ਚਿੱਠੀਏ ਨੀ ਚਿੱਠੀਏ…..

ਚਿੱਠੀਏ ਨੀ ਚਿੱਠੀਏ…..

ਜਗਜੀਤ ਸਿੰਘ ਲੋਹਟਬੱਦੀ

ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੀ ਖ਼ੂਬਸੂਰਤ ਪੇਸ਼ਕਾਰੀ ਅੱਜ ਵੀ ਫਿਜ਼ਾ ਵਿੱਚ ਗੂੰਜਦੀ ਐ, “ਚਿੱਠੀਆਂ ਸਾਹਿਬਾਂ ਜੱਟੀ ਨੇ, ਲਿਖ ਮਿਰਜ਼ੇ ਵੱਲ ਪਾਈਆਂ…..”। ਪਤਾ ਨਹੀਂ ਚਿੱਠੀ ਵਿੱਚ ਸਾਹਿਬਾਂ ਦੀ ਕਿਹੜੀ ਭਾਸ਼ਾ, ਕਿਹੜੀ ਲਿਖਤ ਹੋਵੇਗੀ, ਪਰ ਇਸ ਦਾ ਅਹਿਸਾਸ ਜ਼ਰੂਰ ਮਾਖਿਉਂ ਮਿੱਠਾ ਹੋਵੇਗਾ! ਚਿੱਠੀਆਂ ਦਰਦ-ਏ-ਦਿਲ ਬਿਆਨ ਕਰਦੀਆਂ ਹਨ। ਇਤਿਹਾਸ ਬਹੁਤ ਪੁਰਾਣੈ। ਕਬੂਤਰ ਮੁਹੱਬਤਾਂ ਦੇ ਸਫ਼ੀਰ ਹੁੰਦੇ ਸਨ, “ਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ…..”। ਆਸ਼ਕ ਉਨ੍ਹਾਂ ਨੂੰ ਤਲੀਆਂ ’ਤੇ ਚੋਗ ਚੁਗਾਉਂਦੇ। ਪਹੁੰਚਿਆਂ ਨੂੰ ਘੁੰਗਰੂ ਬੰਨ੍ਹਦੇ। ਦਿਲ ਧੜਕਦਾ…ਕੋਹਾਂ ਦੇ ਫਾਸਲੇ ਛਿਣਾਂ ਵਿੱਚ ਤੈਅ ਕਰਨਾ ਲੋਚਦੇ। ਚਿੱਠੀ ਵਿਚਲੇ ਅੱਖਰਾਂ ’ਚੋਂ ਚਿਹਰਾ ਦਿਸਦਾ। ਦੋ ਪਲ, ਝਰੀਟੇ ਹਿਰਦਿਆਂ ’ਤੇ ਜਿਵੇਂ ਮੱਲ੍ਹਮ ਲੱਗੀ ਹੋਵੇ। ਅਗਲਾ ਹੀ ਖਿਣ ਤਨ ਮਨ ਨੂੰ ਹੋਰ ਕਸਕ ਦੇਣ ਲੱਗ ਜਾਂਦਾ। ਤੜਪ ਵਧ ਜਾਂਦੀ। ਮਿਲਣ ਦੇ ਕੌਲ ਕਰਾਰਾਂ ਦੀ ਖਿੱਚ ਸਮਾਂ ਰੋਕ ਦਿੰਦੀ। ਵਕਤ ਠਹਿਰਿਆ ਲੱਗਦਾ, ਪਰ ਉਡੀਕ, ਧੜਕਣ ਤੇ ਸਾਹਾਂ ਦੀ ਤਰਜਮਾਨੀ ਕਰਦੀ।

