ਕਾਂਗਰਸ ‘ਲੁੱਟ ਦੀ ਦੁਕਾਨ’ ਹੈ: ਮੋਦੀ

ਕਾਂਗਰਸ ‘ਲੁੱਟ ਦੀ ਦੁਕਾਨ’ ਹੈ: ਮੋਦੀ

ਲਾਲ ਡਾੲਿਰੀ ’ਚ ਗਹਿਲੋਤ ਸਰਕਾਰ ਦੇ ‘ਕਾਲੇ ਕਾਰਨਾਮੇ’ ਦਰਜ ਹੋਣ ਦਾ ਦਾਅਵਾ
ਸੀਕਰ(ਰਾਜਸਥਾਨ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਵਜ਼ਾਰਤ ’ਚੋਂ ਲਾਂਭੇ ਕੀਤੇ ਮੰਤਰੀ ਰਾਜੇਂਦਰ ਗੁੜਾ ਦੀ ‘ਲਾਲ ਡਾਇਰੀ’ ਦੇ ਹਵਾਲੇ ਨਾਲ ਅੱਜ ਗਹਿਲੋਤ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਡਾਇਰੀ ਕਾਂਗਰਸ ਦੀ ‘ਲੁੱਟ ਦੀ ਦੁਕਾਨ’ ਦਾ ਸੱਜਰਾ ਅਧਿਆਏ ਹੈ। ਸ੍ਰੀ ਮੋਦੀ ਨੇ ਕਿਹਾ ਕਿ ਡਾਇਰੀ ਵਿੱਚ ਰਿਕਾਰਡ ‘ਕਾਲੇ ਕਾਰਨਾਮਿਆਂ’ ਕਰਕੇ ਅਗਾਮੀ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਹਾਰੇਗੀ। ਇਥੇੇ ਸੀਕਰ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ’ਤੇ ਤਨਜ਼ ਕਰਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੇਲਿਆਂ ਵਿੱਚ ਦਿੱਤਾ ਨਾਅਰਾ ‘ਇੰਦਰਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਇੰਦਰਾ’ (ਇੰਦਰਾ ਹੀ ਭਾਰਤ ਤੇ ਭਾਰਤ ਹੀ ਇੰਦਰਾ) ਹੁਣ ‘ਯੂਪੀਏ ਇਜ਼ ਇੰਡੀਆ ਤੇ ਇੰਡੀਆ ਇਜ਼ ਯੂਪੀਏ’ ਵਿੱਚ ਤਬਦੀਲ ਹੋ ਗਿਆ ਹੈ। ਸ੍ਰੀ ਮੋਦੀ ਨੇ ਭ੍ਰਿਸ਼ਟਾਚਾਰ ਮੁਕਤ, ਪਰਿਵਾਰਵਾਦ ਮੁਕਤ ਤੇ ਪਤਿਆਉਣ ਦੀ ਨੀਤੀ ਮੁਕਤ ਭਾਰਤ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਯੂਪੀਏ (ਸਾਂਝੇ ਪ੍ਰਗਤੀਸ਼ੀਲ ਗੱਠਜੋੜ) ਦੇ ਪਾਪ ਲੁਕਾਉਣ ਲਈ ਹੀ ਨਵਾਂ ਨਾਮ ‘ਇੰਡੀਆ’ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਪਿਛਲੇ 9 ਸਾਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਲਗਾਤਾਰ ਫੈਸਲੇ ਲਏ ਗਏ ਹਨ ਅਤੇ ਕਿਸਾਨਾਂ ਲਈ ਬੀਜ ਤੋਂ ਲੈ ਕੇ ਮੰਡੀ ਤੱਕ ਦੇ ਨਵੇਂ ਪ੍ਰਬੰਧ ਕੀਤੇ ਹਨ।

ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਡਾਇਰੀ ਵਿੱਚ ਕਾਂਗਰਸ ਦੇ ‘ਕਾਲੇ ਕਾਰਨਾਮੇ’ ਦਰਜ ਹਨ। ਸੂਬਾਈ ਕੈਬਨਿਟ ’ਚੋਂ ਲਾਂਭੇ ਕੀਤੇ ਗੁੜਾ ਨੇ ਪਿਛਲੇ ਦਿਨੀਂ ਇਹ ਡਾਇਰੀ ਰਾਜਸਥਾਨ ਅਸੈਂਬਲੀ ਵਿੱਚ ਪੇਸ਼ ਕੀਤੀ ਸੀ। ਮੰਤਰੀ ਨੇ ਉਦੋਂ ਦਾਅਵਾ ਕੀਤਾ ਸੀ ਕਿ ਡਾਇਰੀ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਥਿਤ ਗੈਰਕਾਨੂੰਨੀ ਵਿੱਤੀ ਲੈਣ-ਦੇਣ ਦੇ ਹਿਸਾਬ ਦੀ ਤਫ਼ਸੀਲ ਹੈ। ਸ੍ਰੀ ਮੋਦੀ ਨੇ ਗਹਿਲੋਤ ਸਰਕਾਰ ਨੂੰ ਸੂਬੇ ਵਿੱਚ ਲੀਕ ਹੋਏ ਵੱਖ ਵੱਖ ਭਰਤੀ ਪ੍ਰੀਖਿਆਵਾਂ ਦੇ ਪਰਚਿਆਂ ਲਈ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਪੇਪਰ ਲੀਕ ਇੰਡਸਟਰੀ ਚੱਲ ਰਹੀ ਹੈ ਤੇ ਨੌਜਵਾਨਾਂ ਦੇ ਸੁਫ਼ਨੇ ਪੂਰੇ ਕਰਨ ਲਈ ਕਾਂਗਰਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਹੋਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਐਤਕੀਂ ਇਕੋ ਨਾਅਰਾ ‘ਨਹੀਂ ਸਹੇਗਾ ਰਾਜਸਥਾਨ’ ਹੈ। ਰਾਜਸਥਾਨ ਧੀਆਂ-ਭੈਣਾਂ ’ਤੇ ਅੱਤਿਆਚਾਰ ਨਹੀਂ ਸਹੇਗਾ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਅੱਜ ਇਕੋ ਆਵਾਜ਼ ਤੇ ਇਕੋ ਨਾਅਰਾ ਹੈ- ਕਮਲ ਜਿੱਤੇਗਾ, ਕਮਲ ਖਿੜੇਗਾ।
ਸ੍ਰੀ ਮੋਦੀ ਨੇ ਕਾਂਗਰਸ ਨੂੰ ਦੇਸ਼ ਦੀ ਸਭ ਤੋਂ ਵੱਡੀ ਦਿਸ਼ਾਹੀਣ ਪਾਰਟੀ ਦੱਸਦਿਆਂ ਕਿਹਾ, ‘‘ਉਨ੍ਹਾਂ ਦਾ ਢੰਗ ਤਰੀਕਾ ਉਹੀ ਹੈ, ਜੋ ਦੇਸ਼ ਦੇ ਦੁਸ਼ਮਣਾਂ ਵੱਲੋਂ ਅਪਣਾਇਆ ਜਾਂਦਾ ਹੈ।’’ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਤੁਲਨਾ ਈਸਟ ਇੰਡੀਆ ਕੰਪਨੀ ਤੇ ਸਿਮੀ ਨਾਲ ਕਰਦਿਆਂ ਕਿਹਾ ਕਿ ਮਹਿਜ਼ ਦੇਸ਼ ਦਾ ਨਾਮ ਇਸਤੇਮਾਲ ਕਰਕੇ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ, ‘‘ਇੰਡੀਆ ਤਾਂ ਈਸਟ ਇੰਡੀਆ ਕੰਪਨੀ ਦੇ ਨਾਮ ਵਿੱਚ ਸੀ, ਪਰ ਉਨ੍ਹਾਂ ਦਾ ਇਰਾਦਾ ਦੇਸ਼ ਨੂੰ ਲੁੱਟਣ ਦਾ ਸੀ। ਦਹਿਸ਼ਤੀ ਜਥੇਬੰਦੀ ‘ਸਿਮੀ’, ਜਿਸ ਨੇ ਪਾਬੰਦੀ ਲੱਗਣ ਮਗਰੋਂ ਆਪਣਾ ਨਾਮ ‘ਪਾਪੂਲਰ ਫਰੰਟ ਆਫ ਇੰਡੀਆ’ (ਪੀਐੱਫਆਈ) ਰੱਖ ਲਿਆ ਸੀ, ਦੇ ਨਾਂ ਵਿੱਚ ਵੀ ਇੰਡੀਆ ਸੀ ਤੇ ਜਥੇਬੰਦੀ ਦਾ ਦਹਿਸ਼ਤੀ ਹਮਲਿਆਂ ਜ਼ਰੀਏ ਭਾਰਤ ਨੂੰ ਤਬਾਹ ਕਰਨ ਦਾ ਇਰਾਦਾ ਸੀ।’’ ਮੋਦੀ ਨੇ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ, ਪਰ ਉਨ੍ਹਾਂ ਦੇ ਪੈਰਾਂ ਵਿੱਚ ਕੋਈ ਦਿੱਕਤ ਹੋਣ ਕਰਕੇ ਉਹ ਨਹੀਂ ਆ ਸਕੇ। ਉਨ੍ਹਾਂ ਕਿਹਾ, ‘‘ਉਹ (ਗਹਿਲੋਤ) ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹਨ। ਮੈਂ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ।’’

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਰਾਜਕੋਟ ਵਿੱਚ ਨਵੇਂ ਬਣੇ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਵੀ ਮੌਜੂਦ ਸਨ।