ਭੁੱਲਣ ਦੀ ਆਦਤ ਪਾ ਸੱਜਣਾ

ਭੁੱਲਣ ਦੀ ਆਦਤ ਪਾ ਸੱਜਣਾ

ਗੁਰਸ਼ਰਨ ਸਿੰਘ ਕੁਮਾਰ

ਜ਼ਿੰਦਗੀ ਵਿੱਚ ਉਤਾਰਅ ਚੜ੍ਹਾਅ ਅਤੇ ਚੰਗੇ ਮਾੜੇ ਦਿਨ ਤਾਂ ਆਉਂਦੇ ਹੀ ਰਹਿੰਦੇ ਹਨ। ਮਾੜੇ ਦਿਨਾਂ ਨੂੰ ਯਾਦ ਕਰ ਕੇ ਹਰ ਸਮੇਂ ਕਿਸਮਤ ਨੂੰ ਰੋਂਦੇ ਹੀ ਨਹੀਂ ਰਹਿਣਾ ਚਾਹੀਦਾ। ਜੇ ਤੁਹਾਡੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਸਦਾ ਨਹੀਂ ਰਹਿਣ ਵਾਲੇ। ਹੋ ਸਕਦਾ ਹੈ ਤੁਹਾਡੀ ਕਿਸਮਤ ਵਿੱਚ ਲਿਖਿਆ ਹੋਵੇ ਕਿ ਮਿਹਨਤ ਅਤੇ ਹੌਸਲੇ ਨਾਲ ਹੀ ਚੰਗੇ ਦਿਨ ਆਉਣਗੇ।

ਪੰਜਾਬ ਦਾ ਉੱਡਣਾ ਸਿੱਖ ‘ਮਿਲਖਾ ਸਿੰਘ’ ਆਪਣੀ ਜੀਵਨੀ ਵਿੱਚ ਇੱਕ ਥਾਂ ਲਿਖਦਾ ਹੈ ਕਿ ਜੋ ਬੰਦਾ ਦੌੜ ਵਿੱਚ ਸਭ ਤੋਂ ਅੱਗੇ ਹੁੰਦਾ ਹੈ, ਉਸ ਦਾ ਧਿਆਨ ਬਾਰ ਬਾਰ ਆਪਣੇ ਪਿੱਛੇ ਜਾਂਦਾ ਹੈ। ਉਸ ਨੂੰ ਇਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਉਸ ਦੀ ਰਫ਼ਤਾਰ ਕੁਝ ਮੱਧਮ ਪੈ ਜਾਂਦੀ ਹੈ। ਇਸੇ ਲਈ ਕਹਿੰਦੇ ਹਨ ਕਿ ਜਿਸ ਨੇ ਅੱਗੇ ਵਧਣਾ ਹੁੰਦਾ ਹੈ ਉਹ ਪਿੱਛੇ ਨਹੀਂ ਦੇਖਦਾ ਕਿਉਂਕਿ ਜੋ ਪਿੱਛੇ ਦੇਖਦਾ ਹੈ ਉਹ ਅੱਗੇ ਨਹੀਂ ਵਧ ਸਕਦਾ।