ਸੁੱਖ ਦਾ ਸੁਨੇਹੜਾ ਜ਼ਿੰਦਗੀ ਨੂੰ ਰਵਾਂ ਕਰਦਾ ਸੀ। ‘ਇੱਕ ਪਾਸਿਉਂ’ ਸ਼ੁਰੂ ਕੀਤੀ ਅੱਖਰਾਂ ਦੀ ਇਬਾਰਤ ਮੋਤੀਆਂ ਦੀ ਲੰਬੀ ਲੜੀ ਬਣ ਜਾਂਦੀ। ਦੁੱਖ ਸੁੱਖ ਦੀ ਸਾਂਝ ਬਣਦੀ। ਰਿਸ਼ਤੇ ਨਾਲੋ ਨਾਲ ਨਿਭਦੇ। ਵਾਟਾਂ ਲੰਮੇਰੀਆਂ ਹੁੰਦੀਆਂ, ਪਰ ਦਿਲ ਕਰੀਬੀ ਹੁੰਦੇ। ‘ਪੋਸਟ ਕਾਰਡ’ ਅਤੇ ‘ਅੰਤਰਦੇਸ਼ੀ’ ਹਾਲ ਬਿਆਨ ਕਰਦੇ। ਖੁੱਲ੍ਹੇ ਖ਼ਤ ਉੱਤੇ ਪਰੋਏ ਅੱਖਰ ਕਦੇ ਵੀ ‘ਪ੍ਰਾਈਵੇਸੀ’ ਲੀਕ ਨਹੀਂ ਸੀ ਕਰਦੇ। ’ਕੱਲਾ ’ਕੱਲਾ ਸ਼ਬਦ ‘ਪਬਲਿਕ ਡੋਮੇਨ’ ਦਾ ਹਿੱਸਾ ਹੁੰਦਾ। ਡਾਕੀਆ ਰੱਬੀ ਰੂਹ ਲੱਗਦਾ। ਖਾਕੀ ਵਰਦੀ ਦਾ ਵੱਖਰਾ ਰੋਹਬ ਹੁੰਦਾ। ਉਸ ਦੇ ਸਾਈਕਲ ਦੀ ਘੰਟੀ ਕਈ ਤਰ੍ਹਾਂ ਦੀਆਂ ਤਰੰਗਾਂ ਛੇੜਦੀ ਸੀ। ਦਿਲ ਲੁੱਡੀਆਂ ਪਾਉਂਦਾ ਸੀ। ਖ਼ੁਸ਼ੀ ਦੀ ਖ਼ਬਰ ਆਉਂਦੀ। ਲੋਕੀਂ ਮੂੰਹ ਮਿੱਠਾ ਕਰਾਉਂਦੇ। ਫ਼ੌਜੀ ਦੇ ਘਰ ਛੁੱਟੀ ਆਉਣ ਦੀ ਤਾਂਘ ਵਿੱਚ ਬੈਠੀ ਉਸ ਦੀ ਚੂੜੇ ਵਾਲੀ ਵਿਆਕੁਲ ਹੋ ਉੱਠਦੀ ਤੇ ਉਲਾਂਭਾ ਵੀ ਦੇ ਦਿੰਦੀ, “ਚਿੱਠੀ ਇੱਕ ਨਾ ਆਉਣ ਦੀ ਪਾਈ, ਕਾਗਤਾਂ ਦਾ ਰੁੱਗ ਆ ਗਿਆ”। ਕਈ ਵਾਰ ‘ਪਾਟੀ’ ਚਿੱਠੀ ਮਾਹੌਲ ਗ਼ਮਗੀਨ ਕਰ ਦਿੰਦੀ। ਆਂਢ ਗੁਆਂਢ ਖ਼ੁਸ਼ੀ ਗ਼ਮੀ ਦੀ ਸ਼ਾਹਦੀ ਭਰਦਾ ਸੀ। ਚਿੱਠੀ ਸ਼ਗਨਾਂ ਦਾ ਸੁਨੇਹਾ ਦਿੰਦੀ। ਸ਼ੁਰੂਆਤ ਰੱਬੀ ਫਿਰਿਆਦ “ੴ ਸਤਿਗੁਰ ਪ੍ਰਸਾਦਿ” ਨਾਲ ਹੁੰਦੀ। ਨਜ਼ਰੀਆ ਆਸ਼ਾਵਾਦੀ ਹੁੰਦਾ।

