ਸੜਕਾਂ ਉਪਰ ਪਾਣੀ ਭਰ ਗਿਆ ਹੈ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਮੌਸਮ ਮਹਿਕਮੇ ਵੱਲੋਂ ਅੱਜ ਲਈ ਦਿੱਲੀ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਮਹਿਕਮੇ ਨੇ ਅਨੁਮਾਨ ਲਾਇਆ ਹੈ ਕਿ 30 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਤਾਪਮਾਨ ਵਧਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ ਕੌਮੀ ਰਾਜਧਾਨੀ ਵਿੱਚ ਸ਼ਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਮੌਸਮ ਦੀ ਔਸਤ ਤੋਂ ਦੋ ਡਿਗਰੀ ਘੱਟ ਸੀ। ਸਵੇਰੇ 8.30 ਵਜੇ ਨਮੀ 96 ਫੀਸਦੀ ਰਹੀ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਆਸਪਾਸ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਸਵੇਰੇ 10 ਵਜੇ 68 ਨਾਲ ‘ਤਸੱਲੀਬਖਸ਼’ ਸ਼੍ਰੇਣੀ ਵਿੱਚ ਸੀ।

ਸ਼ਨਿਚਰਵਾਰ ਸਵੇਰ ਤੱਕ ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 15 ਮਿਲੀਮੀਟਰ ਬਾਰਿਸ਼ ਹੋਈ ਹੈ। ਭਾਰੀ ਬਾਰਿਸ਼ ਤੋਂ ਬਾਅਦ ਦਿੱਲੀ ਦੀ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਸੀ। ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ) ਦੀ ਰਿਪੋਰਟ ਅਨੁਸਾਰ ਦਿੱਲੀ ਵਿੱਚ ਯਮੁਨਾ ਨਦੀ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਕੇ ਸ਼ਨਿਚਰਵਾਰ 10 ਵਜੇ 205.34 ਮੀਟਰ ਤੱਕ ਪਹੁੰਚ ਗਿਆ। ਪਾਣੀ ਦੇ ਪੱਧਰ ਵਿੱਚ ਇਹ ਵਾਧਾ ਸ਼ੁੱਕਰਵਾਰ ਰਾਤ ਨੂੰ ਹੋਈ ਭਾਰੀ ਬਾਰਿਸ਼ ਕਾਰਨ ਹੋਇਆ ਹੈ। ਯਮੁਨਾ ਦੇ ਆਸ-ਪਾਸ ਰਹਿਣ ਵਾਲੇ ਕਈ ਵਸਨੀਕ ਹੜ੍ਹ ਕਾਰਨ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਯਮੁਨਾ ਨਦੀ ਨੇ 13 ਜੁਲਾਈ ਨੂੰ ਆਪਣਾ 45 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਸੀ, ਜੋ ਆਪਣੇ ਉੱਚੇ ਪੱਧਰ 208.65 ਮੀਟਰ ’ਤੇ ਪਹੁੰਚ ਗਿਆ ਸੀ, ਜਿਸ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਹੜ੍ਹ ਆ ਗਿਆ ਸੀ ਅਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਪਿਛਲੇ ਸ਼ੁੱਕਰਵਾਰ ਪਾਣੀ ਦਾ ਪੱਧਰ 208.35 ਮੀਟਰ ਦਰਜ ਕੀਤਾ ਗਿਆ ਸੀ। ਹਾਲਾਂਕਿ ਪਾਣੀ ਦੇ ਵਧਦੇ ਪੱਧਰ ਕਾਰਨ ਦਿੱਲੀ ਹਾਈ ਅਲਰਟ ’ਤੇ ਹੈ।

ਫਰੀਦਾਬਾਦ ਵਿੱਚ 39 ਐੱਮਐੱਮ ਮੀਂਹ ਪਿਆ

ਸਨਅਤੀ ਸ਼ਹਿਰ ਫਰੀਦਾਬਾਦ ਇਲਾਕੇ ਵਿੱਚ 39 ਐੱਮਐੱਮ ਮੀਂਹ ਪਿਆ ਹੈ। ਤਿਗਾਉਂ ਵਿੱਚ 26 ਐੱਮਐੱਮ, ਬੱਲੜਗੜ੍ਹ ਵਿੱਚ 17 ਐੱਮਐੱਮ, ਮੋਹਨਾ ਵਿੱਚ 6 ਐੱਮਐੱਮ, ਦਿਆਲਪੁਰ ਵਿੱਚ 8 ਐੱਮਐੱਮ, ਬੜਖਲ੍ਹ ਵਿੱਚ 35 ਐੱਮਐੱਮ, ਧੌਜ ਵਿੱਚ 5 ਐੱਮਐੱਮ ਤੇ ਗੌਂਚੀ ਵਿੱਚ 7 ਐੱਮਐੱਮ ਮੀਂਹ ਮਾਪਿਆ ਗਿਆ। ਸ਼ਹਿਰ ਦੀਆਂ ਮੁੱਖ ਸੜਕਾਂ ਉਪਰ ਸਵੇਰੇ ਪਾਣੀ ਭਰਿਆ ਰਿਹਾ। ਸ਼ਾਮ ਨੂੰ ਹਲਕਾ ਮੀਂਹ ਪਿਆ। ਗੁਰੂਗ੍ਰਾਮ ਤੇ ਨੋਇਡਾ ਵਿੱਚ ਵੀ ਮੀਂਹ ਨੇ ਹਾਜ਼ਰੀ ਲਗਵਾਈ।