ਜੇ ਕਿਸੇ ਨੇ ਤੁਹਾਡਾ ਹੱਕ ਮਾਰਿਆ ਹੈ ਜਾਂ ਤੁਹਾਡੇ ਨਾਲ ਕੋਈ ਬੇਈਮਾਨੀ ਕੀਤੀ ਹੈ ਜਾਂ ਤੁਹਾਨੂੰ ਬਿਨਾਂ ਕਸੂਰ ਦੇ ਤੰਗ ਕੀਤਾ ਹੈ ਤਾਂ ਤੁਹਾਡੇ ਮਨ ਵਿੱਚ ਉਸ ਖ਼ਿਲਾਫ਼ ਗੁੱਸਾ ਪੈਦਾ ਹੋਵੇਗਾ। ਤੁਸੀਂ ਹਰ ਸਮੇਂ ਉਸ ਤੋਂ ਬਦਲਾ ਲੈਣ ਦੀ ਤਾਕ ਵਿੱਚ ਰਹੋਗੇ। ਇਸ ਦਾ ਤੁਹਾਡੇ ਦਿਲੋ ਦਿਮਾਗ਼ ’ਤੇ ਭਾਰ ਰਹੇਗਾ। ਜੇ ਤੁਸੀਂ ਵੱਡਾ ਦਿਲ ਕਰ ਕੇ ਇਸ ਗੱਲ ਨੂੰ ਭੁੱਲ ਜਾਵੋਗੇ ਤਾਂ ਇਹ ਭਾਰ ਉਤਰ ਜਾਵੇਗਾ ਅਤੇ ਤੁਸੀਂ ਇਕਦਮ ਹਲਕੇ ਫੁੱਲ ਹੋ ਜਾਵੋਗੇ। ਤੁਸੀਂ ਆਪਣੀ ਅਗਲੀ ਜ਼ਿੰਦਗੀ ਸੋਹਣੀ ਤਰ੍ਹਾਂ ਸ਼ੁਰੂ ਕਰ ਸਕੋਗੇ।

ਕੌੜੀਆਂ ਕੁਸੈਲੀਆਂ ਯਾਦਾਂ ਦਾ ਮਨ ’ਤੇ ਬਹੁਤ ਜ਼ਿਆਦਾ ਭਾਰ ਹੁੰਦਾ ਹੈ। ਇਸ ਭਾਰ ਨੂੰ ਜ਼ਿਆਦਾ ਦੇਰ ਚੁੱਕੀ ਰੱਖਣ ਦਾ ਕੋਈ ਲਾਭ ਨਹੀਂ। ਇਹ ਯਾਦਾਂ ਤੁਹਾਨੂੰ ਪਿੱਛੇ ਖਿੱਚਦੀਆਂ ਹਨ ਅਤੇ ਤੁਹਾਡੀ ਉਨਤੀ ਰੋਕਦੀਆਂ ਹਨ। ਇਨ੍ਹਾਂ ਯਾਦਾਂ ਨੂੰ ਭੁਲਾ ਕੇ ਅੱਗੇ ਵਧੋ। ਇਸ ਨਾਲ ਤੁਹਾਡੀ ਤਰੱਕੀ ਦੀ ਰਫ਼ਤਾਰ ਵਧੇਗੀ। ਇਸ ਭਾਰ ਨੂੰ ਇੱਕ ਮਨੋਵਿਗਿਆਨਕ ਨੇ ਇਸ ਪ੍ਰਕਾਰ ਸਮਝਾਇਆ ਹੈ। ਉਸ ਨੇ ਇੱਕ ਗਿਲਾਸ ਮੇਜ਼ ’ਤੇ ਰੱਖਿਆ ਅਤੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਇਸ ਦਾ ਕਿੰਨਾ ਕੁ ਭਾਰ ਹੈ? ਸਭ ਨੇ ਉੱਤਰ ਦਿੱਤਾ ਕੋਈ ਖਾਸ ਨਹੀਂ। ਫਿਰ ਉਸ ਨੇ ਇੱਕ ਵਿਦਿਆਰਥੀ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਇਸ ਗਿਲਾਸ ਨੂੰ ਫੜੋ ਅਤੇ ਬਾਂਹ ਨੂੰ ਸਿੱਧਾ ਰੱਖੋ। ਕੁਝ ਦੇਰ ਬਾਅਦ ਵਿਦਿਆਰਥੀ ਥੱਕ ਗਿਆ ਅਤੇ ਉਸ ਦੇ ਚਿਹਰੇ ’ਤੇ ਪੀੜਾ ਦੇ ਚਿੰਨ੍ਹ ਦਿਸਣ ਲੱਗੇ। ਮਨੋਵਿਗਿਆਨੀ ਨੇ ਕਿਹਾ-ਥੋੜ੍ਹੀ ਦੇਰ ਹੋਰ ਫੜੀ ਰੱਖੋ। ਕੁਝ ਹੋਰ ਦੇਰ ਬਾਅਦ ਵਿਦਿਆਰਥੀ ਨੇ ਕਿਹਾ ਕਿ ਮੇਰੀ ਬਾਂਹ ਬਹੁਤ ਦਰਦ ਕਰ ਰਹੀ ਹੈ। ਮੈਂ ਇਸ ਗਿਲਾਸ ਨੂੰ ਹੋਰ ਨਹੀਂ ਚੁੱਕ ਸਕਦਾ। ਮਨੋਵਿਗਿਆਨੀ ਨੇ ਕਿਹਾ ਕਿ ਜੇ ਤੁਸੀਂ ਇੱਕ ਹਲਕੇ ਜਿਹੇ ਗਿਲਾਸ ਨੂੰ ਕੁਝ ਦੇਰ ਨਹੀਂ ਚੁੱਕ ਸਕਦੇ ਤਾਂ ਫਿਰ ਦੁੱਖਾਂ ਦੇ ਭਾਰ ਨੂੰ ਕਿਉਂ ਏਨੀ ਦੇਰ ਤੋਂ ਚੁੱਕੀ ਫਿਰਦੇ ਹੋ। ਇਸ ਨੂੰ ਲਾਹ ਕੇ ਪਰੇ ਸੁੱਟ ਦਿਓ ਅਤੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰੋ। ਤੁਹਾਡੇ ’ਤੇ ਦੁੱਖਾਂ ਦਾ ਜਿੰਨਾ ਭਾਰ ਘੱਟ ਹੋਵੇਗਾ ਓਨਾ ਹੀ ਤੁਹਾਡੀ ਜ਼ਿੰਦਗੀ ਦਾ ਅਗਲਾ ਸਫ਼ਰ ਆਸਾਨ ਹੋਵੇਗਾ।