ਪੜ੍ਹਾਕੂਆਂ ਦੀ ਕਦਰ ਪੈਂਦੀ। ਬਹੁਤੀ ਵਾਰੀ ਡਾਕੀਆ ਹੀ ਲਫ਼ਜ਼ਾਂ ਦੇ ਮਾਅਨੇ ਸਮਝਾਉਂਦਾ। ਇੱਕ ਵਾਰ ਬੇਬੇ ਨੇ ਡਾਕੀਏ ਨੂੰ ਖ਼ਤ ਪੜ੍ਹ ਕੇ ਸੁਣਾਉਣ ਲਈ ਕਿਹਾ। ਅੱਗੋਂ ਰੋਣ ਲੱਗ ਪਿਆ। ਸਮਝ ਨਾ ਆਵੇ ਕਿ ਕੀ ਭਾਣਾ ਵਰਤ ਗਿਐ। ਆਂਢਣਾਂ ਗੁਆਂਢਣਾਂ ਅਫ਼ਸੋਸ ਕਰਨ ਲੱਗੀਆਂ ਕਿ ਕੋਈ ਅਣਹੋਣੀ ਹੋਈ ਹੋਣੀ ਏ। ਇੰਨੇ ਨੂੰ ਕੋਈ ਸਕੂਲੀ ਗਭਰੇਟ ਕੋਲੋਂ ਲੰਘਿਆ। ਚਿੱਠੀ ਪੜ੍ਹ ਕੇ ਹੱਸਿਆ ਤੇ ਦੱਸਿਆ ਕਿ ਰਿਸ਼ਤੇਦਾਰੀ ਵਿੱਚ ਮੁੰਡਾ ਜੰਮਿਐ ਅਤੇ ਘਰ ਵਾਲਿਆਂ ਨੂੰ ਸ਼ਰੀਂਹ ਟੰਗਣ ਦੀ ਰਸਮ ਮੌਕੇ ਸੱਦਿਐ। ਸਾਰੇ ਜਣੇ ਚੁੱਪ ਗੜੁੱਪ! ਪਤਾ ਲੱਗਾ ਕਿ ਡਾਕੀਆ ਅਨਪੜ੍ਹ ਸੀ ਅਤੇ ਮੋਟੇ ਮੋਟੇ ਅੱਖਰਾਂ ਦਾ ਹੀ ਜਾਣੂ ਸੀ।

ਨਵੀਂ ਪੀੜ੍ਹੀ ਚਿੱਠੀਆਂ ਤੋਂ ਅਣਭਿੱਜ ਹੀ ਹੈ। ਸ਼ਾਇਦ ਹੀ ਕਿਸੇ ਨੂੰ ਪੋਸਟ ਕਾਰਡ ਤੇ ਲਿਫ਼ਾਫ਼ੇ ਦਾ ਰੰਗ ਪਤਾ ਹੋਵੇ। ਹੱਥੀਂ ਲਿਖਣ ਦਾ ਕਾਰਜ ਵੀ ਅਲੋਪ ਹੋ ਗਿਐ। ਸਮਾਂ ਵੀ ਖਿੱਚਵੈਂ। ਕੌਣ ਕਾਪੀ ਪੈੱਨ ਲੱਭੇ ਅਤੇ ਝਰੀਟਾਂ ਮਾਰੇ। ਜ਼ਮਾਨਾ ਬਦਲ ਗਿਐ। ਇੰਨਾ ਸਬਰ ਕਿੱਥੇ? ਮੇਲ ਦੀ ਜਗਾ ਈ- ਈਮੇਲ ਨੇ ਮੱਲ ਲਈ ਐ। ਸਾਡੀ ਪੀੜ੍ਹੀ ਚਿੱਠੀਆਂ ਦੀ ਬੇਕਦਰੀ ਦੀ ਗਵਾਹ ਬਣੇਗੀ, “ਅਸੀਂ ਚਿੱਠੀਆਂ ਲਿਖਣੀਆਂ ਭੁੱਲਗੇ, ਜਦੋਂ ਦਾ ਟੈਲੀਫੋਨ ਲੱਗਿਆ!” ਖ਼ੁਸ਼ੀ ਗ਼ਮੀ ਦਾ ਮੇਘਦੂਤ ‘ਲੈਂਡਲਾਈਨ’ ਫੋਨ ਵੀ ਹੁਣ ‘ਪੱਛੜੇਪਣ’ ਦੀ ਲਿਸਟ ਵਿੱਚ ਆ ਗਿਐ। ‘ਪੇਜਰ’ ਤਾਂ ਇਤਿਹਾਸ ਹੀ ਬਣ ਗਿਐ। ਅੱਜ ਵੀ ਪੁਰਾਣੇ ਫੈਮਿਲੀ ਡਾਕਟਰ ਕੋਲ ਜਾਈਦਾ, ਪਰਚੀ ਉੱਤੇ ਜਦੋਂ ਉਹ ਨਿੱਬ ਵਾਲੇ ਪੈੱਨ ਨਾਲ ‘ਚੈਲਪਾਰਕ’ ਦੀ ਸਿਆਹੀ ਵਾਲੀ ਦਵਾਤ ਵਿੱਚੋਂ ‘ਡੁਬਕਾ’ ਲਗਾ ਕੇ ਲਿਖਦੈ, ਤਾਂ ਅੱਖਾਂ ਚੁੰਧਿਆ ਜਾਂਦੀਆਂ ਨੇ। ਉਸ ਦਾ ਹੱਥ ਚੁੰਮਣ ਨੂੰ ਦਿਲ ਕਰਦੈ! ਸੱਚੀਂ, ਚਿੱਠੀਆਂ ਦਾ ਦੌਰ ਸਾਹਮਣੇ ਆ ਖੜ੍ਹਦੈ। ਹੁਣ ਤਾਂ ਦੁਨੀਆ ‘ਮੁੱਠੀ ਵਿੱਚ’ ਆ ਗਈ ਐ। ਸੱਤ ਸਮੁੰਦਰੋਂ ਪਾਰ ਵਾਲੇ ਸੱਜਣ ਪਿਆਰੇ ਜਾਦੂ ਦੀ ਛੜੀ ਘੁਮਾਉਣ ਵਾਂਗ ਸਾਹਮਣੇ ਦਿਸਦੇ ਨੇ, ਪਰ ਮਨ ਦੇ ਵਲਵਲਿਆਂ ਦੀ ਗੱਲ ਘੱਟ ਅਤੇ “ਕੀ ਖਾਧਾ, ਕੀ ਪੀਤਾ, ਕੀ ਬਣਾਇਆ” ਭਾਰੂ ਹੁੰਦੇ ਨੇ।

