ਸਰਕਾਰ ਦੇ ‘ਮਾੜੇ’ ਪ੍ਰਬੰਧਾਂ ਕਾਰਨ ਆਇਆ ਹੜ੍ਹ: ਪੁਰੋਹਿਤ

ਸਰਕਾਰ ਦੇ ‘ਮਾੜੇ’ ਪ੍ਰਬੰਧਾਂ ਕਾਰਨ ਆਇਆ ਹੜ੍ਹ: ਪੁਰੋਹਿਤ

ਜਲੰਧਰ- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਲੋਹੀਆਂ ਬਲਾਕ ਵਿੱਚ ਹੜ੍ਹ ਮਾਰੇ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਈ ਕੇਂਦਰੀ ਟੀਮ ਆਉਂਦੇ 15 ਦਿਨਾਂ ਵਿੱਚ ਆਪਣਾ ਸਰਵੇਖਣ ਪੂਰਾ ਕਰਕੇ ਰਿਪੋਰਟ ਸੌਂਪ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੇ ਆਧਾਰ ’ਤੇ ਹੀ ਹੜ੍ਹ ਪੀੜਤਾਂ ਲਈ ਮੁਆਵਜ਼ਾ ਜਾਰੀ ਕੀਤਾ ਜਾਵੇਗਾ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਮਾਰੇ ਖੇਤਰ ਵਿੱਚ ਕੀਤੇ ਗਏ ਰਾਹਤ ਅਤੇ ਮੁੜ ਵਸੇਬਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਗਿੱਦੜਪਿੰਡੀ ਵਾਸੀਆਂ ਵੱਲੋਂ ਪ੍ਰਸ਼ਾਸਨਿਕ ਰਾਹਤ ਕਾਰਜਾਂ ’ਤੇ ਤਸੱਲੀ ਪ੍ਰਗਟਾਈ ਗਈ ਹੈ, ਜੋ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਅਗਲਾ ਕੰਮ ਪੀੜਤਾਂ ਨੂੰ ਖ਼ਰਾਬੇ ਦਾ ਬਣਦਾ ਮੁਆਵਜ਼ਾ ਦੇਣਾ ਹੈ, ਜਿਸ ਲਈ ਵੱਖ-ਵੱਖ ਵਿਭਾਗਾਂ ਵੱਲੋਂ ਸਰਵੇਖਣ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੱਲ ਕਰਦਿਆਂ ਸ੍ਰੀ ਪੁਰੋਹਿਤ ਨੇ ਕਿਹਾ ਕਿ ਇਸ ਸਾਲ ਮੌਸਮ ਵਿਭਾਗ ਵਲੋਂ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਸੀ ਤੇ ਪਾਣੀ ਛੱਡਣ ਸੰਬਧੀ ਵੀ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ, ਪਰ ਸੂਬਾ ਸਰਕਾਰ ਵੱਲੋਂ ਸਮਾਂ ਰਹਿੰਦੇ ਡਰੇਨਾਂ ਤੇ ਵਡੇ ਨਾਲਿਆਂ ਦੀ ਸਫ਼ਾਈ ਨਾ ਕਰਵਾਉਣ ਕਾਰਨ ਸੂਬਾ ਵਾਸੀਆਂ ਨੂੰ ਮੀਂਹ ਦੀ ਵਧੇਰੇ ਮਾਰ ਝੱਲਣੀ ਪਈ ਹੈ। ਇਸ ਮੌਕੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਪਿੰਡ ਗਿੱਦੜਪਿੰਡੀ ਦੇ ਪੁਲ ’ਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਪੁਰੋਹਿਤ ਨੇ ਕਿਹਾ ਕਿ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਅੱਗੇ ਚੱਲ ਕੇ ਸੂਬਾ ਵਾਸੀਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ’ਚ ਪਏ ਪਾੜ ਕਾਰਨ ਵੱਡੀ ਗਿਣਤੀ ਵਿੱਚ ਫ਼ਸਲਾਂ ਨੁਕਸਾਨੀਆਂ ਗਈਆਂ ਹਨ, ਜਿਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੀ ਮੁਫ਼ਤ ਪਨੀਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਤੇ ਹੋਰਨਾਂ ਅਧਿਕਾਰੀਆਂ ਨੇ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਦੱਸਿਆ।

ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1657.73 ਫੁੱਟ ਪੁੱਜਿਆ
ਨੰਗਲ : ਪਹਾੜੀ ਖੇਤਰਾਂ ’ਚ ਹੋ ਰਹੀ ਬਰਸਾਤ ਕਾਰਨ ਜਿੱਥੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਅੱਜ ਦੇਰ ਸ਼ਾਮ ਭਾਖੜਾ ਡੈਮ ਨਾਲ ਲਗਦੀ ਗੋਬਿੰਦ ਸਾਗਰ ਝੀਲ ਦਾ ਪੱਧਰ 1657.73 ਫੁੱਟ ਦਰਜ ਕੀਤਾ ਗਿਆ। ਗੋਬਿੰਦ ਸਾਗਰ ਝੀਲ ਵਿਚ ਅੱਜ ਪਾਣੀ ਦੀ ਆਮਦ 54,366 ਹੋ ਗਈ ਜਦੋਂਕਿ 41,885 ਕਿਊਸਿਕ ਪਾਣੀ ਭਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਹਾਈਡਲ ਨਹਿਰ ’ਚ 10,150 ਕਿਊਸਿਕ, ਨੰਗਲ ਹਾਈਡਲ ਨਹਿਰ ’ਚ 12,350 ਕਿਊਸਿਕ, ਜਦੋਂਕਿ ਸਤਲੁਜ ਦਰਿਆ ਵਿਚ 18,600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਸਤਲੁਜ ਦਰਿਆ ਨਾਲ ਲਗਦੇ ਪਿੰਡਾਂ ਦੇ ਲੋਕਾਂ ਦੇ ਸਾਹ ਸੁੱਕੇ ਹੋਏ ਹਨ ਕਿਉਂਕਿ ਜੇ ਵਿਭਾਗ 18,600 ਕਿਊਸਿਕ ਤੋਂ ਵੱਧ ਸਤਲੁਜ ਵਿਚ ਪਾਣੀ ਛੱਡਦਾ ਹੈ ਤਾਂ ਕੰਢੇ ’ਤੇ ਵਸੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਵਿਚੋਂ ਲੰਘਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਗੋਬਿੰਦ ਸਾਗਰ ਝੀਲ ਵਿਚ 1680 ਫੁੱਟ ਤੱਕ ਪਾਣੀ ਸਟੋਰ ਕੀਤਾ ਜਾਂਦਾ ਹੈ ਪਰ ਵਿਸ਼ੇਸ਼ ਹਾਲਾਤ ਵਿਚ ਇਸ ਨੂੰ 1685 ਫੁੱਟ ਤੱਕ ਵੀ ਸਟੋਰ ਕੀਤਾ ਜਾ ਸਕਦਾ ਹੈ। 65 ਵਰਗ ਮੀਲ ਖੇਤਰ ਵਿਚ ਫੈਲੀ ਗੋਬਿੰਦ ਸਾਗਰ ਝੀਲ ਵਿਚ 7.8 ਮਿਲੀਅਨ ਏਕੜ ਫੁੱਟ ਪਾਣੀ ਸਟੋਰ ਕਰਨ ਦੀ ਸਮੱਰਥਾ ਹੈ। ਜ਼ਿਕਰਯੋਗ ਹੈ ਕਿ 20 ਸਤੰਬਰ ਤੱਕ ਝੀਲ ਵਿਚ ਵਧੇਰੇ ਪਾਣੀ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਝੀਲ ਵਿਚ ਸਟੋਰ ਕੀਤੇ ਗਏ ਪਾਣੀ ਨੂੰ ਅਗਲੇ ਸਾਲ ਤੱਕ ਬਿਜਲੀ ਉਤਪਾਦਨ ਅਤੇ ਸਿੰਜਾਈ ਲਈ ਵਰਤਿਆ ਜਾਂਦਾ ਹੈ।