ਜੇ ਤੁਹਾਨੂੰ ਬੀਤੇ ਸਮੇਂ ਵਿੱਚ ਬਹੁਤ ਮਿਹਨਤ ਕਰਨੀ ਪਈ ਜਾਂ ਬਹੁਤ ਦੁੱਖ ਸਹਿਣੇ ਪਏ ਜਾਂ ਤੁਹਾਡੇ ’ਤੇ ਬਹੁਤ ਜ਼ੁਲਮ ਹੋਏ ਅਤੇ ਤੁਹਾਡਾ ਭਾਰੀ ਨੁਕਸਾਨ ਹੋ ਗਿਆ। ਇਨ੍ਹਾਂ ਯਾਦਾਂ ਨੂੰ ਭੁੱਲਣ ਵਿੱਚ ਹੀ ਭਲਾ ਹੈ। ਇੱਥੇ ਭੁੱਲਣਾ ਵੀ ਤੁਹਾਡੇ ਲਈ ਵਰਦਾਨ ਸਿੱਧ ਹੋ ਸਕਦਾ ਹੈ। ਇਨ੍ਹਾਂ ਦੁਖਦਾਈ ਯਾਦਾਂ ਦਾ ਪਰਛਾਵਾਂ ਆਪਣੇ ਅੱਜ ’ਤੇ ਨਾ ਪੈਣ ਦਿਓ। ਬੀਤੇ ਸਮੇਂ ਨੂੰ ਤੁਸੀਂ ਬਦਲ ਨਹੀਂ ਸਕਦੇ। ਇਸ ਲਈ ਇਨ੍ਹਾਂ ਯਾਦਾਂ ਨੂੰ ਬਾਰ ਬਾਰ ਯਾਦ ਕਰ ਕੇ ਦੁਖੀ ਨਾ ਹੋਵੋ। ਕੋਈ ਬੰਦਾ ਸਰਵ ਗੁਣ ਸਪੰਨ ਨਹੀਂ ਹੁੰਦਾ। ਗ਼ਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਇਸ ਲਈ ਦੂਜੇ ਦੀਆਂ ਗਲਤੀਆਂ ਨੂੰ ਅਣਡਿੱਠ ਕਰਨ ਦੀ ਆਦਤ ਪਾਓ।