ਇੱਕ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ਼ ਐ ਕਿ ਅੱਜ ਦੇ ਸੁਨੇਹਾ ਪਹੁੰਚਾਉਣ ਦੇ ਸਾਧਨ, ਭਾਵੇਂ ਕਿੰਨੇ ਵੀ ਤੇਜ਼ ਤਰਾਰ ਹੋਣ, ਨਿਮਾਣੀ ਜਿਹੀ ਚਿੱਠੀ ਦੇ ਸਾਹਮਣੇ ਬੌਣੇ ਲੱਗਦੇ ਨੇ। ਜੇ ਖ਼ਤੋ ਖ਼ਤਾਬਤ ਕਰਨ ਵਾਲਿਆਂ ਦੇ ਮਨ ਵਿਚਲੀਆਂ ਭਾਵਨਾਵਾਂ, ਮਨ ਵਿਚਲੀਆਂ ਵੇਦਨਾਵਾਂ ਅਣਭਿੱਜ ਰਹੀਆਂ, ਤਾਂ ਲਿਖਤ ਦਾ ਕੀ ਫਾਇਦਾ? ਯਕੀਨਨ ਹੀ ਚਿੱਠੀ ਲਿਖਣ ਵੇਲੇ, ਜੋ ਸ਼ਬਦ ਔੜਦੇ ਨੇ, ਉਹ ਸੱਚੀਂ ਮੁੱਚੀਂ ਰੂਹ ਦਾ ਸ਼ੀਸ਼ਾ ਹੁੰਦੇ ਨੇ! ਨਹਿਰੂ ਦੀਆਂ ਜੇਲ੍ਹ ਵਿੱਚੋਂ ਇੰਦਰਾ ਗਾਂਧੀ ਦੇ ਨਾਂ ਲਿਖੀਆਂ ਚਿੱਠੀਆਂ ਅੱਜ ਵੀ ਇਤਿਹਾਸਕ ਦਸਤਾਵੇਜ਼ ਹਨ। ਗੁਰਬਖਸ਼ ਸਿੰਘ ‘ਪ੍ਰੀਤਲੜੀ’ ਦੀਆਂ ਆਪਣੀ ‘ਜੀਤਾਂ’ ਨੂੰ ਭੇਜੀਆਂ ਚਿੱਠੀਆਂ ਮੁਹੱਬਤੀ ਰੂਹਾਂ ਦੀਆਂ ਬਾਤਾਂ ਹੀ ਤਾਂ ਨੇ। ‘ਦੂਜੇ ਪਾਸਿਉਂ’ ਹਾਲ ਜਾਣਨ ਦੀ ਤਾਂਘ ਦਿਲ ਵਿੱਚ ਖੌਰੂ ਜਿਹਾ ਪਾਈ ਰੱਖਦੀ ਹੈ। ਤਾਂ ਹੀ ਤਾਂ, ਦਿਲਸ਼ਾਦ ਅਖ਼ਤਰ ਦੀ ਤੜਪ ਨਜ਼ਰੀਂ ਪੈਂਦੀ ਐ, ‘‘ਚਿੱਠੀ ਦੇ ਵਿੱਚ ਲਿਖ ਦਈਂ, ਪੂਰਾ ਹਾਲ ਪ੍ਰੀਤੋ ਦਾ।’’

