ਗੁਰਦੁਆਰਾ ਸਾਹਿਬ ਫੇਅਰਫੀਲਡ ਖਾਲਸਾਈ ਰੰਗਾਂ ਵਿੱਚ ਰੰਗਿਆ ਗਿਆ

ਗੁਰਦੁਆਰਾ ਸਾਹਿਬ ਫੇਅਰਫੀਲਡ ਖਾਲਸਾਈ ਰੰਗਾਂ ਵਿੱਚ ਰੰਗਿਆ ਗਿਆ


ਗੁਰਦੁਆਰਾ ਸਾਹਿਬ ਫੇਅਰਫੀਲਡ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਗਿਆ

17 ਅਪ੍ਰੈਲ 2022 ਦਾ ਦਿਨ ਸੋਲਾਨੋ ਅਤੇ ਨਾਪਾ ਕਾਉਂਟੀਆਂ ਦੀਆਂ ਸਿੱਖ ਸੰਗਤਾਂ ਦੇ ਲਈ ਇਕ ਸੁਨਹਿਰੀ ਯਾਦ ਬਣ ਗਿਆ ਹੈ। ਜਿਵੇਂ ਹੀ ਇੱਕ ਠੰਡੀ ਸਵੇਰ ਨੂੰ ਸੂਰਜ ਦੀਆਂ ਪਹਿਲੀਆਂ ਕਿਰਨਾਂ ਨੇ ਛੂਹਿਆ, ਫੇਅਰਫਾਈਡ ਗੁਰੂਘਰ ਖਾਲਸਾਈ ਰੰਗਾਂ ਅਤੇ ਚਿੰਨ੍ਹਾਂ ਵਿੱਚ ਰੰਗਿਆ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ। ਇਸ ਨਜ਼ਾਰੇ ਵਿੱਚੋਂ ਚੜ੍ਹਦੀ ਕਲਾ ਅਤੇ ਦਿ੍ਰੜ੍ਹਤਾ ਦੀ ਭਾਵਨਾਵਾਂ ਡੁੱਲ੍ਹ ਡੁੱਲ੍ਹ ਪੈਂਦੀਆਂ ਸਨ। ਇਤਿਹਾਸਕ ਦਿਹਾੜੇ ਦੀ ਖੁਸ਼ੀ ਨਾਲ, ਦਿਲ ਵਿੱਚ ਆਸਾਂ ਅਤੇ ਉਮੀਦਾਂ ਲੈਕੇ ਸੰਗਤਾਂ ਵੱਡੀ ਗਿਣਤੀ ਵਿੱਚ ਗੁਰੂਘਰ ਪੁੱਜੀਆਂ। ਜਿਵੇਂ ਕਿ ਕਿਸੇ ਰੁਹਾਨੀ ਸ਼ਕਤੀ ਨੇ ਚਮਤਕਾਰ ਕੀਤਾ ਹੋਵੇ, ਠੰਡੀ ਸਵੇਰ ਇੱਕ ਨਿੱਘੇ ਧੁੱਪ ਵਾਲੇ ਬਸੰਤੀ ਦਿਨ ਵਿੱਚ ਤਬਦੀਲ ਹੋ ਗਈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਦਰਬਾਰ ਹਾਲ ਦੇ ਬਾਹਰ ਇਕੱਠੀਆਂ ਹੋਣ ਲੱਗੀਆਂ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਅਤੇ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਦੀ ਰਸਮ ਸ਼ੁਰੂ ਹੋਈ। ਗੁਰੂਘਰ ਦੇ ਗ੍ਰੰਥੀ ਸਿੰਘਾਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਅਤੇ ਪ੍ਰੋਜੈਕਟ ਦੀ ਸਫਲਤਾ ਲਈ ਅਰਦਾਸ ਕੀਤੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜਦੇ ਮਾਹੌਲ ਵਿੱਚ ਪੰਜ ਪਿਆਰਿਆਂ ਨੇ ਮਿਟੀ ਪੁੱਟਣ ਦੀ ਰਸਮ ਅਦਾ ਕੀਤੀ। ਜਿਸ ਉਪਰੰਤ ਪ੍ਰਧਾਨ ਬਲਰਾਜ ਸਿੰਘ ਧਨੋਆ ਨੇ ਇਸ ਇਤਿਹਾਸਕ ਦਿਹਾੜੇ ਦੀ ਯਾਦਗਾਰੀ ਤਖ਼ਤੀ ਤੋਂ ਪਰਦਾ ਹਟਾਇਆ ਅਤੇ ਰਸਮੀ ਕਾਰਵਾਈ ਦੀ ਸਮਾਪਤੀ ਕੀਤੀ। ਸਾਰਾ ਦਿਨ ਨਿਮਰਤਾ, ਹਲੀਮੀ, ਚੜ੍ਹਦੀ ਕਲਾ, ਆਸ, ਉਮੀਦ, ਖੁਸ਼ੀ, ਅਤੇ ਭਾਈਚਾਰਕ ਏਕਤਾ ਦੇ ਅਨੋਖੇ ਸੁਮੇਲ ਵਿੱਚ ਭਿੱਜੀਆ ਜਾਪਿਆ।
ਸੰਗਤ ਨੇ ਇਸ ਪ੍ਰੋਜੈਕਟ ਲਈ ਪੂਰਾ ਸਮਰਥਨ ਪ੍ਰਗਟ ਕੀਤਾ ਅਤੇ ਇੱਕ ਦਿਨ ਵਿੱਚ ਹੀ ਨਵੀਂ ਬਿਲਡਿੰਗ ਫੰਡ ਲਈ 165,000 ਤੋਂ ਵੱਧ ਦਾ ਦਾਨ ਦਿਲ ਖੋਲ੍ਹ ਕੇ ਦਿੱਤਾ। ਸੰਗਤਾਂ ਦੇ ਪੂਰਨ ਸਹਿਯੋਗ ਅਤੇ ਨਿਰੰਤਰ ਉਦਾਰਤਾ ਨਾਲ ਇਸ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਜਾਵੇਗਾ।
ਕੋਈ ਵੀ ਸੰਗਤ ਦਾ ਮੈਂਬਰ gnst1313@.gmail.com ਈਮੇਲ ਰਾਹੀਂ Zelle ਸਰਵਿਸ ਨਾਲ ਗੁਰੂਘਰ ਦੇ Bank of America ਦੇ ਅਕਾਊਂਟ ਵਿੱਚ ਨਵੀਂ ਇਮਾਰਤ ਫੰਡ ਲਈ ਸਿੱਧੇ ਪੈਸੇ ਜਮਾਂ ਕਰਾ ਸਕਦਾ ਹੈ।
ਗੁਰੂਘਰ ਪ੍ਰਬੰਧਕ ਕਮੇਟੀ ਸਾਰੇ ਸੇਵਾਦਾਰਾਂ, ਸੰਗਤਾਂ ਅਤੇ ਸਥਾਨਕ ਕਾਰੋਬਾਰੀਆਂ ਅਤੇ ਰੈਸਟੋਰੈਂਟਾਂ ਦੇ ਸਹਿਯੋਗ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਵਾਹਿਗੁਰੂ ਸਭ ਨੂੰ ਚੜਦੀ ਕਲਾ ਬਖਸ਼ਣ।