ਹਰ ਸਮੇਂ ਆਪਣੀਆਂ ਅਸਫਲਤਾਵਾਂ ਅਤੇ ਦੁੱਖਾਂ ਦੇ ਰੋਣੇ ਰੋਣ ਨਾਲ ਨਸੀਬ ਨਹੀਂ ਬਦਲਦੇ। ਕਦੀ ਇਹ ਨਾ ਸਮਝੋ ਕਿ ਬਿਨਾਂ ਮਿਹਨਤ ਕੀਤਿਆਂ ਤੁਹਾਡੀ ਕਿਸਮਤ ਬਦਲ ਜਾਵੇਗੀ। ਕਿਸਮਤ ਕਰਮ ਨਾਲ ਹੀ ਬਦਲੀ ਜਾ ਸਕਦੀ ਹੈ। ਚੰਗੇ ਦਿਨ ਆਪੇ ਨਹੀਂ ਆਉਂਦੇ। ਚੰਗੇ ਦਿਨ ਮਿਹਨਤ ਨਾਲ ਲਿਆਉਣੇ ਪੈਂਦੇ ਹਨ। ਯਾਦ ਰੱਖੋ ਸੂਰਜ ਨਿਕਲਣ ਨਾਲ ਦਿਨ ਨਹੀਂ ਚੜ੍ਹਦਾ। ਦਿਨ ਚੜ੍ਹਦਾ ਹੈ ਨੀਂਦ ਖੁੱਲ੍ਹਣ ਨਾਲ। ਇਸ ਲਈ ਜਾਗੋ ਅਤੇ ਜ਼ਿੰਦਗੀ ਦਾ ਸਫ਼ਰ ਨਵੇਂ ਜੋਸ਼ ਅਤੇ ਹੋਸ਼ ਨਾਲ ਸ਼ੁਰੂ ਕਰੋ। ਦੁੱਖਾਂ ਨੂੰ ਛੱਡੋ ਅਤੇ ਆਪਣੇ ਸੁੱਖਾਂ ਅਤੇ ਕਾਮਯਾਬੀ ਲਈ ਯਤਨ ਕਰੋ। ਫਿਰ ਦੇਖੋ ਤੁਹਾਡੀ ਜ਼ਿੰਦਗੀ ਕਿੰਨੀ ਸਫਲ ਅਤੇ ਸ਼ਾਂਤੀਪੂਰਨ ਹੋ ਜਾਵੇਗੀ।