ਅੱਜ ਦੀ ਨਵੀਂ ਪਨੀਰੀ, ਸ਼ਾਇਦ ਜੇ ਕਿਸੇ ਚਿੱਠੀ ਤੋਂ ਵਾਕਿਫ਼ ਹੋਵੇ, ਤਾਂ ‘ਸਾਹਿ-ਚਿੱਠੀ’ ਹੋ ਸਕਦੀ ਹੈ। ਅਜੇ ਵੀ ਕੁਝ ਸੰਸਕਾਰ ਜਿਉਂਦੇ ਨੇ…ਭਾਵੇਂ ਇਹ ਵੀ ਰਵਾਇਤੀ ਜਿਹੀ ਹੋ ਗਈ ਐ। ‘ਫੈਂਸੀ’ ਕਾਗ਼ਜ਼ਾਂ ਉੱਤੇ ਸਿਰਫ਼ ਨਾਂ ਭਰਨ ਦੀ ਰਸਮ ਰਹਿ ਜਾਂਦੀ ਐ। ਉਨ੍ਹਾਂ ਵਿੱਚ ਨਾ ਤਾਂ ਪਿਆਰ, ਨਾ ਮੋਹ, ਨਾ ਰਿਸ਼ਤਿਆਂ ਦਾ ਨਿੱਘ, ਨਾ ਪਰਿਵਾਰਾਂ ਦੀ ਸਾਂਝ-ਸਭ ਕੁਝ ਅਲੋਪ ਜਿਹਾ ਹੋ ਗਿਆ ਏ। ਪੁਰਾਤਨ ਸਾਹਿ- ਚਿੱਠੀ ਦਾ ਇੱਕ ਨਮੂਨਾ ਇਸ ਦੀ ਗਵਾਹੀ ਭਰਦਾ ਹੈ।

“ਲਿਖਤੁਮ ਪੰਚਾਇਤ ਸਰਬੱਤ ਪਿੰਡ ਬਾਲੇਵਾਲ ਦੀ,

ਵਾਸਤੇ ਰੁਲੀਆ ਸਿੰਘ ਦੇ ਸਾਰੇ ਪਰਿਵਾਰ ਦੇ। ਸਾਰੀ ਪੰਚਾਇਤ ਅਤੇ ਪਰਿਵਾਰ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਵਾਚਣੀ ਜੀ। ਅੱਗੇ ਜੋਗ ਸਰਬੱਤ ਪੰਚਾਇਤ ਪਿੰਡ ਮਿੱਠੇਵਾਲ ਦੀ, ਘਰ ਸਾਧੂ ਸਿੰਘ ਦੇ ਚਿੱਠੀ ਪਹੁੰਚੇ ਜੀ। ਅੱਗੇ ਸੂਰਤ ਅਹਿਵਾਲ ਇਹ ਹੈ ਕਿ ਰੁਲੀਆ ਸਿੰਘ ਦੀ ਲੜਕੀ-‘ਮਲਕੀਤੋ’- ਮਲਕੀਤ ਕੌਰ ਦਾ ‘ਲਗਨ’ ਸਾਧੂ ਸਿੰਘ ਦੇ ਪੁੱਤਰ ਬੁੱਕਣ ਸਿੰਘ ਨਾਲ ਮਾਘ ਦੀ ਪੁੰਨਿਆ ਦਾ ਨਿੱਕਲਿਆ ਹੈ। ਚੌਂਦੇਂ ਦੀ ਰੋਟੀ ਹੈ, ਪੁੰਨਿਆ ਦੀ ਰਾਤ ਨੂੰ ਪਹਿਲੇ ਪੱਖ ਦੀਆਂ ਦੋ ਘੜੀਆਂ ਰਾਤ ਰਹਿੰਦੀ ਦੇ ਫੇਰੇ ਨੇ, ਸੋਧੇ ਹੋਏ ਲਗਨ ਦਾ ਸ਼ਗਨ ਪਰਵਾਨ ਕਰਨਾ ਜੀ। ਅਸੀਂ ਧੀ ਵਾਲੇ ਗ਼ਰੀਬਾਂ ਦਾ ਤੁਹਾਡੇ ਭਗਵਾਨਾਂ ਨਾਲ ਕੋਈ ਟਾਕਰਾ ਨਹੀਂ ਜੀ। ਗਰੀਬੀ ਦਾਅਵੇ ਨਾਲ ਹੱਥ ਬੰਨ੍ਹ ਕੇ ਬੇਨਤੀ ਹੈ, ਲੜਕੇ ਦੇ ਨਾਲ ਚਾਰ ਬੰਦੇ ਆ ਕੇ ਭਮਾਲੀਆਂ ਲੈ ਜਾਣਾ।…ਦੋ ਰਥ, ਇੱਕ ਗੱਡਾ, ਪੰਜ ਸਵਾਰੀਆਂ ਲਿਆਉਣੀਆਂ। ਸਾਡੇ ਘਰ ਕਿਸੇ ਤਰ੍ਹਾਂ ਦਾ ਟੂਮ ਤਗਾਦਾ ਨਾਲ ਲੈ ਕੇ ਨਾ ਆਉਣਾ ਜੀ”।(ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਵਿੱਚੋਂ )

ਲੱਗਦੈ ਅੱਖਰਾਂ ਦਾ ਮੋਹ ਮੁਹੱਬਤ ਗੁੰਮ ਜਿਹਾ ਹੋ ਗਿਐ। ਰੀਝਾਂ ਅਤੇ ਸੱਧਰਾਂ ਕਿਸੇ ਹੋਰ ਯੁੱਗ ਦੀਆਂ ਕਥਾ ਕਹਾਣੀਆਂ ਲੱਗਦੀਆਂ ਨੇ। ਮਸ਼ੀਨੀ ਚਾਲ ਨੇ ਮਨੁੱਖਾਂ ਨੂੰ ‘ਰੋਬੋਟ’ ਬਣਾ ਦਿੱਤੈ। ਲਫ਼ਜ਼ਾਂ ਵਿਚਲੀ ਮਿਠਾਸ ਤੋਂ ਵਿਰਵੇ ਹੋ ਗਏ ਆਂ। ਚਿੱਠੀਆਂ ਤੋਂ ਬਿਨਾਂ ਜ਼ਿੰਦਗੀ ਸੁੰਨੀ ਸੁੰਨੀ ਲੱਗਦੀ ਐ। ਤ੍ਰੈਲੋਚਨ ਲੋਚੀ ਠੀਕ ਹੀ ਤਾਂ ਆਖਦੈ,

ਅੱਜ ਕੱਲ੍ਹ ਤਾਂ ਕੋਈ ਬਰੰਗ ਚਿੱਠੀ ਵੀ

ਨਹੀਂ ਆਉਂਦੀ ਦਰਾਂ ’ਤੇ

ਕਦੇ ਆਵੇ ਤਾਂ ਸਹੀ,

ਡਾਕੀਏ ਭਰਾ ਦਾ ਵੀ ਮੂੰਹ ਮਿੱਠਾ ਕਰਾ ਛੱਡਾਂ!