ਮਾੜੀਆਂ ਘਟਨਾਵਾਂ ਨੂੰ ਬਹੁਤ ਸਮੇਂ ਤੱਕ ਯਾਦ ਕਰਦੇ ਰਹਿਣ ਨਾਲ ਬੰਦਾ ਤਣਾਅ ਵਿੱਚ ਆ ਜਾਂਦਾ ਹੈ। ਇਸ ਨਾਲ ਸਾਰੀ ਜ਼ਿੰਦਗੀ ਵਿੱਚ ਇੱਕ ਤਰ੍ਹਾਂ ਦਾ ਜ਼ਹਿਰ ਜਿਹਾ ਘੁਲਿਆ ਰਹਿੰਦਾ ਹੈ। ਦੁਖੀ ਬੰਦੇ ਨਾਲ ਕੋਈ ਹਮਦਰਦੀ ਤਾਂ ਕਰ ਸਕਦਾ ਹੈ, ਪਰ ਉਸ ਨੂੰ ਪਿਆਰ ਨਹੀਂ ਕਰ ਸਕਦਾ। ਦੁਖੀ ਬੰਦਾ ਦੂਜੇ ’ਤੇ ਵੀ ਬੋਝ ਹੀ ਬਣ ਜਾਂਦਾ ਹੈ। ਜਦ ਬੱਚਾ ਬੋਝ ਬਣ ਜਾਏ ਤਾਂ ਮਾਂ ਵੀ ਥੱਲੇ ਉਤਾਰ ਦਿੰਦੀ ਹੈ। ਇਸ ਲਈ ਮਾੜੀਆਂ ਯਾਦਾਂ ਨੂੰ ਜ਼ਿਆਦਾ ਦੇਰ ਆਪਣੇ ਨੇੜੇ ਨਾ ਫਟਕਣ ਦਿਓ। ਬੀਤੇ ਸਮੇਂ ਨੂੰ ਭੁੱਲ ਕੇ ਅੱਜ ਜੋ ਕੁਝ ਤੁਹਾਡੇ ਕੋਲ ਹੈ, ਉਸ ਨਾਲ ਸੰਤੁਸ਼ਟ ਰਹੋ। ਸਮਝੋ ਕਿ ਤੁਹਾਡਾ ਪਿਛਲਾ ਜਨਮ ਖਤਮ ਹੋ ਗਿਆ ਅਤੇ ਹੁਣ ਪੁਨਰ ਜਨਮ ਹੋਇਆ ਹੈ। ਆਪਣੇ ਮੌਜੂਦਾ ਸਾਧਨਾ ਅਤੇ ਸ਼ਕਤੀ ਨਾਲ ਖ਼ੁਸ਼ੀ ਖ਼ੁਸ਼ੀ ਨਵਾਂ ਜਨਮ ਸ਼ੁਰੂ ਕਰੋ ਅਤੇ ਆਪਣੀ ਸਫਲਤਾ ਅਤੇ ਸੁੱਖਾਂ ਦੀ ਨੀਂਹ ਰੱਖੋ।

ਸਾਡਾ ਜੀਵਨ ਇੱਕ ਮਸ਼ੀਨ ਦੀ ਤਰ੍ਹਾਂ ਹੈ ਜੋ ਸਾਡੇ ਚੰਗੇ ਵਿਚਾਰਾਂ ਦੇ ਸਹਾਰੇ ਚੱਲਦਾ ਹੈ। ਸਾਡੇ ਪੁਰਾਣੇ ਦੁੱਖਾਂ ਅਤੇ ਕੌੜੇ ਕੁਸੈਲੇ ਵਿਚਾਰ ਗੰਦੇ ਤੇਲ ਦੀ ਤਰ੍ਹਾਂ ਹਨ ਜੋ ਸਾਰੀ ਮਸ਼ੀਨਰੀ ਨੂੰ ਹੀ ਖਰਾਬ ਕਰ ਕੇ ਰੱਖ ਦਿੰਦੇ ਹਨ। ਅੱਗੇ ਤੋਂ ਇਹ ਮਸ਼ੀਨਰੀ ਨਕਾਰਾ ਹੋ ਕੇ ਰਹਿ ਜਾਂਦੀ ਹੈ। ਸਾਡੀ ਮਿਹਨਤ ਅਤੇ ਉਸਾਰੂ ਵਿਚਾਰ ਸਾਡੀ ਜ਼ਿੰਦਗੀ ਨੂੂੰੰ ਸੋਹਣੀ ਤਰ੍ਹਾਂ ਅਤੇ ਕਾਮਯਾਬੀ ਨਾਲ ਚਲਾਉਣ ਲਈ ਸਹਾਈ ਹੁੰਦੇ ਹਨ। ਸਾਡੀ ਉਮੀਦ ਇੱਕ ਰੋਸ਼ਨੀ ਦੀ ਤਰ੍ਹਾਂ ਹੈ ਜੋ ਹਨੇਰੇ ਵਿੱਚ ਸਾਡੀ ਗੱਡੀ ਨੂੰ ਮੰਜ਼ਿਲ ਦਾ ਰਸਤਾ ਦਿਖਾਉਂਦੀ ਹੈ ਅਤੇ ਅਸੀਂ ਸੌਖਿਆਂ ਹੀ ਆਪਣੀ ਮੰਜ਼ਿਲ ’ਤੇ ਪਹੁੰਚ ਜਾਂਦੇ ਹਾਂ।

ਬਦਲਾਅ ਕੁਦਰਤ ਦਾ ਨਿਯਮ ਹੈ। ਜੋ ਬੰਦਾ ਬਦਲਦਾ ਨਹੀਂ ਉਹ ਉਨਤੀ ਨਹੀਂ ਕਰ ਸਕਦਾ। ਇਸ ਲਈ ਆਪਣੇ ਆਪ ਨੂੰ ਬਦਲੋ। ਹਰ ਨਵੀਂ ਸ਼ੁਰੂਆਤ ਮਨੁੱਖ ਨੂੰ ਥੋੜ੍ਹਾ ਡਰਾਉਂਦੀ ਹੈ, ਪਰ ਸਫਲਤਾ ਮੁਸ਼ਕਲਾਂ ਤੋਂ ਬਾਅਦ ਹੀ ਮਿਲਦੀ ਹੈ। ਜ਼ਿੰਦਗੀ ਵਿੱਚ ਮਾੜੀਆਂ ਘਟਨਾਵਾਂ ਨੂੰ ਭੁੱਲਣ ਦੀ ਆਦਤ ਪਾਓ। ਜ਼ਿੰਦਗੀ ਦੁੱਖਾਂ ਨੂੰ ਯਾਦ ਕਰ ਕੇ ਨਹੀਂ ਸਗੋਂ ਹੌਸਲੇ ਨਾਲ ਹੀ ਕੱਟੀ ਜਾਂਦੀ ਹੈ। ਕਈ ਵਾਰੀ ਬੰਦਾ ਆਪਣੇ ਦੁੱਖਾਂ ਨੂੰ ਬਹੁਤ ਵੱਡਾ ਸਮਝ ਲੈਂਦਾ ਹੈ ਅਤੇ ਆਪਣੇ ਆਪ ਨੂੰ ਸਭ ਤੋੋਂ ਹੀ ਦੁਖੀ ਸਮਝਦਾ ਹੈ। ਜੇ ਤੁਹਾਨੂੰ ਵੀ ਆਪਣਾ ਦੁੱਖ ਸਭ ਤੋਂ ਵੱਡਾ ਲੱਗੇ ਤਾਂ ਹਫ਼ਤੇ ਵਿੱਚ ਕਿਸੇ ਹਸਪਤਾਲ, ਪਿੰਗਲਵਾੜੇ, ਬ੍ਰਿਧ ਆਸ਼ਰਮ, ਅਨਾਥ ਆਸ਼ਰਮ ਜਾਂ ਫਿਰ ਸ਼ਮਸ਼ਾਨਘਾਟ ਦਾ ਚੱਕਰ ਜ਼ਰੂਰ ਲਾ ਲਿਆ ਕਰੋ। ਤੁਹਾਨੂੰ ਆਪੋ ਆਪਣੇ ਦੁੱਖ ਛੋਟੇ ਲੱਗਣ ਲੱਗ ਪੈਣਗੇ। ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਲੱਖਾਂ ਲੋਕਾਂ ਤੋਂ ਬਿਹਤਰ ਜ਼ਿੰਦਗੀ ਗੁਜ਼ਾਰ ਰਹੇ ਹੋ ਅਤੇ ਤੁਹਾਨੂੰ ਆਪਣੇ ਦੁੱਖਾਂ ਨੂੰ ਭੁੱਲਣਾ ਆਸਾਨ ਹੋ ਜਾਵੇਗਾ। ਤੁਸੀਂ ਖ਼ੁਸ਼ੀਆਂ ਅਤੇ ਖੇੜਿਆਂ ਦੀ ਜ਼ਿੰਦਗੀ ਸ਼ੁਰੂ ਕਰ ਸਕੋਗੇ।